ਭਾਗੋਮਾਜਰਾ ਨੇੜੇ ਨਿਕਾਸੀ ਨਾਲੇ ਉੱਤੇ ਟੁੱਟੀ ਸਲੈਬ ਵਿੱਚ ਫਸਿਆ ਟਿੱਪਰ

ਲਾਂਡਰਾਂ-ਬਨੂੜ ਮੁੱਖ ਸੜਕ ਦੇ ਦੋਵੇਂ ਪਾਸੇ ਨਿਕਾਸੀ ਨਾਲੇ ’ਤੇ ਰੱਖੀਆਂ ਸੀਮਿੰਟਡ ਸਲੈਬਾਂ ਟੁੱਟੀਆਂ

ਭਾਗੋਮਾਜਰਾ ਤੋਂ ਮੌਜਪੁਰ ਸੜਕ ’ਤੇ ਗੰਦੇ ਪਾਣੀ ਦੇ ਨਾਲੇ ਉੱਤੇ ਮਜ਼ਬੂਤ ਪੁਲੀ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 24 ਫਰਵਰੀ:
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਤੋਂ ਪਿੰਡ ਭਾਗੋਮਾਜਰਾ ਅਤੇ ਲਾਂਡਰਾਂ ਤੋਂ ਖਰੜ ਮੁੱਖ ਸੜਕ ਦੇ ਦੋਵੇਂ ਪਾਸੇ ਗੰਦੇ ਪਾਣੀ ਦੀ ਨਿਕਾਸੀ ਨਾਲੇ ਉੱਤੇ ਸੀਮਿੰਟ ਦੀਆਂ ਰੱਖੀਆਂ ਸਲੈਬਾਂ ਕਾਫ਼ੀ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਲਾਂਡਰਾਂ ਮਾਰਕੀਟ ਅਤੇ ਭਾਗੋਮਾਜਰਾ ਸੜਕ ਸਮੇਤ ਸੀਜੀਸੀ ਕਾਲਜ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਉੱਤੇ ਸਲੈਬਾਂ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਇਨ੍ਹਾਂ ਪ੍ਰਮੁੱਖ ਥਾਵਾਂ ’ਤੇ ਹਰ ਸਮੇਂ ਸੜਕ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਕਿਉਂਕਿ ਇਨ੍ਹਾਂ ਥਾਵਾਂ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਅਤੇ ਰਾਹਗੀਰ ਲੰਘਦੇ ਹਨ।
ਬਲਜਿੰਦਰ ਸਿੰਘ ਭਾਗੋਮਾਜਰਾ ਨੇ ਪੰਜਾਬ ਸਰਕਾਰ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪੀਡਬਲਿਊਡੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਭਾਗੋਮਾਜਰਾ ਤੋਂ ਪਿੰਡ ਮੌਜਪੁਰ ਨੂੰ ਜਾਂਦੀ ਸੜਕ ’ਤੇ ਨਿਕਾਸੀ ਨਾਲੇ ਉੱਤੇ ਮਜ਼ਬੂਤ ਪੁਲੀ ਬਣਾਈ ਜਾਵੇ ਅਤੇ ਲੋੜ ਅਨੁਸਾਰ ਨਵੀਆਂ ਸਲੈਬਾਂ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਸੜਕ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸੀ ਨਾਲੇ ’ਤੇ ਰੱਖੀਆਂ ਸਲੈਬਾਂ ਉੱਤੋਂ ਭਾਰੀ ਵਾਹਨ ਲੰਘਣ ਕਾਰਨ ਕਾਫ਼ੀ ਥਾਵਾਂ ’ਤੇ ਸਲੈਬਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਅਤੇ ਭਾਗੋਮਾਜਰਾ ਤੋਂ ਮੌਜਪੁਰ ਸੰਪਰਕ ਸੜਕ ’ਤੇ ਰੋਜ਼ਾਨਾ ਕਾਫ਼ੀ ਆਵਾਜਾਈ ਰਹਿੰਦੀ ਹੈ। ਇੱਥੋਂ ਭਾਰੀ ਵਾਹਨ ਲੰਘਣ ਕਾਰਨ ਸੀਮਿੰਟ ਦੀਆਂ ਬਣੀਆਂ ਸਲੈਬਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ। ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਹੁਣ ਤੱਕ ਕਈ ਵਾਹਨ ਨੁਕਸਾਨੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ ਪ੍ਰੰਤੂ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਭਾਗੋਮਾਜਰਾ ਤੋਂ ਮੌਜਪੁਰ ਪਹੁੰਚ ਸੜਕ ’ਤੇ ਗੰਦੇ ਪਾਣੀ ਦੇ ਨਾਲੇ ਉੱਤੇ ਮਜ਼ਬੂਤ ਪੁਲੀ ਬਣਾਈ ਜਾਵੇ ਅਤੇ ਸੜਕ ਦੀ ਮੁਰੰਮਤ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਨਬਜ਼-ਏ-ਪੰਜਾਬ, ਮੁਹਾਲੀ, 24 ਫ…