nabaz-e-punjab.com

ਦੋ ਧਿਰਾਂ ਦੀ ਲੜਾਈ ਵਿੱਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ, ਬਲੌਂਗੀ ਥਾਣੇ ’ਚ ਕੇਸ ਦਰਜ, ਹਮਲਾਵਰ ਫਰਾਰ

ਸੀਨੀਅਰ ਕਾਂਗਰਸ ਆਗੂ ਦੇ ਨਜ਼ਦੀਕੀ ਬਾਊਸਰ ਹਰਪਾਲ ਸਿੰਘ ਦਾ ਨਾਂ ਵੀ ਸਾਹਮਣੇ ਆਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਮੁਹਾਲੀ ਏਅਰਪੋਰਟ ਸੜਕ ’ਤੇ ਨਾਰਥ ਕੰਟਰੀ ਮਾਲ ਦੇ ਨੇੜੇ ਦੋ ਧਿਰਾਂ ਵਿੱਚ ਹੋਈ ਲੜਾਈ ਦੌਰਾਨ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀ ਅਕਸ਼ੇ ਕੁਮਾਰ, ਸੰਨ੍ਹੀ ਮੁਹਾਲੀ ਅਤੇ ਸ਼ਿਵਜੋਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਘਟਨਾ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਪ੍ਰੰਤੂ ਪੁਲੀਸ ਅੱਜ ਉਸ ਸਮੇਂ ਪਤਾ ਲੱਗਾ ਜਦੋਂ ਸਰਕਾਰੀ ਹਸਪਤਾਲ ’ਚੋਂ ਬਲੌਂਗੀ ਥਾਣੇ ਵਿੱਚ ਜ਼ਖ਼ਮੀਆਂ ਬਾਰੇ ਇਤਲਾਹ ਭੇਜੀ ਗਈ ਅਤੇ ਉਕਤ ਝਗੜੇ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ। ਸੂਚਨਾ ਮਿਲਦੇ ਹੀ ਪੁਲੀਸ ਹਰਕਤ ਵਿੱਚ ਆ ਗਈ ਅਤੇ ਤੁਰੰਤ ਛਾਣਬੀਣ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਕਤ ਝਗੜੇ ਸਬੰਧੀ ਪੁਲੀਸ ਨੇ ਜ਼ਖ਼ਮੀ ਅਕਸ਼ੇ ਕੁਮਾਰ ਵਾਸੀ ਪਿੰਡ ਸਿਰ ਕੱਪੜਾ (ਫਤਹਿਗੜ੍ਹ ਸਾਹਿਬ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬਾਊਸਰ ਹਰਪਾਲ ਸਿੰਘ ਸਮੇਤ 10-12 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307, 325, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਫਿਲਹਾਲ ਸਾਰੇ ਹਮਲਾਵਰ ਫਰਾਰ ਹਨ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਬਾਊਸਰ ਹਰਪਾਲ ਸਿੰਘ ਇਕ ਸੀਨੀਅਰ ਕਾਂਗਰਸ ਆਗੂ ਦਾ ਅਤਿ ਨਜ਼ਦੀਕੀ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅਕਸ਼ੇ ਕੁਮਾਰ, ਸੰਨ੍ਹੀ ਮੁਹਾਲੀ ਅਤੇ ਸ਼ਿਵਜੋਤ ਸਿੰਘ ਮੁਹਾਲੀ ਵਿੱਚ ਕਿਸੇ ਇਮੀਗਰੇਸ਼ਨ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਹਨ। ਬਾਊਸਰ ਹਰਪਾਲ ਸਿੰਘ ਦਾ ਭਰਾ ਵੀ ਇਮੀਗਰੇਸ਼ਨ ਦਾ ਕੰਮ ਕਰਦਾ ਹੈ। ਪਿਛਲੇ ਦਿਨੀਂ ਪਾਰਕਿੰਗ ਵਿੱਚ ਵਾਹਨ ਖੜਾਉਣ ਸਮੇਂ ਉਸ ਦੀ ਦੂਜੀ ਧਿਰ ਨਾਲ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਸੀ। ਇਸ ਸਬੰਧੀ ਮਟੌਰ ਥਾਣੇ ਵਿੱਚ ਸ਼ਿਕਾਇਤ ਪੈਂਡਿੰਗ ਹੈ। ਦੱਸਿਆ ਗਿਆ ਹੈ ਕਿ ਸ਼ਨਿਚਰਵਾਰ ਰਾਤ ਨੂੰ ਅਕਸ਼ੇ, ਸੰਨ੍ਹੀ ਅਤੇ ਸ਼ਿਵਜੋਤ ਆਪਣੀ ਸਵਿਫ਼ਟ ਕਾਰ ਵਿੱਚ ਆ ਰਹੇ ਸੀ। ਇਸ ਦੌਰਾਨ ਹਮਲਾਵਰਾਂ ਨੇ ਆਪਣੀ ਇਨੋਵਾ ਗੱਡੀ ਉਨ੍ਹਾਂ ਦੀ ਕਾਰ ਅੱਗੇ ਲਗਾ ਕੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ’ਚੋਂ ਇਕ ਨੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਲੇਕਿਨ ਉਹ ਕਾਫੀ ਡਰ ਗਏ ਅਤੇ ਆਪਣੀ ਕਾਰ ’ਚੋਂ ਥੱਲੇ ਨਹੀਂ ਉੱਤਰੇ। ਇਸ ਦੌਰਾਨ ਦੇਖਦੇ ਹੀ ਦੇਖਦੇ ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਦਿੱਤੀ ਅਤੇ ਜਦੋਂ ਉਹ ਆਪਣੀ ਜਾਨ ਬਚਾ ਕੇ ਭੱਜਣ ਲੱਗੇ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਕਾਫੀ ਕੁੱਟਮਾਰ ਕੀਤੀ ਅਤੇ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …