nabaz-e-punjab.com

ਗੈਂਗਰੇਪ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਤਿੰਨ ਨੌਜਵਾਨ ਬਰੀ

ਪੀੜਤ ਲੜਕੀ ਸਮੇਤ ਸਾਰੇ ਸਰਕਾਰੀ ਗਵਾਹ ਆਪਣੇ ਬਿਆਨਾਂ ਤੋਂ ਮੁੱਕਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਅਦਾਲਤ ਨੇ ਸਾਲ ਪੁਰਾਣੇ ਸਮੂਹਿਕ ਬਲਾਤਕਾਰ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਕਰਨਦੀਪ ਸਿੰਘ ਵਾਸੀ ਪਿੰਡ ਜਲਬੇੜਾ, ਕਮਲਜੋਤ ਸਿੰਘ ਉਰਫ਼ ਵਿੱਕੀ ਅਤੇ ਗੁਰਵਿੰਦਰ ਸਿੰਘ ਉਰਫ਼ ਮਾਨਾ ਦੋਵੇਂ ਵਾਸੀ ਪਿੰਡ ਫਤਹਿਪੁਰ ਜੱਟਾਂ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਨੂੰ ਨਿਰਦੋਸ਼ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ। ਇਸ ਮੌਕੇ ਜੱਜ ਨੇ ਉਕਤ ਤਿੰਨਾਂ ਨੌਜਵਾਨਾਂ ਨੂੰ ਸਮਾਜਿਕ ਜ਼ਾਬਤੇ ਵਿੱਚ ਰਹਿਣ ਦਾ ਪਾਠ ਪੜਾਇਆ ਗਿਆ। ਇਸ ਸਬੰਧੀ ਪੀੜਤ ਲੜਕੀ ਦੇ ਬਿਆਨਾਂ ’ਤੇ ਪਿਛਲੇ ਸਾਲ 26 ਮਈ 2019 ਨੂੰ ਉਕਤ ਤਿੰਨਾਂ ਨੌਜਵਾਨਾਂ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਆਈਪੀਸੀ ਦੀ ਧਾਰਾ 376ਡੀ, 328 ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਬਚਾਅ ਪੱਖ ਦੇ ਵਕੀਲ ਅਮਰਜੀਤ ਸਿੰਘ ਲੌਂਗੀਆਂ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਪੀੜਤ ਲੜਕੀ ਖ਼ੁਦ ਹੀ ਆਪਣੇ ਬਿਆਨਾਂ ਤੋਂ ਮੁੱਕਰ ਗਈ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਪੁਲੀਸ ਵੱਲੋਂ ਪੇਸ਼ ਕੀਤੇ ਗਏ ਸਾਰੇ ਸਰਕਾਰੀ ਗਵਾਹ ਵੀ ਆਪਣੇ ਬਿਆਨਾਂ ਤੋਂ ਮੁਕਰ ਗਏ। ਵਕੀਲ ਲੌਂਡੀਆਂ ਨੇ ਦੱਸਿਆ ਕਿ ਸਾਲ ਪਹਿਲਾਂ ਪੀੜਤ ਲੜਕੀ ਨੇ ਥਾਣਾ ਸਦਰ ਖਰੜ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਬੀਐਸਸੀ ਬਾਇਓ ਟੈਕਨਾਲੋਜੀ ਪਹਿਲਾ ਸਾਲ ਦੀ ਵਿਦਿਆਰਥਣ ਹੈ। ਉਸ ਨੂੰ ਵੱਟਸਐਪ ਨੰਬਰ ’ਤੇ ਕਰਨਦੀਪ ਸਿੰਘ ਵੱਲੋਂ ਹੈਲੋ ਦਾ ਮੈਸੇਜ ਭੇਜਿਆ ਗਿਆ। ਕੁਝ ਦਿਨਾਂ ਬਾਅਦ ਉਸ ਨੇ ਫੋਨ ’ਤੇ ਗੱਲ ਕੀਤੀ। ਇਸ ਮਗਰੋਂ ਉਨ੍ਹਾਂ ਦੀ ਆਪਸ ਵਿਚ ਕਈ ਵਾਰ ਗੱਲਬਾਤ ਹੋਈ ਅਤੇ ਉਹ ਚੰਗੇ ਦੋਸਤ ਬਣ ਗਏ। ਫਰਵਰੀ 2019 ਵਿੱਚ ਕਰਨਦੀਪ ਸਿੰਘ ਉਸ ਨੂੰ ਘੁਮਾਉਣ ਲਈ ਆਪਣੀ ਕਾਰ ਵਿਚ ਰਾਜਪੁਰਾ ਲੈ ਗਿਆ ਸੀ। ਜਿੱਥੇ ਉਸ ਨੂੰ ਧੋਖੇ ਨਾਲ ਕੁਝ ਖੁਆਇਆ ਪਿਆਇਆ ਗਿਆ ਅਤੇ ਉਹ ਅਚਾਨਕ ਬੇਹੋਸ਼ ਹੋ ਗਈ, ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਸਰੀਰ ’ਤੇ ਕੱਪੜੇ ਨਹੀਂ ਸਨ।
ਪੀੜਤ ਲੜਕੀ ਮੁਤਾਬਕ ਮਾਰਚ 2019 ਨੂੰ ਕਰਨਦੀਪ ਸਿੰਘ ਨੇ ਫੋਨ ਕਰਕੇ ਉਸ ਨੂੰ ਮਿਲਣ ਲਈ ਬੁਲਾਇਆ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਨਹੀਂ ਆਈ ਤਾਂ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਇਹ ਗੱਲ ਸੁਣ ਕੇ ਉਹ ਬਹੁਤ ਘਬਰਾ ਗਈ ਅਤੇ ਜਦੋਂ ਉਹ ਫਿਰ ਕਰਨਦੀਪ ਕੋਲ ਗਈ ਤਾਂ ਕਰਨ ਸਮੇਤ ਉਸ ਦੇ 2 ਹੋਰ ਦੋਸਤਾਂ ਕਮਲਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਉਸ ਨੂੰ ਖਰੜ ਦੇ ਇਕ ਫਲੈਟ ਵਿਚ ਲੈ ਗਏ। ਜਿੱਥੇ ਕਰਨ ਨੇ ਉਸ ਨੂੰ ਉਸ ਦੀ ਰਾਜਪੁਰਾ ਵਿਚ ਬਣਾਈ ਗਈ ਅਸ਼ਲੀਲ ਵੀਡੀਓ ਦਿਖਾਈ। ਇਸ ਮਗਰੋਂ ਉਕਤ ਤਿੰਨਾਂ ਨੌਜਵਾਨਾਂ ਨੇ ਵਾਰੋ ਵਾਰੀ ਉਸ ਨਾਲ ਜਬਰ ਜਨਾਹ ਕੀਤਾ ਗਿਆ। ਲੇਕਿਨ ਹੁਣ ਕੇਸ ਦੀ ਸੁਣਵਾਈ ਦੌਰਾਨ ਪੀੜਤ ਲੜਕੀ ਖ਼ੁਦ ਹੀ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਈ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਤਿੰਨਾਂ ਨੌਜਵਾਨਾਂ ਨੂੰ ਨਿਰਦੋਸ਼ ਮੰਨਦਿਆਂ ਬਰੀ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…