ਅੌਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਜ਼ਰੂਰੀ: ਕੇਬੀਐਸ ਸਿੱਧੂ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਵਲੋਂ ਕਾਨਫਰੰਸ ਦਾ ਉਦਘਾਟਨ

ਐਕਟ ਸਬੰਧੀ ਜਾਗਰੂਕਤਾ ਵਾਸਤੇ ਉਪਰਾਲੇ ਕਰਨ ਵਾਲਾ ਮੁਹਾਲੀ ਬਣਿਆ ਪੰਜਾਬ ਦਾ ਪਹਿਲਾ ਜ਼ਿਲ੍ਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਸੈਕਸੁਅਲ ਹਰਾਸਮੈਂਟ ਆਫ ਵਿਮੈਨ ਐਟ ਵਰਕਪਲੇਸ ਐਕਟ 2013 (ਇੰਪਲੀਮੈਂਟੇਸ਼ਨ, ਚੈਲੰਜਿਜ਼ ਐਂਡ ਵੇਅ ਫਾਰਵਰਡ) ਵਿਸ਼ੇ ’ਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਸਕੀਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਕਿਸਾਨ ਵਿਕਾਸ ਚੈਂਬਰ ਐਸ.ਏ.ਐਸ.ਨਗਰ ਵਿਖੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੇ.ਬੀ.ਐਸ.ਸਿੱਧੂ, ਵਿਸੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਕੀਤਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਹ ਕਾਨਫਰੰਸ ਕਰਾਉਣ ਦਾ ਮਕਸਦ ਇਸ ਐਕਟ ਸਬੰਧੀ ਸਮਾਜ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਕੰਮਕਾਜੀ ਅੌਰਤਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸਮਾਜ ਵਿਚ ਅੌਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾਣੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਕਾਨੂੰਨੀ ਪ੍ਰਣਾਲੀ ਨੂੰ ਸਮਝਣਾ ਵੀ ਲਾਜ਼ਮੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਅਜੋਕੇ ਹਾਲਾਤ ਵਿਚ ਕਿਸੇ ਵੀ ਵਧੀਕੀ ਦਾ ਸ਼ਿਕਾਰ ਹੁੰਦੀਆਂ ਅੌਰਤਾਂ ਲਈ ਕੇਸ ਲੜਨਾ ਸੌਖਾ ਨਹੀ ਹੈ ਕਿਉਂਕਿ ਬਹੁਤੀ ਵਾਰ ਸਮਾਜ ਦੇ ਵੱਡੇ ਹਿੱਸੇ ਵੱਲੋਂ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਇਸ ਐਕਟ ਪ੍ਰਤੀ ਜਾਗਰੂਕ ਹੋਣ ਦੇ ਨਾਲ ਨਾਲ ਅੌਰਤਾਂ ਦੇ ਅੰਦਰ ਹੌਂਸਲਾ ਅਤੇ ਸਮਾਜ ਤੇ ਪਰਿਵਾਰ ਦਾ ਸਾਥ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਕਿਸੇ ਅੌਰਤ ਨੂੰ ਇਸ ਐਕਟ ਦੇ ਅਧਾਰ ’ਤੇ ਕੇਸ ਲੜਨਾ ਪੈਂਦਾ ਹੈ ਤਾਂ ਉਸ ਨੂੰ ਨਿਡਰ ਹੋ ਕੇ ਆਪਣਾ ਕੇਸ ਲੜਨਾ ਚਾਹੀਦਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪ੍ਰਾਈਵੇਟ ਸੈਕਟਰ ਵੀ ਇਸ ਐਕਟ ਦੇ ਘੇਰੇ ਵਿਚ ਆਉਂਦਾ ਹੈ, ਨਾਲ ਹੀ ਉਨ੍ਹਾਂ ਆਖਿਆ ਕਿ ਕਈ ਵਾਰ ਅੌਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨਾਂ ਦੀ ਕੁੱਝ ਅੌਰਤਾਂ ਵੱਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ। ਇਸ ਨਾਲ ਅੌਰਤਾਂ ਦਾ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਕਈ ਵਾਰ ਰੁਜ਼ਗਾਰ ਦੇਣ ਵਾਲੇ ਅੌਰਤਾਂ ਨੂੰ ਰੁਜ਼ਗਾਰ ਦੇਣ ਤੋਂ ਝਿਜਕਣ ਲੱਗ ਜਾਂਦੇ ਹਨ। ਸ੍ਰੀ ਸਿੱਧੂ ਨੇ ਇਸ ਐਕਟ ਦੇ ਕਈ ਨੁਕਤਿਆਂ ਉੱਤੇ ਚਾਨਣਾ ਪਾਇਆ।
ਇਸ ਤੋਂ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਕਸ਼ਨ ਏਡ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੰਦੀਪ ਚਾਚਰਾ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਪੁਲਿਸ ਤੇ ਸਿਵਲ ਪ੍ਰਸਾਸ਼ਨ ਵੱਲੋਂ ਇਸ ਐਕਟ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ 21ਵੀਂ ਸਦੀ ਅੌਰਤਾਂ ਦੀ ਆਜ਼ਾਦੀ ਦੀ ਸਦੀ ਹੈ ਤੇ ਅੌਰਤਾਂ ਦੇ ਹੱਕਾਂ ਦੀ ਰਾਖੀ ਲਈ ਐਕਸ਼ਨ ਏਡ ਦੁਨੀਆਂ ਦੇ 47 ਦੇਸ਼ਾਂ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਦੁਨੀਆਂ ਭਰ ਵਿਚ ਮਹਿਲਾਵਾਂ ਦੇ ਹੱਕਾਂ ਲਈ ਵੱਖ ਵੱਖ ਮੁਹਿੰਮਾਂ ਚੱਲ ਰਹੀਆਂ ਹਨ ਅਤੇ ਹੌਲੀ ਹੌਲੀ ਹਾਲਾਤ ਬਿਹਤਰ ਹੋ ਰਹੇ ਹਨ। ਲਿੰਗ ਅਨੁਪਾਤ ਵਿਚ ਸੁਧਾਰ ਲਈ ਬੇਟੀ ਜਿੰਦਾਬਾਦ ਮੁਹਿੰਮ ਚਲਾਈ ਗਈ ਜੋ ਕਿ ਕਾਮਯਾਬ ਰਹੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਆਈ.ਏ.ਐਸ.ਅਧਿਕਾਰੀ ਸ੍ਰੀ ਵਿਵੇਕ ਅੱਤਰੇ, ਜੋ ਕਿ ਹੁਣ ਵਾਇਬਰੈਂਟ ਐਡਵਾਇਜਰੀ ਸਰਵਸਿਜ਼ ਨਾਲ ਜੁੜੇ ਹੋਏ ਹਨ, ਨੇ ਆਖਿਆ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਸੰਵੇਦਨਸ਼ੀਲ ਵਿਸ਼ੇ ਬਾਰੇ ਜਾਗਰੂਕ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇੱਥੋ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਿਆਂ ਹੋਰਨਾਂ ਨੂੰ ਵੀ ਇਸ ਵਿਸ਼ੇ ਸਬੰਧੀ ਜਾਗਰੂਕ ਕਰਨ। ਉਨ੍ਹਾਂ ਆਖਿਆ ਕਿ ਇਸ ਐਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਇੱਕ ਚੰਗਾ ਸੱਭਿਆਚਾਰ ਸਿਰਜੇ ਜਾਣ ਦੀ ਵੀ ਲੋੜ ਹੈ। ਉਨ੍ਹਾਂ ਆਖਿਆ ਕਿ ਇਹ ਜ਼ਰੂਰੀ ਹੈ ਕਿ ਲੜਕਿਆਂ ਨੂੰ ਸਕੂਲ ਵੇਲੇ ਤੋਂ ਹੀ ਲੜਕੀਆਂ ਅਤੇ ਅੌਰਤਾਂ ਦੀ ਇੱਜ਼ਤ ਕਰਨ ਦੇ ਪਾਬੰਦ ਬਣਾਇਆ ਜਾਵੇ। ਇਸ ਦੇ ਨਾਲ ਨਾਲ ਨੈਤਿਕ ਸਿੱਖਿਆ ਨੂੰ ਵੀ ਵਿਦਿਆਰਥੀ ਜੀਵਨ ਦਾ ਲਾਜ਼ਮੀ ਅੰਗ ਬਣਾਏ ਜਾਣ ਦੀ ਲੋੜ ਹੈ।
ਇਸ ਮੌਕੇ ਐਸ.ਏ.ਐਸ.ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ: ਚਰਨਦੇਵ ਸਿੰਘ ਮਾਨ ਨੇ ਆਖਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਪਹਿਲਾ ਜ਼ਿਲ੍ਹਾ ਹੈ, ਜਿਸ ਨੇ ਇਸ ਐਕਟ ਸਬੰਧੀ ਜਾਗਰੂਕਤਾ ਲਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਨ੍ਹਾਂ ਆਖਿਆ ਕਿ ਘਟਦਾ ਲਿੰਗ ਅਨੁਪਾਤ ਅਤੇ ਕੰਮਕਾਜ ਵਾਲੀਆਂ ਥਾਵਾਂ ਤੇ ਅੌਰਤਾਂ ਨਾਲ ਵਧੀਕੀਆਂ ਹੋਣੀਆਂ ਚਿੰਤਾ ਦਾ ਵਿਸ਼ਾ ਹਨ। ਅਜਿਹੇ ਮੁਸ਼ਕਿਲਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਹੀ ਵੱਖ ਵੱਖ ਕਾਨੂੰਨ ਬਣਾਏ ਗਏ ਹਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅੌਰਤਾਂ ਸਬੰਧੀ ਇਨ੍ਹਾਂ ਕਾਨੂੰਨਾਂ ਪ੍ਰਤੀ ਜਾਗਰੂਕਤਾ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਤੋਂ ਮਿਸ਼ਨ ਦੇ ਡਿਪਟੀ ਹੈੱਡ ਚਰਨਜੀਵ ਸਿੰਘ, ਐਸਡੀਐਮ ਆਰ.ਪੀ. ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤ ਬਾਲਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਵਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਅਮਰਜੀਤ ਸਿੰਘ ਕੌਰੇ, ਜ਼ਿਲ੍ਹਾ ਸਮਾਜ ਭਲਾਈ ਅਫਸਰ ਜਸਵੀਰ ਸਿੰਘ ਢਿੱਲੋਂ, ਐਕਸ਼ਨ ਏਡ ਐਸੋਸੀਏਸ਼ਨ ਦੀ ਡਾਇਰੈਕਟਰ ਦੀਪਾਲੀ ਸ਼ਰਮਾਂ, ਪੀ.ਯੂ.ਚੰਡੀਗੜ੍ਹ ਤੋਂ ਡਾ: ਰਾਜੇਸ਼ ਗਿੱਲ, ਸੈਲਫ ਇੰਪਲਾਇਡ ਵਿਮੈਨ ਐਸੋਸ਼ੀਏਸ਼ਨ ਦੇ ਸਟੇਟ ਕੋਆਰਡੀਨੇਟਰ ਸੁਨੰਦਾ ਦੀਕਸ਼ਿਤ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…