
ਸਰਕਾਰੀ ਕਾਲਜ ਮੁਹਾਲੀ ਵਿੱਚ ਧੂਮਧਾਮ ਨਾਲ ਮਨਾਇਆਂ ਤੀਆਂ ਦਾ ਤਿਉਹਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਇੱਥੋਂ ਦੇ ਸਰਕਾਰੀ ਕਾਲਜ ਮੁਹਾਲੀ ਦੇ ਵਿਹੜੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਾਵਣ ਦੇ ਮਹੀਨੇ ਦਾ ਵਿਸ਼ੇਸ਼ ਤੀਆਂ ਦਾ ਤਿਉਹਾਰ ਬੜੇ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਜ਼ੋਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਤਿਉਹਾਰਾਂ ਵਿੱਚ ਹੀ ਸਾਡਾ ਸੱਭਿਆਚਾਰ ਛੁਪਿਆ ਹੈ। ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਅਜੋਕੇ ਭੱਜ ਦੌੜ ਦੇ ਸਮੇਂ ਵਿੱਚ ਸਾਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜਨ ਅਤੇ ਉਸ ਨੂੰ ਸੰਭਾਲਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ 21ਵੀਂ ਸਦੀ ਵਿੱਚ ਤਕਨੀਕੀ ਯੁੱਗ ਵੱਲ ਵਧ ਰਿਹਾ ਹੈ ਪ੍ਰੰਤੂ ਫਿਰ ਵੀ ਸਾਨੂੰ ਆਪਣੀ ਸਭਿਅਤਾ ਨਹੀਂ ਭੁੱਲਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕੋਮਲ ਬਰੋਕਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਆਖਿਆ ਅਤੇ ਹੋਮ ਸਾਇੰਸ ਵਿਭਾਗ ਨੂੰ ਏਨੇ ਖੂਬਸੂਰਤ ਸਮਾਗਮ ਲਈ ਵਧਾਈ ਦਿੱਤੀ। ਇਸ ਸਮਾਗਮ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਪੀਂਘਾਂ ਝੂਟਣਾ, ਮਹਿੰਦੀ ਲਾਉਣਾ, ਚੂੜੀਆਂ ਪਾਉਣਾ ਰਹੇ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚੋਂ ਪੰਜਾਬੀ ਗੱਭਰੂ ਅਤੇ ਪੰਜਾਬੀ ਮੁਟਿਆਰ ਦੇ ਮੁਕਾਬਲੇ ਕਰਵਾਏ ਗਏ। ਸਾਵਣ ਮਹੀਨੇ ਦੇ ਵਿਸ਼ੇਸ਼ ਖਾਣੇ ਖੀਰ-ਪੂੜੇ ਅਤੇ ਗੁਲਗਲਿਆਂ ਦੇ ਸਟਾਲ ਲਗਾਏ ਗਏ। ਇਸ ਮੌਕੇ ’ਤੇ ਕਾਲਜ ਦਾ ਸਾਰਾ ਟੀਚਿੰਗ ਸਟਾਫ਼, ਨਾਨ-ਟੀਚਿੰਗ ਸਟਾਫ਼, ਦਰਜਾ ਚਾਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਅਖੀਰ ਵਿੱਚ ਹੋਮ ਸਾਇੰਸ ਵਿਭਾਗ ਦੇ ਮੁਖੀ ਸ੍ਰੀਮਤੀ ਗੁਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।