ਡਾ. ਐਮਐਸ ਰੰਧਾਵਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ ਲਿਆਵਾਂਗੇ: ਸਿੱਧੂ

ਨਵਜੋਤ ਸਿੱਧੂ ਵੱਲੋਂ ਪੰਜਾਬ ਕਲਾ ਭਵਨ ਵਿੱਚ 7 ਰੋਜ਼ਾ ਡਾ.ਐਮ.ਐਸ.ਰੰਧਾਵਾ ਸਾਹਿਤ ਤੇ ਕਲਾ ਉਤਸਵ ਦਾ ਆਗਾਜ਼

ਵਰਿਆਮ ਸੰਧੂ, ਜਤਿੰਦਰ ਕੌਰ ਤੇ ਜੋਗਿੰਦਰ ਸਿੰਘ ਕੈਰੋਂ ‘ਪੰਜਾਬ ਦਾ ਗੌਰਵ’ ਪੁਰਸਕਾਰ ਨਾਲ ਸਨਮਾਨਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਫਰਵਰੀ:
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੱਤ ਰੋਜ਼ਾ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਦਾ ਆਗਾਜ਼ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਵੱਲੋਂ ਚਿਤਵੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੱਭਿਆਚਾਰਕ ਪੁਨਰ ਜਾਗ੍ਰਿਤੀ ਲਹਿਰ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਲਾ ਪ੍ਰੀਸ਼ਦ ਦੇ ਬੈਨਰ ਹੇਠ ਡਾ. ਸੁਰਜੀਤ ਪਾਤਰ ਦੀ ਅਗਵਾਈ ਵਿੱਚ ਕਲਚਰ ਪਾਰਲੀਮੈਂਟ ਬਣਾ ਕੇ ਅਸ਼ਲੀਲ ਤੇ ਲੱਚਰ ਗਾਇਕੀ ਵਿਰੁੱਧ ਲਾਮਬੰਦ ਹੋਇਆ ਜਾਵੇ।
ਅੱਜ ਇਥੇ ਸੈਕਟਰ-16 ਸਥਿਤ ਕਲਾ ਭਵਨ ਦੇ ਵਿਹੜੇ ਵਿੱਚ ਸ੍ਰੀ ਸਿੱਧੂ ਨੇ ਸ਼ਮਾਂ ਰੌਸ਼ਨ ਕਰ ਕੇ ਡਾ. ਐਮ.ਐਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਸ਼ੁਰੂ ਕਰਨ ਤੋਂ ਪਹਿਲਾਂ ਸ਼ੋਭਾ ਸਿੰਘ ਆਰਟ ਗੈਲਰੀ ਵਿਖੇ ਡਾ. ਰੰਧਾਵਾ ਦੀ ਜੀਵਨ ਨਾਲ ਜੁੜੀਆਂ ਘਟਨਾਵਾਂ ਆਧਾਰਿਤ ਲਗਾਈ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਸ੍ਰੀ ਸਿੱਧੂ ਨੇ ਸੰਬੋਧਨ ਕਰਦਿਆਂ ਡਾ.ਰੰਧਾਵਾ ਨੂੰ ਸੱਚਾ ਕਰਮਯੋਗੀ ਅਤੇ ਬਹੁਪੱਖੀ ਸਖਸ਼ੀਅਤ ਦਾ ਮਾਲਕ ਦੱਸਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਨੂੰ ਵਿਰਸੇ ਵਿੱਚ ਅਜਿਹੇ ਇਨਸਾਨ ਦੀ ਸੋਚ ਅਤੇ ਮਾਰਗ ਦਰਸ਼ਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਨੂੰ ਰੰਧਾਵਾ ਹੁਰਾਂ ਵਰਗੀ ਸੋਚ ਦੀ ਲੋੜ ਹੈ ਜੋ ਸਾਨੂੰ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਲਾ ਪ੍ਰੀਸ਼ਦ ਦੀਆਂ ਗਤੀਵਿਧੀਆਂ ਨੂੰ ਪਿੰਡਾਂ ਤੱਕ ਲਿਜਾਣ ਅਤੇ ਕਲਚਰ ਪਾਰਲੀਮੈਂਟ ਸਥਾਪਤ ਕਰਨ ਦੇ ਟੀਚੇ ਨੂੰ ਡਾ.ਪਾਤਰ ਦੀ ਅਗਵਾਈ ਹੇਠ ਪੂਰਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਕਲਾ ਪ੍ਰੀਸ਼ਦ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ੍ਹਾਂ ਡਾ.ਰੰਧਾਵਾ ਦੇ ਜਨਮ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਮਨਾ ਕੇ ਉਨ੍ਹਾਂ ਦੀ ਸੋਚ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਡਾ.ਰੰਧਾਵਾ ਸਮੁੱਚੀ ਪੰਜਾਬੀਅਤ ਲਈ ਚਾਨਣ ਮੁਨਾਰਾ ਹੈ ਅਤੇ ਉਨ੍ਹਾਂ ਦਾ ਅੱਜ ਵੀ ਇਸ ਖਿੱਤੇ ਦੇ ਕਣ-ਕਣ ਵਿੱਚ ਵਾਸ ਹੈ। ਉਨ੍ਹਾਂ ਕਿਹਾ ਕਿ ਫਸਲਾਂ, ਰੁੱਖਾਂ, ਫੁੱਲਾਂ, ਮਿਊਜ਼ੀਅਮਾਂ ਅਤੇ ਕਲਾਕਾਰਾਂ ਵਿੱਚੋਂ ਡਾ.ਰੰਧਾਵਾ ਦੇ ਦਰਸ਼ਨ ਹੁੰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਬੁਲਾਏ ਪ੍ਰਸਿੱਧ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਡਾ.ਰੰਧਾਵਾ ਦੀ ਨਿੱਜੀ ਜ਼ਿੰਦਗੀ ਅਤੇ ਪ੍ਰਸ਼ਾਸਕੀ ਕਾਰਜਕੁਸ਼ਲਤਾ ਨਾਲ ਜੁੜੀਆਂ ਕਈ ਘਟਨਾਵਾਂ ਸੁਣਾਈਆਂ ਜਿਸ ਦੀ ਸਰੋਤਿਆਂ ਨੇ ਬਹੁਤ ਦਾਦ ਦਿੱਤੀ। ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਡਾ.ਰੰਧਾਵਾ ਸਾਹਿਤ ਤੇ ਕਲਾ ਪ੍ਰੇਮੀ ਸਨ ਉਥੇ ਬਹੁਤ ਹੀ ਕਾਬਲ ਪ੍ਰਸ਼ਾਸਕ ਅਤੇ ਹਾਜ਼ਰ ਜੁਆਬ ਸਨ। ਉਨ੍ਹਾਂ ਆਪਣੇ ਮੌਖਾਲੀਆਂ ਅੰਦਾਜ਼ ਵਿੱਚ ਗੱਲਾਂ ਸੁਣਾਉਂਦਿਆਂ ਖੂਬ ਮਾਹੌਲ ਬੰਨ੍ਹਿਆ।
ਇਸ ਮੌਕੇ ਕਲਾ ਪ੍ਰੀਸ਼ਦ ਵੱਲੋਂ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਰੰਗਮੰਚ ਦੀ ਉੱਘੀ ਅਦਾਕਾਰਾ ਜਤਿੰਦਰ ਕੌਰ ਨੂੰ ‘ਪੰਜਾਬ ਦਾ ਗੌਰਵ’ ਪੁਰਸਕਾਰ ਅਤੇ ਲੋਕਧਾਰਾ ਨਾਲ ਜੁੜੇ ਕਹਾਣੀਕਾਰ ਜੋਗਿੰਦਰ ਸਿੰਘ ਕੈਰੋਂ ਨੂੰ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਿਸ ਵਿੱਚ ਇਕ-ਇਖ ਲੱਖ ਰੁਪਏ ਦਾ ਨਗਦ ਇਨਾਮ ਵੀ ਦਿੱਤਾ। ਇਸ ਮੌਕੇ ਗੁਲਜ਼ਾਰ ਸਿੰਘ ਸੰਧੂ, ਡਾ.ਰੰਧਾਵਾ ਦੇ ਪੋਤਰੇ ਸਤਿੰਦਰ ਰੰਧਾਵਾ, ਲੋਕ ਗਾਇਕਾ ਸੁੱਖੀ ਬਰਾੜ ਦਾ ਵੀ ਸਨਮਾਨ ਕੀਤਾ ਗਿਆ। ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਕਲਾ ਉਤਸਵ ਦੌਰਾਨ ਹੀ ਆਉਂਦੇ ਦਿਨਾਂ ਵਿੱਚ ਬੀ.ਐਨ.ਗੋਸਵਾਮੀ ਨੂੰ ਵੀ ‘ਪੰਜਾਬ ਦਾ ਗੌਰਵ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ, ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ ਤੇ ਹਰਭਜਨ ਸਿੰਘ ਹੁੰਦਲ ਨੂੰ ਉਨ੍ਹਾਂ ਦੇ ਘਰ ਜਾ ਕੇ ‘ਉਮਰ ਕਾਲ ਦੀਆਂ ਪ੍ਰਾਪਤੀਆਂ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਰਾਮਗੜ੍ਹੀਆ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦੋ ਪੰਜਾਬੀ ਗਰੁੱਪ ਗੀਤ ‘ਸਾਡੀ ਸ਼ਾਨ ਪੰਜਾਬੀ, ਸਾਡੀ ਪਹਿਚਾਣ ਪੰਜਾਬੀ, ਸਾਡੀ ਜਿੰਦ-ਜਾਨ ਪੰਜਾਬੀ, ਸਾਡੀ ਮਾਣ ਪੰਜਾਬੀ’ ਅਤੇ ‘ਤੰੂ ਰਾਣੀ ਪੰਜ ਦਰਿਆਵਾਂ ਦੀ, ਕਿਉਂ ਰਹੇ ਗੋਲੀ ਬਣ ਕੇ’ ਗਾ ਕੇ ਮਾਹੌਲ ਨੂੰ ਸੰਗੀਤਕ ਰੰਗ ਦਿੱਤਾ। ਇਸ ਮੌਕੇ ਕਲਾ ਪ੍ਰੀਸ਼ਦ ਦੀ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਲੋਕ ਗਾਇਕ ਪੰਮੀ ਬਾਈ, ਡਾ.ਸੁਰਿੰਦਰ ਗਿੱਲ, ਡਾ.ਦੀਪਕ ਸ਼ਰਮਾ ਤੇ ਡਾ.ਸਾਹਿਬ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…