Nabaz-e-punjab.com

ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ ਤੋਂ ਉਮੀਦਵਾਰੀ ਨੂੰ ਲੈ ਕੇ ਟਕਸਾਲੀ ਦਲ ਤੇ ਆਪ ’ਚ ਸਮਝੌਤੇ ਲਈ ਪਿਆ ਰੇੜਕਾ

ਹੁਣ ਸੁਖਪਾਲ ਖਹਿਰਾ ਵੀ ਆਇਆ ਬੋਹੜ ਦੇ ਥੱਲੇ, ਕੰਵਰ ਸੰਧੂ ਨੇ ਵੀ ਬੀਰਦਵਿੰਦਰ ਸਿੰਘ ਨਾਲ ਕੀਤਾ ਤਾਲਮੇਲ

ਟਕਸਾਲੀ ਦਲ ਨੇ ਐਤਵਾਰ ਨੂੰ ਸਰਕਟ ਹਾਊਸ ਜਲੰਧਰ ਵਿੱਚ ਦੁਪਹਿਰ 1 ਵਜੇ ਸੱਦੀ ਕੋਰ ਕਮੇਟੀ ਦੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਹੁਕਮਰਾਨ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਨੂੰ ਸਿਆਸੀ ਪਿੜ ’ਚੋਂ ਲਾਂਭੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮੁੜ ਇਕੱਠੇ ਲੋਕ ਸਭਾ ਚੋਣਾਂ ਲੜਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਟਕਸਾਲੀ ਦਲ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਆਪ ਦੇ ਪ੍ਰਧਾਨ ਭਗਵੰਤ ਮਾਨ ਦੀ ਵੀਰਵਾਰ ਨੂੰ ਮੀਟਿੰਗ ਹੋਈ ਸੀ ਪ੍ਰੰਤੂ ਸ੍ਰੀ ਅਨੰਦਪੁਰ ਸਾਹਿਬ ਪੰਥਕ ਹਲਕੇ ਤੋਂ ਉਮੀਦਵਾਰੀ ਨੂੰ ਲੈ ਕੇ ਇਸ ਗੱਠਜੋੜ ਵਿੱਚ ਨਵਾਂ ਰੇੜਕਾ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਟਕਸਾਲੀ ਦਲ ਨੇ ਸਾਬਕਾ ਡਿਪਟੀ ਸਪੀਕਰ ਤੇ ਉੱਘੇ ਸਿੱਖ ਵਿਦਵਾਨ ਬੀਰਦਵਿੰਦਰ ਸਿੰਘ ਨੂੰ ਪੰਥਕ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਰਦਵਿੰਦਰ ਸਿੰਘ ਸਮੁੱਚੇ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਹੁਣ ਤੱਕ 70 ਤੋਂ ਥਾਵਾਂ ’ਤੇ ਨੁੱਕੜ ਮੀਟਿੰਗਾਂ ਕਰ ਚੁੱਕੇ ਹਨ। ਬੀਰਦਵਿੰਦਰ ਸਿੰਘ ਖਰੜ ਤੋਂ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਮੁਹਾਲੀ ਅਤੇ ਖਰੜ ਨਾਲ ਪੁਰਾਣਾ ਤੇ ਗੂੜਾ ਨਾਤਾ ਹੈ ਅਤੇ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਚਾਹੁੰਦੇ ਹਨ। ਭਾਵੇਂ ਆਪ ਵੱਲੋਂ ਵੀ ਕਾਫੀ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਹਲਕੇ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪ੍ਰੰਤੂ ਹੁਣ ਤੱਕ ਸ੍ਰੀ ਸ਼ੇਰਗਿੱਲ ਨੇ ਕੋਈ ਸਰਗਰਮੀ ਨਹੀਂ ਦਿਖਾਈ ਹੈ। ਉਂਜ ਉਹ ਚੰਡੀਗੜ੍ਹ ਵਿੱਚ ਪ੍ਰੈਸ ਕਨਫਰੰਸਾਂ ਵਿੱਚ ਸੀਨੀਅਰ ਆਗੂਆਂ ਨਾਲ ਸਟੇਜ ’ਤੇ ਬੈਠੇ ਜ਼ਰੂਰ ਨਜ਼ਰ ਆਉਂਦੇ ਹਨ। ਹਾਲਾਂਕਿ ਸ੍ਰੀ ਸ਼ੇਰਗਿੱਲ ਨੇ ਆਪ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜੀ ਸੀ ਪ੍ਰੰਤੂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ ਤੋਂ ਉਮੀਦਵਾਰੀ ਨੂੰ ਲੈ ਕੇ ਫਿਲਹਾਲ ਟਕਸਾਲੀ ਦਲ ਅਤੇ ਆਪ ਵਿੱਚ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਭਲਕੇ ਐਤਵਾਰ ਨੂੰ ਟਕਸਾਲੀ ਦਲ ਨੇ ਸਰਕਟ ਹਾਊਸ ਜਲੰਧਰ ਵਿੱਚ ਦੁਪਹਿਰ 1 ਵਜੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਤੋਂ ਬਾਅਦ ਹੀ ਆਪ ਨਾਲ ਗੱਠਜੋੜ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਬੀਰਦਵਿੰਦਰ ਸਿੰਘ ਅਤੇ ਨਰਿੰਦਰ ਸ਼ੇਰਗਿੱਲ ਖ਼ੁਦ ਨੂੰ ਉਮੀਦਵਾਰ ਦੱਸ ਰਹੇ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਭਾਵੇਂ ਹਾਲੇ ਤੱਕ ਆਪਣੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ ਹੈ ਲੇਕਿਨ ਮੌਜੂਦਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਬਤੌਰ ਅਕਾਲੀ ਉਮੀਦਵਾਰ ਹਲਕੇ ਵਿੱਚ ਵਿਚਰ ਰਹੇ ਹਨ। ਬੀਤੇ ਕੱਲ੍ਹ ਅਕਾਲੀ ਦਲ ਨੇ ਚਸਮਾਸ਼ਾਹੀ ਰਿਜੋਰਟ ਬਲੌਂਗੀ ਵਿੱਚ ਵਰਕਰ ਮਿਲਣੀ ਕਰਕੇ ਚੋਣਾਂ ਦਾ ਵਿਗਲ ਵਜਾ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਸ੍ਰੀ ਚੰਦੂਮਾਜਰਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਕਮਰਕੱਸੇ ਕਰਨ ਲਈ ਪ੍ਰੇਰਿਆ ਗਿਆ।
ਉਧਰ, ‘ਆਪ’ ਨਾਲੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਵੀ ਹੁਣ ਬੋਹੜ ਥੱਲੇ ਆਉਂਦੇ ਨਜ਼ਰ ਆ ਰਹੇ ਹਨ। ਸੂਤਰ ਦੱਸਦੇ ਹਨ ਕਿ ਖਹਿਰਾ ਧੜੇ ਦੇ ਆਗੂਆਂ ਨੇ ਟਕਸਾਲੀ ਦਲ ਨਵੇਂ ਸਿਰਿਓਂ ਮੇਲ ਜੋਲ ਵਧਾਉਣ ਬਾਰੇ ਪਤਾ ਲੱਗਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਖਰੜ ਤੋਂ ਆਪ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਬੀਰਦਵਿੰਦਰ ਸਿੰਘ ਨਾਲ ਰਾਬਤਾ ਕਰਕੇ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਆਖੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…