Nabaz-e-punjab.com

ਟਿਕਟ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫ਼ਾਰਮ ’ਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ: ਡੀਸੀ

ਭੀੜ ਤੋਂ ਬਚਣ ਲਈ ਮੁਸਾਫ਼ਿਰਾਂ ਦੇ ਸਹਾਇਕਾਂ ਨੂੰ ਰੇਲਵੇ ਸਟੇਸ਼ਨ ’ਤੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਪੰਜਾਬ ਵਿੱਚ ਰੇਲ ਯਾਤਰਾ (ਆਉਣ ਵਾਲੇ/ਜਾਣ ਵਾਲੇ) ਕਰਨ ਵਾਲੇ ਵਿਅਕਤੀਆਂ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਹੈ ਕਿ ਬੇਲੋੜੀ ਭੀੜ ਤੋਂ ਬਚਣ ਲਈ ਸਿਰਫ਼ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫ਼ਾਰਮ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ ਅਤੇ ਪਲੇਟਫ਼ਾਰਮ ’ਤੇ ਦਾਖ਼ਲ ਹੋਣ ਲਈ ਉਨ੍ਹਾਂ ਦੇ ਕਿਸੇ ਵੀ ਸਹਾਇਕ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਰੇਲ ਵਿੱਚ ਚੜ੍ਹਨ ਵੇਲੇ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਆਖਿਆ ਗਿਆ ਹੈ।
ਡੀਸੀ ਨੇ ਕਿਹਾ ਕਿ ਰੇਲਵੇ ਪਲੇਟਫ਼ਾਰਮ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਹੋਵੇਗੀ ਅਤੇ ਰਵਾਨਗੀ ਦੇ ਸਮੇਂ ਤੋਂ 45 ਮਿੰਟ ਪਹਿਲਾਂ ਪਹੁੰਚਣਾ ਜ਼ਰੂਰੀ ਹੈ ਅਤੇ ਸਿਰਫ਼ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਰੇਲਗੱਡੀ ਵਿੱਚ ਜਾਣ ਦੀ ਆਗਿਆ ਹੈ। ਮੰਜ਼ਲ ਰੇਲਵੇ ਸਟੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਾਤਰੀਆਂ ਨੂੰ ਕੋਵਾ ਐਪ ਡਾਊਨਲੋਡ ਕਰਨੀ ਜ਼ਰੂਰੀ ਹੈ। ਰੇਲਵੇ ਸਟੇਸ਼ਨ ਤੋਂ ਨਿਰਵਿਘਨ ਬਾਹਰ ਨਿਕਲਣ ਲਈ ਉਨ੍ਹਾਂ ਲਈ ‘ਕੋਵਾ ਐਪ’ ’ਤੇ ਖ਼ੁਦ ਈ-ਪਾਸ ਬਣਾਉਣਾ ਲਾਜ਼ਮੀ ਹੈ। ਜੇਕਰ ਕਿਸੇ ਯਾਤਰੀ ਕੋਲ ਮੋਬਾਈਲ ਨਹੀਂ ਹੈ ਜਾਂ ਉਹ ਈ-ਪਾਸ ਬਣਾਉਣ ਦੇ ਅਸਮਰਥ ਹੈ ਤਾਂ ਆਈਡੀ ਪ੍ਰਮਾਣ (ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਜਾਂ ਸਰਕਾਰ ਵੱਲੋਂ ਜਾਰੀ ਕੋਈ ਵੀ ਹੋਰ ਫੋਟੋ ਪਛਾਣ ਪੱਤਰ) ਦਿਖਾਉਣ ਤੋਂ ਬਾਅਦ ਉਹ ਰੇਲਵੇ ਸਟੇਸ਼ਨ ’ਤੇ ਕਿਸੇ ਨਿਰਧਾਰਿਤ ਸਥਾਨ ’ਤੇ ਸਕਰੀਨਿੰਗ ਲਈ ਤਾਇਨਾਤ ਸਿਹਤ ਟੀਮ ਨੂੰ ਸਵੈ ਘੋਸ਼ਣਾ ਫਾਰਮ ਦੇਵੇਗਾ। ਜਿਨ੍ਹਾਂ ਮੁਸਾਫ਼ਰਾਂ ਨੂੰ ਸਕਰੀਨਿੰਗ ਦੌਰਾਨ ਕਰੋਨਾ ਲੱਛਣ ਜਾਂ ਉੱਚ ਜੋਖ਼ਮ ਵਾਲੇ ਪਾਇਆ ਗਿਆ, ਉਨ੍ਹਾਂ ਨੂੰ ਜਾਂਚ ਲਈ ਸਿਹਤ ਕੇਂਦਰ ਵਿੱਚ ਲਿਜਾਇਆ ਜਾਵੇਗਾ। ਜੇਕਰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਸਬੰਧਤ ਦਾ ਇਲਾਜ ਕੀਤਾ ਜਾਵੇਗਾ ਅਤੇ ਬਾਕੀ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਕੀਤਾ ਜਾਵੇਗਾ। ਜਿਨ੍ਹਾਂ ਯਾਤਰੀਆਂ ਦੀ ਵਾਪਸੀ ਦੀ ਟਿਕਟ ਉਨ੍ਹਾਂ ਦੀ ਕੁਆਰੰਟੀਨ ਮਿਆਦ ਪੂਰੀ ਹੋਣ ਤੋਂ ਪਹਿਲਾਂ ਦੀ ਹੈ ਤਾਂ ਉਨ੍ਹਾਂ ਨੂੰ ਸਿਰਫ਼ ਉਦੋਂ ਹੀ ਵਾਪਸੀ ਦੀ ਆਗਿਆ ਦਿੱਤੀ ਜਾਵੇਗੀ ਜੇ ਉਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਏਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…