
ਲੜਾਈ-ਝਗੜੇ ਵਿੱਚ 3 ਨੌਜਵਾਨ ਗੰਭੀਰ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਇੱਥੋਂ ਦੇ ਫੇਜ਼-3ਬੀ1 ਦੀ ਮਾਰਕੀਟ ਦੇ ਬਾਹਰ ਮੁੱਖ ਸੜਕ ’ਤੇ ਮੰਗਲਵਾਰ ਦੇਰ ਰਾਤ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਤੇਜ਼ਧਾਰ ਹਥਿਆਰਾਂ ਨਾਲ ਲੈਸ 15 ਤੋਂ ਵੱਧ ਵਿਅਕਤੀਆਂ ਨੇ ਮਾਰਕੀਟ ਦੀਆਂ ਦੁਕਾਨਾਂ ’ਤੇ ਕੰਮ ਕਰਦੇ ਨੌਜਵਾਨਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਦੋਂਕਿ ਕਈ ਹੋਰਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਦੱਸਿਆ ਗਿਆ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਹੈ, ਉਸ ਦੇ ਨੇੜੇ ਹੀ ਐਸਐਸਪੀ ਦੀ ਸਰਕਾਰੀ ਰਿਹਾਇਸ਼ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ ਜਦੋਂਕਿ ਜ਼ਖ਼ਮੀ ਨੌਜਵਾਨ ਕਾਫੀ ਸਮੇਂ ਤੱਕ ਸੜਕ ’ਤੇ ਤੜਫਦੇ ਰਹੇ। ਪੁਲੀਸ ਕੰਟਰੋਲ ਰੂਮ ਵਿੱਚ ਕਿਸੇ ਰਾਹਗੀਰ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੇ ਪੀਸੀਆਰ ਜਵਾਨਾਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਚੁੱਕ ਕੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਇਲਾਕਾ ਮਟੌਰ ਥਾਣੇ ਅਧੀਨ ਆਉਂਦਾ ਹੈ ਪ੍ਰੰਤੂ ਥਾਣਾ ਮੁਖੀ ਅਤੇ ਮੁਨਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੀਡੀਆ ਦੀ ਜਾਣਕਾਰੀ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇ ’ਚੋਂ ਕੁਝ ਪੁਲੀਸ ਕਰਮਚਾਰੀ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਲਈ ਸਰਕਾਰੀ ਹਸਪਤਾਲ ਭੇਜੇ ਗਏ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਅਤੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਸਚਾਈ ਸਾਹਮਣੇ ਆਵੇਗੀ।