ਪੰਜਾਬ ਵਿੱਚ ਤੰਬਾਕੂਨੋਸ਼ੀ ਛੂਡਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੋਵੇਗੀ ਪੀੜਤਾਂ ਦੀ ਕੌਂਸਲਿੰਗ: ਵਿੰਨੀ ਮਹਾਜਨ

ਤੰਬਾਕੂ ਦੀ ਵਰਤੋਂ ਪੁਰਸ਼ਾਂ ਵਿੱਚ 33.8 ਫੀਸਦੀ ਤੋਂ ਘੱਟ ਕੇ 19.2 ਪ੍ਰਤੀਸ਼ਤ, ਅੌਰਤਾਂ ’ਚ 0.8 ਫੀਸਦੀ ਤੋਂ ਘੱਟ ਕੇ 0.1 ਫੀਸਦੀ ਹੋਈ

ਅੰਕੁਰ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਦਸੰਬਰ:
ਪੰਜਾਬ ਵਿੱਚ ਤੰਬਾਕੂ ਨੋਸ਼ੀ ਛੁਡਾਉਣ ਲਈ ਨਸ਼ਾ ਛੁਡਾਉ ਕੇਂਦਰਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਬਹੁਤਾਤ ਕਾਉਸਲਿੰਗ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਪੰਜਾਬ) ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਨੂੰ ਹੋਰ ਘਟਾਉਣਾ ਹੈ। ਤੰਬਾਕੂ ਦੀ ਵਰਤੋਂ ਘੱਟਣ ਨਾਲ ਨਾਨ ਕਮਿਊਨੀਕੇਬਲ ਬਿਮਾਰੀਆਂ ਜਿਵੇਂ ਕੈਂਸਰ, ਕਾਰਡਿਓਵੈਸਕੁਲਰ ਰੋਗ ਅਤੇ ਟੀਬੀ ਆਦਿ ਰੋਗ ਵੀ ਘੱਟ ਜਾਣਗੇ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੰਬਾਕੂ ਦੀ ਸਮੱਸਿਆ ਨਾਲ ਨਜਿੱਠਣ ਲਈ ਗੰਭੀਰ ਯਤਨ ਕਰ ਰਹੀ ਹੈ। ਨੌਜਵਾਨਾਂ ਅਤੇ ਬੱਚਿਆਂ ਨੂੰ ਤੰਬਾਕੂ/ਨਿਕੋਟੀਨ ਤੋਂ ਬਚਾਉਣ ਲਈ ਸਰਕਾਰ ਵੱਲੋਂ ਤੰਬਾਕੂ ਕੰਟਰੋਲ ਐਕਟ 2003 ਅਧੀਨ ਸਿਗਰੇਟ/ਨਿਕੋਟੀਨ ਤੇ ਪਾਬੰਦੀ, ਫੂਡ ਸੇਫਟੀ ਐਕਟ ਅਧੀਨ ਖਾਣ ਵਾਲੇ ਸੁਗੰਧਤ ਤੰਬਾਕੂ ਤੇ ਪਾਬੰਦੀ ਅਤੇ ਡਰੱਗਸ ਐਂਡ ਕੌਸਮੈਟਿਕ ਐਕਟ ਅਧੀਨ ਈ-ਸਿਗਰੇਟ ਤੇ ਪਾਬੰਦੀ ਆਦਿ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਨੈਸ਼ਨਲ ਫੈਮਿਲੀ ਹੈਲਥ ਸਰਵੇ-4, 2015-16 ਅਨੁਸਾਰ ਪਿੱਛਲੇ 10 ਸਾਲਾਂ ਵਿੱਚ ਪੰਜਾਬ ਦੇ ਮਰਦਾਂ ਵਿੱਚ ਤੰਬਾਕੂ ਦੀ ਵਰਤੋਂ ਵਿੱਚ 33.8 ਪ੍ਰਤੀਸ਼ਤ ਤੋਂ ਘੱਟ ਕੇ 19.2 ਪ੍ਰਤੀਸ਼ਤ ਹੋ ਗਈ ਹੈ, ਅੌਰਤਾਂ ਵਿੱਚ 0.8 ਪ੍ਰਤੀਸ਼ਤ ਤੋਂ ਘੱਟ ਕੇ 0.1 ਪ੍ਰਤੀਸ਼ਤ ਹੋ ਗਈ ਹੈ। ਇਸਦੇ ਨਾਲ ਨਾਲ ਪਿੱਛਲੇ ਇੱਕ ਸਾਲ ਵਿੱਚ 24.4 ਪ੍ਰਤੀਸ਼ਤ ਮਰਦ ਤੰਬਾਕੂ ਦੀ ਆਦਤ ਛੱਡਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਅਜਿਹੇ ਸਮੇਂ ਵਿੱਚ ਤੰਬਾਕੂ ਦੀ ਰੋਕਥਾਮ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਐਚ.ਐਸ. ਬਾਲੀ ਨੇ ਦੱਸਿਆ ਕਿ ਜੋ ਲੋਕ ਤੰਬਾਕੂ ਦੀ ਲੱਤ/ਆਦਤ ਛੱਡਣਾ ਚਾਹੁੰਦੇ ਹਨ, ਉਹ ਵੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਚੱਲ ਰਹੇ 31 ਨਸ਼ਾ ਛੁਡਾਉ ਕੇਂਦਰਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਵੇ ਹੋਣ ਤੋਂ ਇੱਕ ਸਾਲ ਪਹਿਲਾਂ ਪੀਜੀਆਈ ਚੰਡੀਗੜ੍ਹ ਅਤੇ ਡਾ. ਰਾਕੇਸ਼ ਗੁਪਤਾ, ਡਿਪਟੀ ਡਾਇਰੈਕਟਰ ਸਿਹਤ ਵਿਭਾਗ, ਪੰਜਾਬ ਵੱਲੋਂ ਮਾਰਚ 2015 ਤੋਂ 2016 ਤੱਕ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਦੇ ਮਾਪਦੰਡ ਬਾਰੇ ਅਧਿਐਨ ਕੀਤਾ ਗਿਆ।
ਇਸ ਅਧਿਐਨ ਦੇ ਡਾਟਾ ਅਨੁਸਾਰ 97.4 ਪ੍ਰਤੀਸ਼ਤ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕ ਤੰਬਾਕੂ ਪਦਾਰਥ ਦੇ ਪੈਕਟਾਂ ਤੇ ਬਣੀ ਸਿਹਤ ਚਿਤਾਵਨੀ ਨੂੰ ਨੋਟਿਸ ਕਰਦੇ ਹਨ, ਜਿਨ੍ਹਾਂ ਵਿੱਚੋਂ 61.5 ਪ੍ਰਤੀਸ਼ਤ ਤੰਬਾਕੂ ਨੋਸ਼ੀ ਕਰਨ ਵਾਲੇ ਤੰਬਾਕੂ/ਸਿਗਰੋਟ ਨੋਸ਼ੀ ਛੱਡਣ ਬਾਰੇ ਸੋਚਦੇ ਹਨ। ਇਨ੍ਹਾਂ ਵਿੱਚੋਂ 25-44 ਸਾਲ ਦੀ ਉਮਰ ਵਰਗ ਦੇ ਲੋਕ ਤੰਬਾਕੂ ਪਦਾਰਥਾਂ ਦੇ ਪੈਕਟਾਂ ਤੇ ਬਣੀ ਇਹ ਸਿਹਤ ਚਿਤਾਵਨੀ ਜ਼ਿਆਦਾ ਨੋਟਿਸ ਕਰਦੇ ਹਨ। ਇਹ ਅੰਕੜੇ ਬਹੁਤ ਹੀ ਮਹੱਤਵਪੂਰਣ ਹਨ, ਕਿਉਂਕਿ ਅਜੇ ਤੱਕ ਕੋਈ ਵੀ ਹੋਰ ਅਜਿਹਾ ਡਾਟਾ ਉਪਲਬੱਧ ਨਹੀਂ ਹੈ, ਜਿਸ ਵਿੱਚ ਇਹ ਦਰਸ਼ਾਇਆ ਗਿਆ ਹੋਵੇ ਕਿ ਤੰਬਾਕੂ ਪਦਾਰਥਾਂ ਦੇ ਪੈਕਟਾਂ ਤੇ ਬਣੇ ਸਿਹਤ ਚਿਤਾਵਨੀ ਚਿੰਨ ਤੰਬਾਕੂ/ਨਿਕੋਟੀਨ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਵਿਵਹਾਰ ਵਿੱਚ ਬਦਲਾਓ ਲਿਆਉਂਦੇ ਹਨ। ਇਸ ਤਰ੍ਹਾਂ ਨਸ਼ਾ ਛੁਡਾਉ ਕੇਂਦਰਾਂ ਵਿੱਚ ਤੰਬਾਕੂ/ਨਿਕੋਟੀਨ ਉਪਭੋਗੀਆਂ ਦੀ ਕਾਉਸਲਿੰਗ ਤੇ ਇਲਾਜ ਬਹੁਤ ਹੀ ਅਸਰਦਾਰ ਸਾਬਿਤ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …