Nabaz-e-punjab.com

5:5 ਗੁਣਾ ਵੱਧ ਮਹਿੰਗਾ ਪਾਣੀ: ਕੌਂਸਲਰਾਂ ਨੇ ਸੰਯੁਕਤ ਡਾਇਰੈਕਟਰ ਨਾਲ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ:
ਸੈਕਟਰ 66 ਤੋਂ 69, 76 ਤੋਂ 80 ਅਤੇ ਐਰੋਸਿਟੀ ਦੇ ਵਸਨੀਕਾਂ ਦਾ ਇੱਕ ਵਫਦ ਲੋਕਲ ਬਾਡੀਜ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਰਾਕੇਸ਼ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਨਗਰ ਨਿਗਮ ਮੁਹਾਲੀ ਵੱਲੋੱ ਪਾਣੀ ਦੀ ਸਪਲਾਈ ਨੂੰ ਆਪਣੇ ਅਧੀਨ ਕਰਨ ਲਈ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਾਉਣ ਲਈ ਉਪਰਾਲੇ ਕੀਤੇ ਜਾਣ। ਇਸ ਵਫਦ ਵਿੱਚ ਕੌਂਸਲਰ ਸਤਵੀਰ ਸਿੰਘ ਧਨੋਆ, ਛਿੰਦਰਪਾਲ ਸਿੰਘ ਉਰਫ਼ ਬੌਬੀ ਕੰਬੋਜ, ਸੁਰਿੰਦਰ ਸਿੰਘ ਬੈਦਵਾਨ, ਰਜਿੰਦਰ ਕੌਰ ਕੁੰਭੜਾ, ਜਸਬੀਰ ਕੌਰ ਅਤਲੀ, ਰਜਨੀ ਗੋਇਲ (ਸਾਰੇ ਕੌਂਸਲਰ) ਅਤੇ ਨੰਬਰਦਾਰ ਹਰਸੰਗਤ ਸਿੰਘ ਸੋਹਾਣਾ ਸ਼ਾਮਲ ਸਨ।
ਵਫ਼ਦ ਨੇ ਅਧਿਕਾਰੀ ਨੂੰ ਦੱਸਿਆ ਕਿ ਗਮਾਡਾ ਵੱਲੋਂ ਸਤੰਬਰ 2017 ਤੋਂ ਪਾਣੀ ਦੇ ਰੇਟ ਬਾਕੀ ਸ਼ਹਿਰ ਨਾਲੋਂ 5.5 ਗੁਣਾ ਕਰ ਦਿੱਤੇ ਗਏ ਸਨ। ਬਾਅਦ ਵਿੱਚ ਇਸ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ੇਨਿਗਮ ਦੇ ਮੇਅਰ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਹਾਉਸ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਸੈਕਟਰ 66 ਤੋਂ 69 ਅਤੇ 76 ਤੋਂ 80 ਵਿੱਚ ਪਾਣੀ ਦੀ ਸਪਲਾਈ ਦਾ ਕੰਮ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਹ ਮਤਾ ਡਾਇਰੈਕਟਰ ਲੋਕਲ ਬਾਡੀਜ਼ ਵੱਲੋਂ ਪ੍ਰਵਾਨ ਕਰਕੇ ਵਾਪਸ ਨਹੀਂ ਭੇਜਿਆ ਗਿਆ ਜਿਸ ਕਾਰਨ ਇਸ ਏਰੀਏ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਯੁਕਤ ਡਾਇਰੈਕਟਰ ਲੋਕਲ ਬਾਡੀਜ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਇਹ ਮਤਾ ਜਲਦ ਹੀ ਪਾਸ ਕਰਕੇ ਨਗਰ ਨਿਗਮ ਕੋਲ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਸਤਵੀਰ ਸਿੰਘ ਧਨੋਆ ਅਤੇ ਹੋਰਨਾਂ ਨੇ ਕਿਹਾ ਕਿ ਸਿਸਟਮ ਦੇ ਅਨੁਸਾਰ ਨਗਰ ਨਿਗਮ ਵੱਲੋੱ ਪਾਸ ਕੀਤਾ ਹੋਇਆ ਮਤਾ ਡਾੲਰੈਕਟਰ ਲੋਕਲ ਬਾਡੀਜ਼ ਵੱਲੋੱ 21 ਦਿਨਾਂ ਦੇ ਵਿੱਚ ਪਾਸ ਕਰਕੇ ਭੇਜਣਾ ਹੁੰਦਾ ਹੈ ਪਰ ਇੱਥੇ ਇਸ ਕਾਨੂੰਨ ਦੀ ਘੋਰ ਉਲੰਘਣਾ ਹੋਈ ਹੈ। ਇਸ ਲਈ ਇਸ ਮਤੇ ਨੂੰ ਬਿਨਾ ਕਿਸੇ ਹੋਰ ਦੇਰੀ ਦੇ ਪਾਸ ਕਰਕੇ ਭੇਜਿਆ ਜਾਵੇ ਤਾਂ ਜੋ ਪਿਛਲੇ ਢਾਡੀ ਸਾਲਾਂ ਤੋਂ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਰੋਕੀ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਤਾਂ ਵੱਲੋਂ ਦਫ਼ਤਰ ਡਾਇਰੈਕਟਰ ਲੋਕਲ ਬਾਡੀਜ ਦਾ ਆਉਣ ਵਾਲੇ ਸਮੇਂ ਵਿੱਚ ਘਿਰਾਓ ਕੀਤਾ ਜਾਵੇਗਾ ਅਤੇ ਹੱਲ ਨਾ ਹੁੰਦਾ ਦੇਖ ਕੇ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਬੀਤੀ 10 ਫਰਵਰੀ ਨੂੰ ਇਹਨਾਂ ਸੈਕਟਰਾਂ ਦੇ ਵਸਨੀਕਾਂ ਵੱਲੋਂ ਗਮਾਡਾ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …