nabaz-e-punjab.com

ਪੰਜਾਬ ਕੈਬਨਿਟ ਦੇ ਵਾਧੇ ਲਈ ਬਜਟ ਸੈਸ਼ਨ ਤੋਂ ਬਾਅਦ ਰਾਹੁਲ ਗਾਂਧੀ ਤੋਂ ਮੁਲਾਕਾਤ ਲਈ ਸਮਾਂ ਮੰਗਣਗੇ ਮੁੱਖ ਮੰਤਰੀ

ਜਸਟਿਸ ਰਣਜੀਤ ਸਿੰਘ ਨੂੰ ਮਿਲਣ ਲਈ ਸਮਾਂ ਦੇਣ ਤੋਂ ਨਾਂਹ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ: ਮੁੱਖ ਮੰਤਰੀ

ਜਾਂਚ ਕਮਿਸ਼ਨ ਦੀ ਪੜਤਾਲ ਅਜੇ ਮੁਕੰਮਲ ਨਹੀਂ ਹੋਈ, ਸਿੱਧੂ ਦੇ ਟੀਵੀ ਸ਼ੋਅ ਲਈ ਕੰਮ ਕਰਨ ’ਤੇ ਕੁਝ ਵੀ ਗਲਤ ਨਹੀਂ

ਗੈਰ-ਕਾਨੂੰਨੀ ਖਣਨ ’ਤੇ ਕਾਬੂ ਪਾਉਣ ਨਾਲ ਰੇਤਾ-ਬੱਜਰੀ ਦੀਆਂ ਕੀਮਤਾਂ ਘਟਣ ਦਾ ਦਾਅਵਾ

ਨਸ਼ਿਆਂ ਦੇ ਮਾਮਲਿਆਂ ਅਤੇ ਸਿੰਚਾਈ ਘੁਟਾਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਮਾਰਚ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਹੋਰ ਵਾਧਾ ਕਰਨ ਦੀ ਚਰਚਾ ਛਿੜਨ ਨਾਲ ਕਾਂਗਰਸੀ ਵਿਧਾਇਕ ਮੁੜ ਤੋਂ ਸਰਗਰਮ ਹੋ ਗਏ ਹਨ। ਪੰਜਾਬ ਵਜ਼ਾਰਤ ਵਿੱਚ ਵਿਸਥਾਰ ਬਾਰੇ ਸਵਾਲ ਉੱਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਜਟ ਇਜਲਾਸ ਬਾਅਦ ਉਹ ਜਲਦੀ ਇਸ ਬਾਰੇ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੇਅਦਬੀ ਮਾਮਲਿਆਂ ਬਾਰੇ ਆਪਣੀ ਰਿਪੋਰਟ ਸੌਂਪਣ ਲਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਨੂੰ ਸਮਾਂ ਦੇਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਰੱਦ ਕਰ ਦਿੱਤਾ ਅਤੇ ਉਨ੍ਹਾਂ ਆਖਿਆ ਕਿ ਕਮਿਸ਼ਨ ਨੇ ਅਜੇ ਆਪਣੀ ਜਾਂਚ ਮੁਕੰਮਲ ਕਰਨੀ ਹੈ ਜਿਸ ਕਰਕੇ ਅੰਤਮ ਰਿਪੋਰਟ ਸੌਂਪਣ ਲਈ ਤਿਆਰ ਨਹੀਂ ਹੋਈ।
ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਵੱਲੋਂ ਟੀ.ਵੀ. ਸ਼ੋਅ ਕਰਨ ਦਾ ਫੈਸਲਾ ਲੈਣ, ਸੂਬੇ ਵਿੱਚ ਰੇਤਾ-ਬੱਜਰੀ ਦੇ ਭਾਅ ਵਧਣ, ਸਿੰਚਾਈ ਘੁਟਾਲਾ, ਐਸ.ਟੀ.ਐਫ. ਦੀ ਰਿਪੋਰਟ ਲੀਕ ਹੋਣ, ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਕਰਵਾਉਣ ਦੀ ਆਗਿਆ ਅਤੇ ਕੈਬਨਿਟ ਦੇ ਵਿਸਥਾਰ ਸਮੇਤ ਕਈ ਮੁੱਦਿਆਂ ’ਤੇ ਆਪਣੇ ਸਟੈਂਡ ਸਪੱਸ਼ਟ ਕੀਤਾ। ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਦੇ ਜਾਂਚ ਕਮਿਸ਼ਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿ ਕਮਿਸ਼ਨ ਨੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਸਬੰਧੀ ਜਾਂਚ ਮੁਕੰਮਲ ਕਰ ਲਈ ਹੈ ਜਦਕਿ ਸ੍ਰੀਮੱਦ ਭਗਵਤ ਗੀਤਾ, ਕੁਰਾਨ ਅਤੇ ਸ੍ਰੀ ਗੁਟਕਾ ਸਾਹਿਬ ਦੇ ਹੋਰ ਮਾਮਲਿਆਂ ਦੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਂਚ ਰਿਪੋਰਟ ਵੱਖ-ਵੱਖ ਹਿੱਸਿਆਂ ਵਿੱਚ ਲੈਣ ਦੀ ਬਜਾਏ ਪੂਰੀ ਜਾਂਚ ਰਿਪੋਰਟ ਹਾਸਲ ਕੀਤੀ ਜਾਵੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਟੈਲੀਵਿਜ਼ਨ ਸ਼ੋਅ ਵਿੱਚ ਹਿੱਸਾ ਲੈਣ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਪਣੇ ਪਹਿਲੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਕੁਝ ਵੀ ਗਲਤ ਨਹੀਂ ਲਗਦਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੱਧੂ ਦੀ ਰੋਜ਼ੀ-ਰੋਟੀ ਦਾ ਵਸੀਲਾ ਹੈ। ਉਨ੍ਹਾਂ ਕਿਹਾ,‘‘ਜੇਕਰ ਕੱਲ੍ਹ ਮੈਨੂੰ ਕੋਈ ਖੇਤੀਬਾੜੀ ਛੱਡਣ ਲਈ ਕਹਿ ਦੇਵੇ ਤਾਂ ਤੁਸੀਂ ਸੋਚਦੇ ਮੈਂ ਅਜਿਹਾ ਕਰਦਾ ਸਕਦਾਂ ਕਿਉਂ ਜੋ ਇਹ ਮੇਰੀ ਰੋਜ਼ੀ-ਰੋਟੀ ਦਾ ਸਾਧਨ ਹੈ।’’ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਿਸਵਾਂ ਵਿੱਚ ਆਪਣੇ ਫਾਰਮ ਹਾਊਸ ਵਿਖੇ ਕਿਸੇ ਕਿਸਮ ਦੀ ਉਸਾਰੀ ਦੇ ਕੰਮ ਜਾਂ ਟਿਊਬਵੈਲ ਲਾਉਣ ਲਈ ਬੋਰ ਕਰਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਅਥਾਰਟੀਆਂ ਤੋਂ ਬਕਾਇਦਾ ਪ੍ਰਵਾਨਗੀਆਂ ਤੇ ਮਨਜ਼ੂਰੀਆਂ ਹਾਸਲ ਕੀਤੀ ਹਨ। ਸਿੰਚਾਈ ਵਿਭਾਗ ਵਿੱਚ ਬਹੁ-ਕਰੋੜੀ ਘੁਟਾਲਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਸਿਆਸੀ ਅਸਰ-ਰਸੂਖ ਦਾ ਲਿਹਾਜ਼ ਕੀਤੇ ਬਿਨਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੇਤ ਅਤੇ ਬੱਜਰੀ ਦੇ ਆਸਮਾਨੀ ਚੜ੍ਹੇ ਭਾਅ ਬਾਰੇ ਸਵਾਲ ਉਤੇ ਮੁੱਖ ਮੰਤਰੀ ਨੇ ਇਸ ਨੂੰ ਉਨ੍ਹਾਂ ਦੀ ਸਰਕਾਰ ਦੇ ਗ਼ੈਰਕਾਨੂੰਨੀ ਖਣਨ ਖ਼ਿਲਾਫ਼ ਕਾਰਵਾਈ, ਜਿਸ ਕਾਰਨ ਨਿਰਮਾਣ ਸਮੱਗਰੀ ਦੀ ਘਾਟ ਆ ਗਈ ਹੈ, ਦਾ ਨਤੀਜਾ ਦੱਸਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਸਬ-ਕਮੇਟੀ ਕਾਇਮ ਕੀਤੀ ਗਈ ਹੈ, ਜੋ ਰੇਤ ਤੇ ਬੱਜਰੀ ਦੀ ਵਾਜ਼ਬ ਕੀਮਤ ਉਤੇ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਸਥਿਤੀ ’ਤੇ ਨਜ਼ਰ ਰੱਖਣ ਅਤੇ ਅਸਰਦਾਰ ਢੰਗ ਨਾਲ ਗ਼ੈਰਕਾਨੂੰਨੀ ਖਣਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਫ਼ਾਰਸ਼ਾਂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵੱਲੋਂ ਜਲਦੀ ਰਿਪੋਰਟ ਸੌਂਪੀ ਜਾਵੇਗੀ, ਜਿਸ ਬਾਅਦ ਮੌਜੂਦਾ ਸੰਕਟ ਹੱਲ ਹੋ ਜਾਵੇਗਾ। ਮੀਡੀਆ ਵਿੱਚ ਐਸਟੀਐਫ ਰਿਪੋਰਟ ਦੇ ਲੀਕ ਹੋਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਉਸ ਦੇ ਰਾਜਸੀ ਰੁਤਬੇ ਜਾਂ ਪਾਰਟੀ ਦੀ ਪ੍ਰਵਾਹ ਕੀਤੇ ਬਗ਼ੈਰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇਗੀ।
ਜਨਤਕ ਜੀਵਨ ਵਿੱਚ ਦਿਆਨਤਦਾਰੀ ਅਤੇ ਮਰਿਆਦਾ ਲਿਆਉਣ ਲਈ ਹਿੱਤਾਂ ਦੇ ਟਕਰਾਅ ਬਾਰੇ ਕਾਨੂੰਨ ਬਣਾਉਣ ਬਾਰੇ ਮੁੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। ਆਮਦਨ ਕਰਦਾਤਾਵਾਂ ਉਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਕਰ ਲਾਏ ਜਾਣ ਨੂੰ ਜਾਇਜ਼ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਰਧਾਂ, ਵਿਧਵਾਵਾਂ, ਨਿਰਆਸਰੀਆਂ ਅੌਰਤਾਂ ਅਤੇ ਅਪਾਹਜਾਂ ਨੂੰ ਪੈਨਸ਼ਨ ਦੇਣ ਵਰਗੀਆਂ ਸਮਾਜਿਕ ਜ਼ਿੰਮੇਵਾਰੀਆਂ ਲਈ ਇਕ ਸਮਰਪਿਤ ਫੰਡ ਕਾਇਮ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਅਤੇ ਏਡੀਐਮ ਵਰਗੀਆਂ ਆਲਮੀ ਸੰਸਥਾਵਾਂ ਦਾ ਵਿੱਤੀ ਮਜ਼ਬੂਤੀ ਲਈ ਅਜਿਹਾ ਕਰ ਲਾਉਣ ਲਈ ਦਬਾਅ ਸੀ ਕਿਉਂਕਿ ਵਿੱਤੀ ਇਮਦਾਦ ਇਹ ਅਗਾਊਂ ਸ਼ਰਤ ਰੱਖੀ ਜਾਂਦੀ ਹੈ।
ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਦੀ ਬਹਾਲੀ ਬਾਰੇ ਸਵਾਲ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਲੇ ਦੌਰ ਤੋਂ ਪਹਿਲਾਂ ਹੀ ਪੰਜਾਬ ਵਿੱਚ ਇਹ ਜਮਹੂਰੀ ਪ੍ਰਕਿਰਿਆ ਸੀ ਅਤੇ ਹੁਣ ਸੂਬੇ ਵਿੱਚ ਹਾਲਾਤ ਸ਼ਾਂਤੀਪੂਰਨ ਤੇ ਸਥਿਰ ਹੋਣ ਕਾਰਨ ਚੋਣਾਂ ਦੀ ਬਹਾਲੀ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਬਾਰੇ ਖ਼ਦਸ਼ਿਆਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਕਿਸੇ ਵੀ ਯਤਨ ਨੂੰ ਕਰੜੇ ਹੱਥੀਂ ਸਿੱਝਿਆ ਜਾਵੇਗਾ। ਨਵੇਂ ਕਾਲਜ ਅਧਿਆਪਕਾਂ ਦੀ ਭਰਤੀ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸੂਬੇ ਵਿਚ 10 ਨਵੇਂ ਡਿਗਰੀ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜਿੱਥੋਂ ਤੱਕ ਅਧਿਆਪਕਾਂ ਦੀ ਨਵੀਂ ਭਰਤੀ ਦਾ ਸਬੰਧ ਹੈ ਇਹ ਸੂਬੇ ਦੀ ਵਿੱਤੀ ਹਾਲਤ ਸੁਧਰਨ ਦੇ ਨਾਲ ਹੀ ਕਰ ਲਈ ਜਾਵੇਗੀ।
ਚਾਇਨੀ, ਇਟਾਲੀਅਨ, ਫਰੈਂਚ ਆਦਿ ਵਿਦੇਸ਼ੀ ਭਾਸ਼ਾਵਾਂ ਸਕੂਲਾਂ ਵਿਚ ਚੋਣਵੇਂ ਵਿਸ਼ੇ ਵਜੋਂ ਪੜ੍ਹਾਏ ਜਾਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਜੂਦਾ ਵਿਸ਼ਵ ਸੰਦਰਭ ਵਿਚ ਬਹੁਤ ਮਹੱਤਵਪੂਰਨ ਹੈ। ਵਿਸ਼ਵ ਇੱਕ ਪਿੰਡ ਬਣਦਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਵਿਚ ਨੌਕਰੀਆਂ ਹਾਸਲ ਕਰਨ ਦੇ ਖਾਸ਼ਵੰਦ ਨੌਜਵਾਨਾਂ ਲਈ ਉਨ੍ਹਾਂ ਦੇਸ਼ਾਂ ਦੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੀ ਮੰਡੀ ਦੇ ਪਸਾਰ ਨਾਲ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿਚ ਚਾਈਨੀ ਭਾਸ਼ਾ ਤੇਜ਼ੀ ਨਾਲ ਵੱਧ ਰਹੀ ਹੈ ਕਿਉਂਕਿ ਇਹ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਮੁਹੱਈਆ ਕਰਾ ਰਹੀ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਵਿਦਿਆਰਥੀਆਂ ਖਾਸਕਰ ਦਿਹਾਤੀ ਇਲਾਕੇ ਦੇ ਵਿਦਿਆਰਥੀਆਂ ਦੇ ਆਪਣੀ ਮਾਤਰ ਭਾਸ਼ਾ ਪੜ੍ਹਨ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਵਿਸ਼ਵ ਪੱਧਰ ’ਤੇ ਆਪਣੇ ਹਮ-ਉਮਰਾਂ ਨਾਲ ਮੁਕਾਬਲਾ ਕਰ ਸਕਣ।
ਸੂਬਾ ਸਰਕਾਰ ਵੱਲੋਂ ਐਨ.ਆਰ.ਆਈਜ਼. ਦਾ ਸ਼ੋਸ਼ਣ ਕਰਨ ਅਤੇ ਪ੍ਰੇਸ਼ਾਨ ਕਰਨ ਦੇ ਵਿਰੋਧੀ ਧਿਰ ਦੇ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਹਰ ਮਦਦ ਦੇਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ‘‘ਆਪਣੀਆਂ ਜੜਾਂ ਨਾਲ ਜੁੜੋ’’ ਨਾਂ ਦੀ ਵਿਲੱਖਣ ਪਹਿਲਕਦਮੀ ਨਾਲ ਸਰਕਾਰ ਐਨ.ਆਰ.ਆਈਜ਼. ਦੀ ਵਧੀਆ ਤਰੀਕੇ ਨਾਲ ਮਦਦ ਕਰੇਗੀ ਅਤੇ ਉਹ ਆਪਣੀਆਂ ਸ਼ਾਨਦਾਰ ਰਿਵਾਇਤਾ ਨਾਲ ਵਧੀਆ ਤਰੀਕੇ ਨਾਲ ਜੁੜ ਸਕਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…