ਮੁਹਾਲੀ ਵਿੱਚ ਕਾਰੋਬਾਰੀ ਦੇ ਨਸ਼ੇ ’ਚ ਟਲੀ ਬਾਊਂਸਰ ਨੇ ਗੋਲੀਆਂ ਚਲਾਈਆਂ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਪਿਛਲੇ ਦਿਨੀਂ ਹੋਏ ਧਮਾਕੇ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਅੱਜ ਇੱਥੋਂ ਦੇ ਸੈਕਟਰ-66ਏ ਸਥਿਤ ਫਾਲਕਨ ਵਿਊ ਸੁਸਾਇਟੀ ਵਿੱਚ ਇਕ ਕਾਰੋਬਾਰੀ ਦੇ ਗੰਨਮੈਨ ਬਾਊਂਸਰ ਨੇ ਅਚਾਨਕ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਮੁਹਾਲੀ ਏਅਰਪੋਰਟ ਨੇੜਲੇ ਇਸ ਰਿਹਾਇਸ਼ੀ ਖੇਤਰ ਵਿੱਚ ਦਹਿਸ਼ਤ ਫੈਲ ਗਈ। ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹੈਪੀ ਉਰਫ਼ ਕਿਰਚ ਬਾਊਂਸਰ ਵਾਸੀ ਗੜੀਆਂ ਪੱਤੀ, ਭਵਾਨੀਗੜ੍ਹ (ਜ਼ਿਲ੍ਹਾ ਸੰਗਰੂਰ) ਵਜੋਂ ਹੋਈ ਹੈ। ਇਸ ਸਬੰਧੀ ਹੈਪੀ ਬਾਊਂਸਰ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਰੰਧਾਵਾ ਨਾਂਅ ਦੇ ਕਾਰੋਬਾਰੀ ਦਾ ਗੰਨਮੈਨ ਹੈ।
ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਫਾਲਕਨ ਵਿਊ ਵਿੱਚ ਫਾਇਰਿੰਗ ਕਰਨ ਬਾਰੇ ਸੂਚਨਾ ਮਿਲੀ ਹੈ। ਸੂਚਨਾ ਮਿਲਦੇ ਹੀ ਐਸਪੀ (ਸਿਟੀ) ਜਗਵਿੰਦਰ ਸਿੰਘ ਚੀਮਾ ਅਤੇ ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਅਤੇ ਉਹ ਖ਼ੁਦ ਪੁਲੀਸ ਫੋਰਸ ਲੈ ਕੇ ਤੁਰੰਤ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਉੱਥੇ ਇੱਕ ਆਈਟੀ ਕੰਪਨੀ ਦੇ ਕਾਰੋਬਾਰੀ ਰੰਧਾਵਾ ਦੇ ਫਲੈਟ ਵਿੱਚ ਕਿਰਾਏ ’ਤੇ ਰਹਿੰਦੇ ਤਿੰਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਹਰਿਆਣਾ ਵਾਸੀ ਸੁਮਿਤ ਕੁਮਾਰ, ਸਾਗਰ, ਨਸੀਬ ਅਤੇ ਹਰਵਿੰਦਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਫਾਲਕਨ ਵਿਊ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਹਨ। ਲੰਘੀ ਰਾਤ ਉਹ ਚਾਰੇ ਜਣੇ ਅੰਬਾਲਾ ਵਿੱਚ ਸਾਗਰ ਦੀ ਚਚੇਰੀ ਭੈਣ ਦੇ ਵਿਆਹ ਵਿੱਚ ਗਏ ਸਨ। ਉਹ ਟੌਅਰ ਟੱਪੇ ਲਈ ਹੈਪੀ ਬਾਊਂਸਰ ਨੂੰ ਵੀ ਆਪਣੇ ਨਾਲ ਲੈ ਗਏ। ਜਿੱਥੇ ਉਨ੍ਹਾਂ ਨੇ ਸ਼ਰਾਬ ਪੀਤੀ ਅਤੇ ਨਸ਼ੇ ਵਿੱਚ ਟਲੀ ਹੋ ਕੇ ਦੇਰ ਰਾਤ ਵਾਪਸ ਮੁਹਾਲੀ ਪਹੁੰਚੇ ਸੀ। ਸਾਗਰ, ਸੁਮਿਤ ਅਤੇ ਨਸੀਬ ਏਸੀ ਆਨ ਕਰਕੇ ਆਪਣੇ ਰੂਮ ਵਿੱਚ ਸੌਂ ਗਏ ਸੀ। ਇਸ ਦੌਰਾਨ ਵੀਰਵਾਰ ਨੂੰ ਤੜਕੇ ਸਵੇਰੇ ਕਰੀਬ ਸਵਾ 5 ਵਜੇ ਹੈਪੀ ਬਾਊਂਸਰ ਨੇ ਬਾਲਕਾਨੀ ਵਿੱਚ ਖੜੇ ਹੋ ਕੇ ਆਪਣੀ ਲਾਇਸੈਂਸੀ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਸੁਸਾਇਟੀ ਦੇ ਲੋਕਾਂ ਦੇ ਇਕੱਠੇ ਹੋਣ ’ਤੇ ਉਹ ਅਸਲੇ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਲੇਕਿਨ ਉਹ ਆਪਣੇ ਘਰ ਅਤੇ ਹੋਰਨਾਂ ਟਿਕਾਣਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …