
ਸੈਕਟਰ-77 ਦਾ ਬੂਸਟਰ ਚਾਲੂ ਕਰਨ ਲਈ ਤਿੰਨ ਹਫ਼ਤੇ ਦਾ ਅਲਟੀਮੇਟਮ, ਭੁੱਖ-ਹੜਤਾਲ ਦੀ ਚਿਤਾਵਨੀ
ਗਰਮੀ ਦਾ ਸੀਜ਼ਨ ਸ਼ੁਰੂ ਹੋਣ ਨਾਲ ਪਾਣੀ ਦੀ ਮੰਗ ਵਧਣ ਦੀ ਸੰਭਾਵਨਾ: ਕੁਲਜੀਤ ਬੇਦੀ
ਗਰਮੀ ਵਿੱਚ ਨਹਿਰੀ ਪਾਣੀ ਨਾਲ ਹੀ ਬੁਝੇਗੀ ਸ਼ਹਿਰ ਵਾਸੀਆਂ ਦੀ ਪਿਆਸ
ਨਬਜ਼-ਏ-ਪੰਜਾਬ, ਮੁਹਾਲੀ, 9 ਅਪਰੈਲ:
ਇੱਥੋਂ ਦੇ ਸੈਕਟਰ-77 ਸਥਿਤ ਪਾਣੀ ਦੇ ਬੂਸਟਰ ਨੂੰ ਚਾਲੂ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਿੰਨ ਹਫ਼ਤਿਆਂ ਦੇ ਅੰਦਰ ਇਹ ਬੂਸਟਰ ਚਾਲੂ ਨਾ ਕੀਤਾ ਗਿਆ ਤਾਂ ਉਹ ਗਮਾਡਾ ਦਫ਼ਤਰ ਦੇ ਬਾਹਰ ਭੁੱਖ-ਹੜਤਾਲ ਅਤੇ ਧਰਨਾ ’ਤੇ ਬੈਠਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਗਮਾਡਾ ਦੀ ਹੋਵੇਗੀ। ਇਸ ਸਬੰਧੀ ਉਨ੍ਹਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਐਕਸੀਅਨ ਪਬਲਿਕ ਹੈਲਥ ਨੂੰ ਪੱਤਰ ਵੀ ਲਿਖਿਆ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੈਕਟਰ-77 ਵਿੱਚ ਗਮਾਡਾ ਵੱਲੋਂ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ ਜੰਡਪੁਰ ਤੋਂ ਆ ਰਹੀ ਪਾਈਪਲਾਈਨ ਨਾਲ ਬੂਸਟਰ ਨੂੰ ਜੋੜਿਆ ਗਿਆ ਸੀ। ਇੱਥੋਂ ਸੈਕਟਰ-77\78 ਅਤੇ ਪਿੰਡ ਸੋਹਾਣਾ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਣੀ ਹੈ। ਕਈ ਮਹੀਨਿਆਂ ਤੋਂ ਇਹ ਬੂਸਟਰ ਸਿਸਟਮ ਤਿਆਰ ਹੋ ਚੁੱਕਾ ਹੈ, ਸਾਰਾ ਬੁਨਿਆਦੀ ਢਾਂਚਾ ਤਿਆਰ ਹੈ ਪਰ ਪਤਾ ਨਹੀਂ ਕਿਉਂ ਇਸ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ ਜਾਂ ਸ਼ਾਇਦ ਹਾਲੇ ਮਹੂਰਤ ਨਹੀਂ ਕੱਢਿਆ ਗਿਆ।
ਕੁਲਜੀਤ ਬੇਦੀ ਨੇ ਕਿਹਾ ਕਿ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ ਅਤੇ ਸ਼ਹਿਰ ਵਿੱਚ ਪਾਣੀ ਦੀ ਮੰਗ ਵਧਣ ਦੇ ਆਸਾਰ ਹਨ। ਟਿਊਬਵੈੱਲ ਲੋਕਾਂ ਦੀ ਪਿਆਸ ਬੁਝਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਉਕਤ ਇਲਾਕਿਆਂ ਦੇ ਬਹੁਤ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਬੂਸਟਰ ਚਾਲੂ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨਾਲ ਪੂਰੇ ਇਲਾਕੇ ਵਿੱਚ ਜਲ ਸਪਲਾਈ ਦਾ ਮਸਲਾ ਹੱਲ ਹੋ ਜਾਵੇਗਾ ਪ੍ਰੰਤੂ ਪਤਾ ਨਹੀਂ ਕਿਉਂ ਬੂਸਟਰ ਤੋਂ ਸਪਲਾਈ ਦਾ ਕੰਮ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ।