nabaz-e-punjab.com

ਅਮਿਤ ਸ਼ਾਹ ਨਾਲ ਗੱਲ ਕਰਕੇ ਕੰਬਾਈਨਾਂ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕਰਨ ਕੈਪਟਨ: ਭਗਵੰਤ ਮਾਨ

ਦੂਸਰੇ ਰਾਜਾਂ ‘ਚ ਫਸੀਆਂ ਹਜ਼ਾਰਾਂ ਕੰਬਾਈਨਾਂ ਦਾ ਮਾਮਲਾ

ਲੋੜੀਂਦੀ ਪ੍ਰਵਾਸੀ ਲੇਬਰ ਬਾਰੇ ਵੀ ਹੋਣ ਵਿਸ਼ੇਸ਼ ਇੰਤਜ਼ਾਮ:ਆਪ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਅਪ੍ਰੈਲ:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿਆਰ ਖੜੀ ਕਣਕ ਦੀ ਫ਼ਸਲ ਦੀ ਕਟਾਈ ਲਈ ਲੋੜੀਂਦੀਆਂ ਕੰਬਾਈਨਾਂ ਅਤੇ ਲੇਬਰ ਦੀ ਕਮੀ ‘ਤੇ ਚਿੰਤਾ ਜਤਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗੰਭੀਰਤਾ ਨਾਲ ਉਠਾਏ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਊਨ/ਕਰਫ਼ਿਊ ਕਾਰਨ ਪੰਜਾਬ ਨਾਲ ਸੰਬੰਧਿਤ 7000 ਤੋਂ 8000 ਕੰਬਾਈਨਾਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ‘ਚ ਫਸੀਆਂ ਖੜੀਆਂ ਹਨ, ਉੱਥੇ ਵੱਡੇ ਪੱਧਰ ‘ਤੇ ਯੂ ਪੀ-ਬਿਹਾਰ ਤੋਂ ਆਉਂਦੀ ਲੇਬਰ ਦੀ ਕਮੀ ਵੀ ਚੁਣੌਤੀ ਬਣ ਚੁੱਕੀ ਹੈ, ਜਿਸ ਨੇ ਝੋਨੇ ਦੀ ਬਿਜਾਈ ਮੁਕੰਮਲ ਹੋਣ ਤੱਕ ਪੰਜਾਬ ‘ਚ ਰੁਕਣਾ ਸੀ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਵੱਡੀ ਗਿਣਤੀ ‘ਚ ਉਨ੍ਹਾਂ ਕੰਬਾਈਨ ਮਾਲਕਾਂ ਦੇ ਫ਼ੋਨ ਆ ਰਹੇ ਹਨ, ਜੋ ਹਰ ਸਾਲ ਪੰਜਾਬ ਤੋਂ ਪਹਿਲਾਂ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਕਟਾਈ ਕਰਨ ਲਈ ਕੰਬਾਈਨਾਂ ਲੈ ਕੇ ਜਾਂਦੇ ਹਨ, ਪਰੰਤੂ ਲੌਕਡਾਊਨ/ਕਰਫ਼ਿਊ ਕਰਕੇ ਦੂਹਰੀ ਮੁਸੀਬਤ ‘ਚ ਫਸ ਗਏ ਹਨ।
‘ਆਪ’ ਆਗੂਆਂ ਮੁਤਾਬਿਕ ਰੋਕਾਂ ਕਰਕੇ ਉਹ ਵਾਪਸ ਪੰਜਾਬ ਨਹੀਂ ਆ ਸਕਦੇ, ਦੂਜਾ ਕੋਰੋਨਾ ਕਾਰਨ ਉਨ੍ਹਾਂ ਦੀਆਂ ਵੱਡੇ ਪੱਧਰ ‘ਤੇ ਪੇਮੈਂਟ ਉੱਥੇ ਫਸੀਆਂ ਖੜੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਸਲਾ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਤੇ ਸੰਬੰਧਿਤ ਰਾਜਾਂ ਦੇ ਮੁੱਖ ਮੰਤਰੀਆਂ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਟਰੱਕਾਂ ਆਦਿ ਨੂੰ ਜ਼ਰੂਰੀ ਵਸਤਾਂ ਦੀ ਢੋ-ਢੁਆਈ ਲਈ ਛੋਟ ਹੈ। ਉਸੇ ਤਰਾਂ ਕੰਬਾਈਨਾਂ ਨੂੰ ਵੀ ਇਕਸਾਰ ਛੋਟ ਦਿੱਤੀ ਜਾਵੇ। ਮਾਨ ਮੁਤਾਬਿਕ ਸੂਬਾ ਸਰਕਾਰ ਇਨ੍ਹਾਂ ਕੰਬਾਈਨ ਚਾਲਕਾਂ ਦੀ ਸਿਹਤ ਜਾਂਚ ਅਤੇ ਕੰਬਾਈਨਾਂ ਨੂੰ ਸੈਨੇਟਾਇਜ਼ ਕਰਨ ਦਾ ਉਚੇਚਾ ਪ੍ਰਬੰਧ ਵੀ ਯਕੀਨੀ ਬਣਾਵੇ।
ਕੁਲਤਾਰ ਸਿੰਘ ਸੰਧਵਾਂ ਨੇ ਲੇਬਰ ਦੀ ਕਮੀ ਨੂੰ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਮੇਤ ਯੂ.ਪੀ., ਬਿਹਾਰ ਅਤੇ ਛੱਤੀਸਗੜ੍ਹ ਸਰਕਾਰਾਂ ਨਾਲ ਗੱਲ ਕਰਕੇ ਪਹਿਲਾਂ ਕਣਕ ਦੀ ਕਟਾਈ ਅਤੇ ਫਿਰ ਝੋਨੇ ਦੀ ਬਿਜਾਈ ਲਈ ਲੋੜੀਂਦੀ ਲੇਬਰ ਦਾ ਠੋਸ ਪ੍ਰਬੰਧ ਕਰੇ। ਉਨ੍ਹਾਂ ਇਸ ਲਈ ਸੈਨੇਟਾਇਜ ਕੀਤੀਆਂ ਵਿਸ਼ੇਸ਼ ਰੇਲਾਂ ਚਲਾਉਣ ਦੀ ਵੀ ਤਜਵੀਜ਼ ਰੱਖੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…