ਸਿੱਖਿਆ ਬੋਰਡ ਵੱਲੋਂ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਖੰਗੂੜਾ ਸਣੇ ਤਿੰਨ ਮੁਅੱਤਲ

ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਅਤੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਆਹਮੋ-ਸਾਹਮਣੇ ਆ ਗਏ ਹਨ। ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਜਿੱਥੇ ਬੋਰਡ ਮੈਨੇਜਮੈਂਟ ’ਤੇ ਘਪਲੇਬਾਜ਼ੀ ਕਰਨ ਦਾ ਦੋਸ਼ ਲਗਾਉਂਦੇ ਆ ਰਹੇ ਹਨ, ਉੱਥੇ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਵੱਲੋਂ ਦੋ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿੱਚ ਵੱਡੇ ਪੱਧਰ ’ਤੇ ਖ਼ਾਮੀਆਂ ਕੱਢਦੇ ਹੋਏ ਬੋਰਡ ਦੇ ਸੀਨੀਅਰ ਸਹਾਇਕ ਤੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਦੋ ਹੈਲਪਰਾਂ ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਫਾਰਮੇਸੀ ਕੌਂਸਲ ਵੱਲੋਂ ਬੋਰਡ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਬੋਰਡ ਨੂੰ ਭੇਜੇ ਗਏ ਸਨ। ਬੋਰਡ ਵੱਲੋਂ ਸਬੰਧਤ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ’ਤੇ ਦੋ ਰਿਪੋਰਟਾਂ ਭੇਜੀਆਂ ਗਈਆਂ। ਪਹਿਲੀ ਵਾਰ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਅਤੇ ਦੂਜੀ ਰਿਪੋਰਟ ਵਿੱਚ ਜਾਅਲੀ ਹੋਣ ਬਾਰੇ ਕਿਹਾ ਗਿਆ।
ਬੋਰਡ ਮੈਨੇਜਮੈਂਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਯੁਕਤ ਸਕੱਤਰ ਤੋਂ ਪੜਤਾਲ ਕਰਵਾਈ ਗਈ। ਜਾਂਚ ਅਧਿਕਾਰੀ ਨੇ ਸਬੰਧਤ ਰਿਕਾਰਡ ਅਤੇ ਬੋਰਡ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ ਪੇਸ਼ ਕੀਤੀ ਜਾਂਚ ਰਿਪੋਰਟ ਅਨੁਸਾਰ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿੱਚ ਵੱਡੇ ਪੱਧਰ ’ਤੇ ਖ਼ਾਮੀਆਂ ਪਾਈਆਂ ਗਈਆਂ ਅਤੇ ਕੇਸ ਨਾਲ ਸਬੰਧਤ ਰਿਕਾਰਡ ਨਾਲ ਛੇੜਛਾੜ ਕਰਨ ਦੀ ਗੱਲ ਕਹੀ ਗਈ। ਜਾਂਚ ਉਪਰੰਤ ਸੀਨੀਅਰ ਸਹਾਇਕ ਪਰਵਿੰਦਰ ਸਿੰਘ, ਦੋ ਹੈਲਪਰਾਂ ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ। ਜਦੋਂਕਿ ਦਿਹਾੜੀਦਾਰ ਜਗਤਾਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਸਦਾ ਹੈੱਡ-ਕੁਆਟਰ ਖੇਤਰੀ ਦਫ਼ਤਰ, ਰੂਪਨਗਰ ਵਿੱਚ ਸ਼ਿਫ਼ਟ ਕੀਤਾ ਗਿਆ।
ਮੁਅੱਤਲੀ ਪੱਤਰ ਅਨੁਸਾਰ ਭ੍ਰਿਸ਼ਟਾਚਾਰ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਮਾਮਲੇ ਦੀ ਤੈਅ ਤੱਕ ਜਾਣ ਲਈ ਮੁਹਾਲੀ ਪੁਲੀਸ ਨੂੰ ਪਰਚਾ ਦਰਜ ਕਰਨ ਲਈ ਲਿਖਿਆ ਜਾ ਰਿਹਾ ਹੈ, ਤਾਂ ਜੋ ਇਸ ਫਰਜ਼ੀਵਾੜੇ ਦਾ ਪਰਦਾਫਾਸ਼ ਹੋ ਸਕੇ। ਬੋਰਡ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੋਰਡ ਦਫ਼ਤਰ ਤੋਂ ਸਰਟੀਫਿਕੇਟ, ਸੈਕਿੰਡ ਕਾਪੀ ਦੀ ਪ੍ਰਾਪਤੀ ਜਾਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਨਿਰਧਾਰਿਤ ਵਿਧੀ ਅਨੁਸਾਰ ਹੀ ਕਰਵਾਈ ਜਾਵੇ ਅਤੇ ਅਣਅਧਿਕਾਰਤ ਜਾਂ ਗਲਤ ਅਨਸਰਾਂ ਦੇ ਜਾਲ ਵਿੱਚ ਫਸਣ ਤੋਂ ਬਚਿਆ ਜਾਵੇ।
ਉਧਰ, ਦੂਜੇ ਪਾਸੇ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਬੋਰਡ ਮੈਨੇਜਮੈਂਟ ਜਿਨ੍ਹਾਂ ਸਰਟੀਫਿਕੇਸ਼ਨਾਂ ਦੀ ਵੈਰੀਫਿਕੇਸ਼ਨ ਦੀ ਗੱਲ ਕਰ ਰਹੀ ਹੈ, ਉਹ ਮੁਹਾਲੀ ਨਾਲ ਸਬੰਧਤ ਹਨ ਜਦੋਂਕਿ ਉਨ੍ਹਾਂ ਕੋਲ ਸੰਗਰੂਰ ਅਤੇ ਤਰਨ ਤਾਰਨ ਦਾ ਚਾਰਜ ਹੈ। ਖੰਗੂੜਾ ਨੇ ਕਿਹਾ ਕਿ ਉਹ ਲਗਾਤਾਰ ਬੋਰਡ ਮੈਨੇਜਮੈਂਟ ਦੇ ਘਪਲਿਆਂ ਵਿਰੁੱਧ ਆਵਾਜ਼ ਚੁੱਕਦੇ ਆ ਰਹੇ ਹਨ ਅਤੇ ਜਾਂਚ ਅਧਿਕਾਰੀ ਨਾਲ ਵੀ ਉਨ੍ਹਾਂ ਦਾ ਸਿੱਧਾ ਪੇਚਾ ਹੈ। ਜਿਸ ਕਾਰਨ ਉਨ੍ਹਾਂ ਨੂੰ ਖੁੰਦਕ ਵਿੱਚ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਨੇ ਜਾਂਚ ਨੂੰ ਤੱਥਾਂ ਤੋਂ ਦੂਰ ਦੱਸਦਿਆਂ ਕਿਹਾ ਕਿ ਬੋਰਡ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਹੈ ਅਤੇ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…