nabaz-e-punjab.com

ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਪੱਧਰੀ ਧਰਨੇ ਨੂੰ ਸਫਲ ਬਣਾਉਣ ਲਈ ਜ਼ਿਲ੍ਹਾਵਾਰ ਡਿਊਟੀਆਂ ਲਾਈਆਂ

ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ:
ਪੰਜਾਬ ਰਾਜ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਨੀ ਦੀ ਅਹਿਮ ਮੀਟਿੰਗ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਵੈਟਰਨਰੀ ਡਾਕਟਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ ਇੱਕ ਸਤੰਬਰ ਨੂੰ ਮੁਹਾਲੀ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਮੁਜ਼ਾਹਰੇ ਨੂੰ ਸਮਰਥਨ ਦੇਣ ਦਾ ਫ਼ੈਸਲਾ ਲੈਂਦਿਆਂ ਸਮੂਹ ਵੈਟਰਨਰੀ ਅਫ਼ਸਰ ਕਾਡਰ ਵੱਲੋਂ ਧਰਨੇ ਵਿੱਚ ਸ਼ਾਮਲ ਹੋਣ ਲਈ ਮਤਾ ਪਾਸ ਕੀਤਾ ਗਿਆ ਅਤੇ ਧਰਨੇ ਨੂੰ ਸਫਲ ਬਣਾਉਣ ਲਈ ਜ਼ਿਲ੍ਹਾਵਾਰ ਡਿਊਟੀਆਂ ਲਗਾਈਆਂ ਗਈਆਂ।
ਅੱਜ ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਪੁਨੀਤ ਮਲਹੋਤਰਾ ਨੇ ਦੱਸਿਆ ਕਿ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਅਫ਼ਸਰਾਂ ਨਾਲ ਤਨਖ਼ਾਹ ਸਮਾਨਤਾ ਪਿਛਲੇ ਚਾਰ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਇਹ ਤਨਖ਼ਾਹ ਸਮਾਨਤਾ ਹਾਈ ਕੋਰਟ ਦੇ ਇੱਕ ਅਹਿਮ ਫ਼ੈਸਲੇ ਉਪਰੰਤ ਲਾਗੂ ਕੀਤੀ ਗਈ ਸੀ ਪਰ ਪਿਛਲੀ ਸਰਕਾਰ ਨੇ ਪੰਜਾਬ ਅਤੇ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰਕੇ ਹੋਏ ਵੈਟਰਨਰੀ ਅਫ਼ਸਰਾਂ ਦੇ ਤਨਖ਼ਾਹ ਸਕੇਲ ਘਟਾ ਕੇ ਮੈਡੀਕਲ ਅਫ਼ਸਰਾਂ ਨਾਲੋਂ ਇਹ ਸਮਾਨਤਾ ਤੋੜ ਦਿੱਤੀ। ਜਿਸ ਨਾਲ ਸਮੁੱਚੇ ਵੈਟਰਨਰੀ ਭਾਈਚਾਰੇ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਮੌਜੂਦਾ ਸਰਕਾਰ ਵੱਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਕੋਈ ਤਰਕਸੰਗਤ ਹੱਲ ਨਹੀਂ ਕੱਢਿਆ ਜਾ ਰਿਹਾ।
ਸਰਕਾਰ ਦੀ ਇਸ ਟਾਲ-ਮਟੋਲ ਨੀਤੀ ਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਵੈਟਰਨਰੀ ਅਫ਼ਸਰ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਦੀ ਰਾਹ ’ਤੇ ਹਨ। ਜਿਸ ਤਹਿਤ ਵੈਟਰਨਰੀ ਅਫ਼ਸਰਾਂ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ, ਸਕੂਲੀ ਲੈਕਚਰ, ਮਸਨੂਈ ਗਰਭਦਾਨ ਸੇਵਾਵਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇਸੇ ਲੜੀ ਤਹਿਤ ਇੱਕ ਸਤੰਬਰ ਨੂੰ ਮੁਹਾਲੀ ਸਥਿਤ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਡਾ. ਅਮਿਤ ਨੈਣ ਮੈਂਬਰ ਵੈਟਰਨਰੀ ਕੌਂਸਲ ਆਫ਼ ਇੰਡੀਆ, ਡਾ. ਸੁਖਰਾਜ ਸਿੰਘ ਸੂਬਾ ਸਕੱਤਰ ਜਨਰਲ, ਡਾ. ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ. ਤਜਿੰਦਰ ਸਿੰਘ, ਡਾ. ਵਿਪਨ ਬਰਾੜ, ਡਾ. ਮੁਨੀਸ਼ ਜੁਲਕਾ ਮੀਤ ਪ੍ਰਧਾਨ, ਡਾ. ਨਿਤਿਨ ਗੌਤਮ ਕੈਸ਼ੀਅਰ, ਡਾ. ਮਨਦੀਪ ਧਾਮੀ ਕਨਵੀਨਰ ਯੂਥ ਵਿੰਗ, ਡਾ. ਹਰਮਨ ਜੋਸਨ ਸਕੱਤਰ, ਡਾ. ਅਮਿਤ ਸ਼ਰਮਾ ਹੁਸ਼ਿਆਰਪੁਰ, ਡਾ. ਜਤਿੰਦਰ ਸਿੰਘ ਨਵਾਂ ਸ਼ਹਿਰ, ਡਾ. ਰਣਦੀਪ ਸ਼ਰਮਾ ਫ਼ਰੀਦਕੋਟ, ਡਾ. ਗੋਪਾਲ ਰੂਪਨਗਰ, ਡਾ. ਅਮਿਤ ਪਠਾਨਕੋਟ, ਡਾ. ਰਵੀ ਭੂਸ਼ਣ ਮਾਨਸਾ, ਡਾ. ਰਵੀ ਸਿੰਗਲਾ, ਡਾ. ਗੁਰਜਾਪ ਸਿੰਘ ਪਟਿਆਲਾ, ਡਾ. ਸੁਖਹਰਮਨ ਸ਼ੇਰਗਿੱਲ, ਡਾ. ਉਮਰਦੀਨ ਬਰਨਾਲਾ, ਡਾ. ਅਮਨਬੀਰ ਫਿਰੋਜ਼ਪੁਰ, ਡਾ. ਹਰਦਿਲਵਰ ਪ੍ਰੀਤ ਮਲੇਰਕੋਟਲਾ ਅਤੇ ਕਾਰਜਕਾਰਨੀ ਦੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…