Nabaz-e-punjab.com

ਮੁਹਾਲੀ ਵਿੱਚ ਦਰਖਤਾਂ ਦੀ ਛੰਗਾਈ ਲਈ ਟਰੀ ਪਰੂਨਿੰਗ ਮਸ਼ੀਨਾਂ ਖ਼ਰੀਦਣ ਲਈ ਸਾਰੀਆਂ ਅੜਚਣਾਂ ਦੂਰ: ਸਿੱਧੂ

ਹਫ਼ਤੇ ਦੇ ਅੰਦਰ ਅੰਦਰ ਖਰੀਦੀਆਂ ਜਾਣਗੀਆਂ ਪਰੂਨਿੰਗ ਮਸ਼ੀਨਾਂ, ਸ਼ਹਿਰ ਦੇ ਦਾਖ਼ਲਾ ਪੁਆਇੰਟਾਂ ਦਾ ਹੋਵੇਗਾ ਸੁੰਦਰੀਕਰਨ

ਸ਼ਹਿਰ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਦਰਖਤਾਂ ਦੀ ਛੰਗਾਈ ਲਈ ਖਰੀਦੀਆਂ ਜਾਣ ਵਾਲੀਆਂ ਟਰੀ ਪਰੂਨਿੰਗ ਮਸ਼ੀਨਾਂ ਸਬੰਧੀ ਸਾਰੀਆਂ ਅੜਚਣਾਂ ਦੂਰ ਕਰ ਲਈਆਂ ਗਈਆਂ ਹਨ ਅਤੇ ਹਫ਼ਤੇ ਦੇ ਅੰਦਰ-ਅੰਦਰ ਟਰੀ ਪਰੂਨਿੰਗ ਮਸ਼ੀਨਾਂ ਦੀ ਖਰੀਦ ਕਰਕੇ ਸ਼ਹਿਰ ਵਿੱਚ ਪੁੱਜਦੀਆਂ ਕੀਤੀਆਂ ਜਾਣਗੀਆਂ। ਅੱਜ ਇੱਥੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਹਾਲੀ ਵਾਸੀਆਂ ਦੀ ਦਰਖ਼ਤਾਂ ਦੀ ਛੰਗਾਈ ਨੂੰ ਲੈ ਕੇ ਲੰਮੇ ਚਿਰਾਂ ਤੋਂ ਮੰਗ ਚੱਲੀ ਆ ਰਹੀ ਸੀ। ਦਰਖਤਾਂ ਦੀ ਛੰਗਾਈ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਹੁਣ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦੇ ਹੋਏ ਪਰੂਨਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਕੰਮ ਲਈ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ 36 ਲੱਖ ਰੁਪਏ ਦੀ ਗਰਾਂਟ ਆਪਣੇ ਅਖ਼ਤਿਆਰੀ ਫੰਡ ’ਚੋਂ ਦਿੱਤੀ ਗਈ ਸੀ ਅਤੇ ਇਹ 2 ਮਸ਼ੀਨਾਂ 33 ਲੱਖ 99 ਹਜ਼ਾਰ ਰੁਪਏ ਦੀਆਂ ਖਰੀਦੀਆਂ ਜਾਣਗੀਆਂ। ਗਰਾਂਟ ’ਚੋਂ ਬਾਕੀ ਬਚਦੀ ਰਾਸ਼ੀ ਮਸ਼ੀਨਾਂ ਦੇ ਰੱਖ-ਰਖਾਓ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਰਾਸ਼ਟਰਪਤੀ ਭਵਨ ਦਿੱਲੀ, ਨਗਰ ਨਿਗਮ ਕਾਰਪੋਰੇਸ਼ਨ ਦਿੱਲੀ, ਹਰਿਆਣਾ ਰਾਜ ਭਵਨ ਚੰਡੀਗੜ੍ਹ ਅਤੇ ਦੇਸ਼ ਦੇ ਹੋਰਨਾਂ ਵੱਖ-ਵੱਖ ਕਾਰਪੋਰੇਸ਼ਨਾਂ ਵਿੱਚ ਵੀ ਸਫਲਤਾ ਪੂਰਵਕ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਮਹਿੰਗੇ ਭਾਅ ਵਿੱਚ ਵਿਦੇਸ਼ੀ ਮਸ਼ੀਨ ਖਰੀਦੀ ਜਾਣੀ ਸੀ ਪ੍ਰੰਤੂ ਹੁਣ ਘੱਟ ਪੈਸਿਆਂ ਵਿੱਚ 1 ਦੀ ਥਾਂ 2 ਪਰੂਨਿੰਗ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਜਿਸ ਨਾਲ ਡੇਢ ਕਰੋੜ ਰੁਪਏ ਦੀ ਬੱਚਤ ਵੀ ਹੋਵੇਗੀ।
ਮੰਤਰੀ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ ਅਤੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਵਿਕਾਸ ਕੰਮਾਂ ਵਿੱਚ ਕਿਸੇ ਨੂੰ ਅੜਿੱਕਾ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਮਿਸ਼ਨਰ ਨੂੰ ਵਧੀਆ ਆਰਕੀਟੈਕਟ ਤੋਂ ਡਿਜ਼ਾਇਨ ਤਿਆਰ ਕਰਾਉਣ ਲਈ ਵੀ ਆਖਿਆ। ਤਾਂ ਜੋ ਐਂਟਰੀ ਪੁਆਇੰਟਾਂ ’ਤੇ ਕੰਮ ਜਲਦੀ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਨੂੰ ਫੜਨ ਲਈ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਵਿੱਡੀ ਗਈ ਹੈ। ਪਿਛਲੇ ਦਿਨਾਂ ਵਿੱਚ 117 ਆਵਾਰਾ ਪਸ਼ੂ ਫੜੇ ਗਏ ਹਨ ਅਤੇ ਕੁਝ ਪਸ਼ੂ ਪਾਲਕਾਂ ਨੂੰ ਨੋਟਿਸ ਵੀ ਦਿੱਤੇ ਗਏ ਹਨ। ਮੰਤਰੀ ਨੇ ਆਵਾਰਾ ਪਸ਼ੂਆਂ ਨੂੰ ਫੜਨ ਵਾਲੀ ਨਿਗਮ ਟੀਮ ਦੀ ਸੁਰੱਖਿਆ ਲਈ 5 ਪੁਲੀਸ ਮੁਲਾਜ਼ਮ ਮੁਹੱਈਆ ਕਰਨ ਲਈ ਪੁਲੀਸ ਮੁਖੀ ਨਾਲ ਵੀ ਫੋਨ ’ਤੇ ਤਾਲਮੇਲ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਭੁਪਿੰਦਰਪਾਲ ਸਿੰਘ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੁਲਜੀਤ ਸਿੰਘ ਬੇਦੀ, ਰਜਿੰਦਰ ਸਿੰਘ ਰਾਣਾ, ਐਨ.ਐਸ. ਸਿੱਧੂ, ਨਛੱਤਰ ਸਿੰਘ, ਅਮਰੀਕ ਸਿੰਘ ਸੋਮਲ, ਬੀ.ਬੀ. ਮੈਣੀ, ਜਸਵੀਰ ਸਿੰਘ ਮਣਕੂ, ਸੁਰਿੰਦਰ ਰਾਜਪੂਤ (ਸਾਰੇ ਕੌਂਸਲਰ), ਯੂਥ ਆਗੂ ਨਰਪਿੰਦਰ ਸਿੰਘ ਰੰਗੀ ਅਤੇ ਗੁਰਸਾਹਿਬ ਸਿੰਘ ਸਮੇਤ ਨਿਗਮ ਦੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…