
ਬਹਾਦਰਗੜ੍ਹ ਨੇੜੇ ਤਿੰਨ ਵਾਹਨ ਆਪਸ ਵਿੱਚ ਟਕਰਾਏ, ਜਾਨੀ ਨੁਕਸਾਨ ਬਚਾਅ
ਜਗਮੋਹਨ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 6 ਫਰਵਰੀ:
ਪਟਿਆਲਾ-ਰਾਜਪੁਰਾ ਨੈਸ਼ਨਲ ਹਾਈਵੇਅ ਉੱਤੇ ਸੋਮਵਾਰ ਸਵੇਰੇ ਅੱਠ ਵਜੇ ਬਹਾਦਰਗੜ੍ਹ ਵਿੱਚ ਤਿੰਨ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਲੇਕਿਨ ਹਾਦਸੇ ਵਿੱਚ ਤਿੰਨੇ ਵਾਹਨ ਬੂਰੀ ਨੁਕਸਾਨੇ ਗਏ ਹਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਦੀ ਇਕ ਬੱਸ ਪਟਿਆਲਾ ਤੋਂ ਮੁਹਾਲੀ ਜਾ ਰਹੀ ਸੀ ਜਦੋਂ ਇਹ ਬੱਸ ਬਹਾਦਰਗੜ੍ਹ ਤੋਂ ਚੱਲੀ ਤਾਂ ਥੋੜੀ ਦੂਰ ਤਕ ਜਾਣ ਉਪਰੰਤ ਹੀ ਇਸ ਬੱਸ ਦ ਅੱਗੇ ਜਾ ਰਹੀ ਜਸਦੇਵ ਸੰਧੂ ਸਕੂਲ ਤੇ ਕਾਲਜ ਦੀ ਬੱਸ ਨੇ ਇਕਦਮ ਬਰੇਕਾਂ ਲਗਾ ਦਿਤੀਆਂ, ਜਿਸ ਕਾਰਨ ਪੀ ਆਰ ਟੀ ਸੀ ਦੀ ਬੱਸ ਨੇ ਵੀ ਬਰੇਕਾਂ ਲਗਾ ਦਿਤੀਆਂ, ਪੀ ਆਰ ਟੀ ਸੀ ਬੱਸ ਦੇ ਪਿੱਛੇ ਆ ਰਿਹਾ ਮਿੰਨੀ ਟਰੱਕ ਤੇਜ ਰਫਤਾਰ ਨਾਲ ਪੀ ਆਰ ਟੀ ਸੀ ਦੀ ਬੱਸ ਦੇ ਪਿਛਲੇ ਪਾਸੇ ਆ ਵਜਿਆ, ਜਿਸ ਕਾਰਨ ਪੀ ਆਰ ਟੀ ਸੀ ਦੀ ਬੱਸ ਆਪਣੇ ਅੱਗੇ ਖੜੀ ਸਕੂਲ ਬੱਸ ਵਿਚ ਜਾ ਟਕਰਾਈ।
ਇਸ ਹਾਦਸੇ ਵਿਚ ਪੀ ਆਰ ਟੀ ਸੀ ਬੱਸ,ਸਕੂਲ ਬੱਸ ਅਤੇ ਮਿੰਨੀ ਟੱਰਕ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਇਹਨਾਂ ਤਿੰਨੇ ਵਾਹਨਾਂ ਦੇ ਸ਼ੀਸ਼ੇ ਟੁੱੱਟ ਗਏ। ਇਸ ਹਾਦਸੇ ਵਿਚ ਕਿਸੇ ਵੀ ਵਿਅਕਤੀ ਦੇ ਸੱਟਾਂ ਤਾਂ ਨਹੀਂ ਲੱਗੀਆਂ ਪਰ ਜੋਰ ਦਾ ਝਟਕਾ ਬੱਸ ਵਿਚ ਬੈਠੀਆਂ ਸਾਰੀਆਂ ਹੀ ਸਵਾਰੀਆਂ ਨੂੰ ਲਗਿਆ। ਇਸ ਹਾਦਸੇ ਕਾਰਨ ਉਸ ਥਾਂ ਉਪਰ ਲੰਮਾਂ ਜਾਮ ਲੱਗ ਗਿਆ ਅਤੇ ਦੋਵੇਂ ਪਾਸੇ ਕਈ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਹਾਦਸੇ ਵਾਲੀ ਥਾਂ ਉਪਰ ਪੁਲੀਸ ਹਾਦਸੇ ਤੋਂ ਇਕ ਘੰਟਾ ਬਾਅਦ ਪਹੁੰਚੀ ਜਿਸਨੇ ਵਾਹਨਾਂ ਨੂੰ ਪਾਸੇ ਕਰਵਾ ਕੇ ਰਸਤਾ ਖੁਲਵਾਇਆ।
ਹਾਦਸਾ ਗ੍ਰਸਤ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਹਾਦਸੇ ਤੋਂ ਤੁਰੰਤ ਬਾਅਦ ਹਾਦਸੇ ਦੀ ਸੂਚਨਾ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਕੇ ਮੌਕੇ ਉੱਤੇ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਲ ’ਤੇ ਪਹੁੰਚਾਉਣ ਲਈ ਬੱਸ ਭੇਜਣ ਬਾਰੇ ਕਿਹਾ ਗਿਆ ਪਰ ਪੀਆਰਟੀਸੀ ਦੀ ਅਗਲੀ ਬੱਸ ਪੂਰੇ ਸਵਾ ਘੰਟੇ ਬਾਅਦ ਪਹੁੰਚੀ। ਬਹਾਦਰਗੜ੍ਹ ਵਿੱਚ ਫਲਾਈ ਓਵਰ ਦੀ ਉਸਾਰੀ ਹੋਣ ਕਾਰਨ ਰਸਤਾ ਹਮੇਸ਼ਾ ਵਾਂਗ ਹੀ ਜਾਮ ਰਹਿੰਦਾ ਹੈ ਅਤੇ ਉਥੇ ਹਰ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ।