ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਠੇਕੇਦਾਰੀ ਸਿਸਟਮ ਬੰਦ ਹੋਵੇ: ਕੁਲਦੀਪ ਕੌਰ ਧਨੋਆ
ਨਬਜ਼-ਏ-ਪੰਜਾਬ, ਮੁਹਾਲੀ, 12 ਫਰਵਰੀ:
ਇੱਥੋਂ ਦੇ ਵਾਰਡ ਨੰਬਰ-29 (ਸੈਕਟਰ-69) ਤੋਂ ਆਜ਼ਾਦ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਠੇਕੇਦਾਰੀ ਸਿਸਟਮ ਉੱਤੇ ਨਿਰਭਰ ਹੋਣ ਦੀ ਬਜਾਏ ਵਲੰਟੀਅਰ ਤੌਰ ’ਤੇ ਕੰਮ ਕਰਨ ਵਾਲੀਆਂ ਸਮਾਜ ਭਲਾਈ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀ ਆਪਣੇ ਸ਼ਹਿਰ ਨੂੰ ਸਫ਼ਾਈ ਪੱਖੋਂ ਚੰਡੀਗੜ੍ਹ ਤੋਂ ਅੱਗੇ ਦੇਖਣਾ ਚਾਹੁੰਦੇ ਹਨ ਪ੍ਰੰਤੂ ਅਜਿਹਾ ਲੋਕਾਂ ਦੇ ਭਰਪੂਰ ਸਹਿਯੋਗ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਹਾਸ਼ੀਏ ’ਤੇ ਹੈ ਅਤੇ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਯਤਨ ਕਰਨ ਦੇ ਬਾਵਜੂਦ ਸਫ਼ਾਈ ਵਿਵਸਥਾ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ।
ਬੀਬੀ ਧਨੋਆ ਨੇ ਕਿਹਾ ਕਿ ਭਾਵੇਂ ਠੇਕੇਦਾਰ ਵੱਲੋਂ ਲੇਬਰ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਸਬੰਧੀ ਐਗਰੀਮੈਂਟ ਕੀਤਾ ਹੁੰਦਾ ਹੈ ਪ੍ਰੰਤੂ ਜ਼ਮੀਨੀ ਪੱਧਰ ’ਤੇ ਅਜਿਹਾ ਕੁੱਝ ਵੀ ਨਹੀਂ ਹੁੰਦਾ ਹੈ। ਇੱਥੋਂ ਤੱਕ ਕਿ ਸਫ਼ਾਈ ਸੇਵਕਾ ਕੋਲ ਰੋਜ਼ਾਨਾ ਲੋੜੀਂਦੇ ਅੌਜ਼ਾਰਾਂ (ਕਹੀ, ਬੁਸ਼ ਕਟਰ ਅਤੇ ਲੋੜ ਅਨੁਸਾਰ ਟਰੈਕਟਰ ਟਰਾਲੀ) ਦਾ ਇੰਤਜ਼ਾਮ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਜਿਹੜੇ ਪਾਰਕ ਭਲਾਈ ਸੰਸਥਾਵਾਂ ਦੇ ਸਪੁਰਦ ਕੀਤੇ ਹੋਏ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਬਾਕੀ ਪਾਰਕਾਂ ਨਾਲੋਂ ਬਿਹਤਰ ਹੈ।