ਐਨ.ਕੇ. ਸ਼ਰਮਾ ਨੂੰ ਜ਼ਿਲ੍ਹਾ ਜਥੇਦਾਰੀ ਸੌਂਪਣ ਤੋਂ ਟਕਸਾਲੀ ਅਕਾਲੀ ਆਗੂ ਹਾਈ ਕਮਾਂਡ ਤੋਂ ਖ਼ਫ਼ਾ

ਮੁਹਾਲੀ ਤੇ ਡੇਰਾਬੱਸੀ ਹਲਕੇ ਦੇ ਕਈ ਟਕਸਾਲੀ ਪਰਿਵਾਰਾਂ ਦੇ ਕਾਕੇ ਯੂਥ ਵਿੰਗ ਛੱਡ ਕੇ ਕਾਂਗਰਸ ਦਾ ਹੱਥ ਫੜਨ ਲਈ ਉਤਾਵਲੇ

ਮੁਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਸੀਨੀਅਰ ਆਗੂ ਦੀਪਇੰਦਰ ਢਿੱਲੋਂ ਨਾਲ ਮੁਲਾਕਾਤ ਹੋਣ ਚਰਚੇ ਜ਼ੋਰਾਂ ’ਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸਾਬਕਾ ਮੁੱਖ ਸੰਸਦੀ ਸਕੱਤਰ ਤੇ ਡੇਰਾਬੱਸੀ ਦੇ ਵਿਧਾਇਕ ਐਨ.ਕੇ. ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਦਾਰੀ ਸੌਂਪਣ ਤੋਂ ਇਲਾਕੇ ਦੇ ਟਕਸਾਲੀ ਅਕਾਲੀ ਆਗੂ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਅੰਦਰਖ਼ਾਤੇ ਸਖ਼ਤ ਖ਼ਫ਼ਾ ਹਨ। ਪਾਰਟੀ ਵਿੱਚ ਹੁਣੇ ਤੋਂ ਅੰਦਰਖ਼ਾਤੇ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਜਥੇਬੰਦਕ ਢਾਂਚੇ ਦੀ ਬਣਤਰ ਤੋਂ ਪਹਿਲਾਂ ਹੀ ਧੜੇਬੰਦੀ ਪੈਦਾ ਹੋ ਗਈ ਹੈ। ਵੱਖ ਵੱਖ ਆਗੂਆਂ ਨੇ ਹੁਣੇ ਤੋਂ ਧੜਿਆਂ ਵਿੱਚ ਵੰਡ ਕੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਬੀਤੇ ਦਿਨੀਂ ਪਾਰਟੀ ਦੇ 97ਵੇਂ ਸਥਾਪਨਾ ਦਿਵਸ ਵਿੱਚ ਵੀ ਸ਼ਾਮਲ ਹੋਣ ਲਈ ਆਗੂਆਂ ਨੇ ਇਕੱਠੇ ਜਾਣ ਦੀ ਬਜਾਏ ਵੱਖੋ ਵੱਖਰੇ ਤੌਰ ’ਤੇ ਸ਼ਿਰਕਤ ਕੀਤੀ। ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਮੁਹਾਲੀ ਤੋਂ ਸਭ ਤੋਂ ਘੱਟ ਆਗੂ ਅਤੇ ਵਰਕਰ ਸਥਾਪਨਾ ਸਮਾਗਮ ਵਿੱਚ ਪੁੱਜੇ ਸੀ। ਕਈ ਆਗੂਆਂ ਨੇ ਫੋਟੋਆਂ ਕਾਫ਼ਲਿਆਂ ਨਾਲ ਖਿਚਵਾਈਆਂ ਪ੍ਰੰਤੂ ਸਮਾਗਮ ਵਿੱਚ ਇਕੱਲੇ ਹੀ ਪੁੱਜੇ ਸੀ। ਇਹੀ ਨਹੀਂ ਪਾਰਟੀ ਪ੍ਰਧਾਨ ਦੇ ਹੁਕਮਾਂ ’ਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਪੁਲੀਸ ਵਧੀਕੀਆਂ ਖ਼ਿਲਾਫ਼ ਬਲੌਂਗੀ ਬੈਰੀਅਰ ’ਤੇ ਦਿੱਤੇ ਰੋਸ ਧਰਨੇ ਮੌਕੇ ਵੀ ਜ਼ਿਆਦਾਤਰ ਟਕਸਾਲੀ ਆਗੂ ਗ਼ੈਰ ਹਾਜ਼ਰ ਰਹੇ ਸਨ। ਇਸ ਬਾਰੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਰਮਾ ਦੀ ਅਗਵਾਈ ਬਿਲਕੁਲ ਵੀ ਪ੍ਰਵਾਨ ਨਹੀਂ ਹੈ।
ਇਲਾਕੇ ਦੇ ਕਈ ਟਕਸਾਲੀ ਆਗੂਆਂ ਨੇ ਚੋਣਵੇਂ ਮੀਡੀਆ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ 80 ਤੋਂ 90 ਫੀਸਦੀ ਸਿੱਖਾਂ ਦੀ ਆਬਾਦੀ ਹੈ ਅਤੇ ਮੁਹਾਲੀ ਦਾ ਨਾਂ ਵੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਂ ’ਤੇ ਵਸਾਇਆ ਗਿਆ ਹੈ ਪ੍ਰੰਤੂ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਦੀ ਹਾਈ ਕਮਾਂਡ ਨੇ ਕਿਸੇ ਟਕਸਾਲੀ ਆਗੂ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਇੱਕ ਹਿੰਦੂ ਆਗੂ ਜਥੇਦਾਰੀ ਦੇ ਕੇ ਨਾਇਨਸਾਫ਼ੀ ਕੀਤੀ ਹੈ। ਆਗੂਆਂ ਨੇ ਸ੍ਰੀ ਸ਼ਰਮਾ ’ਤੇ ਟਕਸਾਲੀ ਪਰਿਵਾਰਾਂ ਨਾਲ ਰਵੱਈਆ ਠੀਕ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਦਾ ਹਰਿਆਵਲ ਦਸਤਾ ਯੂਥ ਅਕਾਲੀ ਦਲ ਦੇ ਕਈ ਸਰਗਰਮ ਆਗੂ ਸ਼ਰਮਾ ਦੀਆਂ ਕਥਿਤ ਵਧੀਕੀਆਂ ਕਾਰਨ ਪਾਰਟੀ ਨੂੰ ਅਲਵਿਦਾ ਆਖਣ ਲਈ ਮਜਬੂਰ ਹੋ ਰਹੇ ਹਨ। ਪੁੱਛਣ ’ਤੇ ਆਗੂ ਨੇ ਦੱਸਿਆ ਕਿ ਜੇ ਉਹ ਪਾਰਟੀ ਛੱਡਣਗੇ ਤਾਂ ਕਾਂਗਰਸ ਵਿੱਚ ਹੀ ਜਾਣਗੇ।
ਇੱਕ ਆਗੂ ਨੇ ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਸੀਨੀਅਰ ਆਗੂ ਦੀਪਇੰਦਰ ਸਿੰਘ ਢਿੱਲੋਂ ਨਾਲ ਗੁਪਤ ਤੌਰ ’ਤੇ ਤਾਲਮੇਲ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਵੀ ਡੇਰਾਬੱਸੀ ਤੋਂ ਐਸਜੀਪੀਸੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ, ਅਕਾਲੀ ਦਲ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਅਮਰੀਕ ਸਿੰਘ ਮਲਕਪੁਰ ਅਤੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਛੱਡ ਕੇ ਆਪਣੇ ਹੱਥ ਵਿੱਚ ਅਰਵਿੰਦ ਕੇਜਰੀਵਾਲ ਦਾ ਝਾੜੂ ਚੁੱਕ ਲਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਐਨ.ਕੇ. ਸ਼ਰਮਾ ਨੇ ਚੋਣ ਜਿੱਤ ਗਏ ਸੀ। ਇਨ੍ਹਾਂ ’ਚੋਂ ਨਿਰਮੈਲ ਜੌਲਾ ਮੁੜ ਪਾਰਟੀ ਵਿੱਚ ਵਾਪਸ ਆ ਗਏ ਹਨ ਲੇਕਿਨ ਜਥੇਦਾਰ ਮਲਕਪੁਰ, ਮਹਿੰਦਰ ਸਿੰਘ ਜਲਾਲਪੁਰ, ਦਵਿੰਦਰ ਸਿੰਘ ਅਤੇ ਹੋਰ ਆਗੂ ਹਾਲੇ ਚੁੱਪ ਬੈਠੇ ਹਨ। ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਰਾਣੀ ਮਾਜਰਾ, ਬਲਕਾਰ ਸਿੰਘ ਅਤੇ ਭੁਪਿੰਦਰ ਸਿੰਘ ਪਹਿਲਾਂ ਹੀ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਹਨ। ਹੁਣ ਸ੍ਰੀ ਸ਼ਰਮਾ ਨੂੰ ਜ਼ਿਲ੍ਹਾ ਜਥੇਦਾਰੀ ਮਿਲਣ ਤੋਂ ਬਾਅਦ ਟਕਸਾਲੀ ਆਗੂ ਹਾਈ ਕਮਾਂਡ ਤੋਂ ਅੰਦਰਖ਼ਾਤੇ ਖ਼ਫ਼ਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਜਥੇਦਾਰੀ ਕਿਸੇ ਸਿੱਖ ਵਿਚਾਰਧਾਰਾ ਵਾਲੇ ਆਗੂ ਨੂੰ ਹੀ ਦਿੱਤੀ ਜਾਣੀ ਬਣਦੀ ਸੀ।
(ਬਾਕਸ ਆਈਟਮ)
ਉਧਰ, ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਹਾਈ ਕਮਾਂਡ ਨੇ ਹਮੇਸ਼ਾ ਸਾਰੇ ਵਰਗਾਂ ਅਤੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਿਆਂ ਯੋਗ ਵਿਅਕਤੀਆਂ ਨੂੰ ਪ੍ਰਤੀਨਿੱਧਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਗੁਰੂਆਂ ਦੇ ਦਿਖਾਏ ਮਾਰਗ ’ਤੇ ਚੱਲਣ ਵਿੱਚ ਵਿਸਵਾਸ ਰੱਖਦੇ ਹਨ। ਪ੍ਰਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਇਸ ਨੂੰ ਪੁਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾਭਾਵਨਾ ਨਿਭਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਫ਼ਾਦਾਰ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …