ਮੁਹਾਲੀ ਵਿੱਚ ਭਿਆਨਕ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਪੁਖ਼ਤਾ ਪ੍ਰਬੰਧ: ਮੇਅਰ

ਮੁਹਾਲੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਕਾਫੀ ਜ਼ਿਆਦਾ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

ਨਗਰ ਨਿਗਮ ਵੱਲੋਂ ਸਰਵੇ ਮਗਰੋਂ ਸੈਂਕੜੇ ਸਨਅਤੀ ਇਕਾਈਆਂ, ਹਸਪਤਾਲ, ਹੋਟਲ ਤੇ ਸਕੂਲਾਂ ਨੂੰ ਜਾਰੀ ਕੀਤੇ ਨੋਟਿਸ: ਅਵਨੀਤ ਕੌਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਮੁਹਾਲੀ ਫਾਇਰ ਬ੍ਰਿਗੇਡ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਵਿਹੜੇ ਵਿੱਚ ਅੱਠ ਫਾਇਰ ਟੈਂਡਰ, 54 ਮੀਟਰ ਉਚਾਈ ਤੱਕ ਅੱਗ ਬੁਝਾਉਣ ਲਈ ਸਕਾਈ ਲਿਫ਼ਟ ਟੈਂਡਰ, ਦੋ ਫਾਇਰ ਜੀਪਾਂ, ਦੋ ਫਾਇਰ ਮੋਟਰ ਸਾਈਕਲ ਅਤੇ 1 ਰੈਸਪਿਊ ਟੈਂਡਰ ਉਪਲਬਧ ਹਨ। ਮੁਹਾਲੀ ਫਾਇਰ ਬ੍ਰਿਗੇਡ ਦੇ ਵਿਹੜੇ ਵਿੱਚ ਚਾਰ ਸਬ ਫਾਇਰ ਅਫ਼ਸਰ ਦਵਿੰਦਰ ਸਿੰਘ ਡੋਗਰਾ, ਮੋਹਨ ਲਾਲ ਵਰਮਾ, ਕਰਮ ਚੰਦ ਸੂਦ ਸਮੇਤ 39 ਮੁਲਾਜ਼ਮ ਤਾਇਨਾਤ ਹਨ। ਜਿਨ੍ਹਾਂ ਵਿੱਚ 1 ਲੀਡਿੰਗ ਫਾਈਨ ਮੈਨ, 24 ਫਾਇਰਮੈਨ ਅਤੇ 11 ਫਾਇਰ ਟੈਂਡਰਾਂ ਦੇ ਡਰਾਈਵਰ ਤਾਇਨਾਤ ਹਨ। ਜੋ ਹਰ ਸਮੇਂ ਆਪਣੀ ਡਿਊਟੀ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪੁਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਉਂਜ ਵੀ ਪੰਜਾਬ ਭਰ ’ਚੋਂ ਮੁਹਾਲੀ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਦਾ ਮਾਣ ਹਾਸਲ ਹੈ। ਮੁਹਾਲੀ ਸੂਬੇ ਦਾ ਪਹਿਲਾ ਮਾਡਰਨ ਫਾਇਰ ਬ੍ਰਿਗੇਡ ਦਫ਼ਤਰ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਇਹ ਸਾਰੀਆਂ ਗੱਡੀਆਂ ਅਤਿ ਆਧੁਨਿਕ ਉਪਕਰਨਾਂ ਨਾਲ ਲੈਸ ਹਨ। ਇੱਕ ਗੱਡੀ ਇੱਕ ਮਿੰਟ ਵਿੱਚ 2250 ਲੀਟਰ ਪਾਣੀ ਸੁੱਟ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਵਿੱਚ ਫਾਇਰਮੈਨਾਂ ਦੀ ਸੁਰੱਖਿਆ ਲਈ ਫਾਇਰ ਸੇਫ਼ਟੀ ਸੂਟ, ਆਕਸੀਜ਼ਨ, ਬੂਟ ਅਤੇ ਫਸਟ-ਏਡ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਧਰ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਿਕਾਰਡ ਹੋਈਆਂ ਹਨ। ਹਾਲਾਂਕਿ ਕਿਸੇ ਵੀ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਲੱਖਾਂ ਦਾ ਸਮਾਨ ਸੜ ਕੇ ਜ਼ਰੂਰ ਸੁਆਹ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਲ 2016 ਵਿੱਚ ਸਮੁੱਚੇ ਜ਼ਿਲ੍ਹੇ ਵਿੱਚ 354 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਦੋਂ ਕਿ ਇਸ ਵਰ੍ਹੇ ਹੁਣ ਤੱਕ ਅੱਠ ਮਹੀਨਿਆਂ ਵਿੱਚ 375 ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁਹਾਲੀ ਵਿੱਚ ਜ਼ਿਆਦਾਤਰ ਸਨਅਤੀ ਇਕਾਈਆਂ ਅਤੇ ਹੋਰ ਵਪਾਰਕ ਅਦਾਰਿਆਂ ਵੱਲੋਂ ਸਾਵਧਾਨੀ ਨਹੀਂ ਵਰਤੀ ਜਾਂਦੀ ਹੈ।
ਉਧਰ, ਮੁਹਾਲੀ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਸਨਅਤੀ ਇਕਾਈਆਂ, ਸੋਅਰੂਮ, ਹਸਪਤਾਲ, ਹੋਟਲ ਅਤੇ ਸਕੂਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਨਿਗਮ ਵੱਲੋਂ ਕਰਵਾਏ ਸਰਵੇ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਾਇਰ ਸੇਫ਼ਟੀ ਦੇ ਮਾਮਲੇ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁਹਾਲੀ ਵਿੱਚ ਦੋ ਹੋਰ ਸਬ ਫਾਇਰ ਬ੍ਰਿਗੇਡ ਦੇ ਦਫ਼ਤਰ ਸਥਾਪਿਤ ਕੀਤੇ ਜਾਣਗੇ। ਇਸ ਸਬੰਧੀ ਥਾਪਰ ਇੰਸਟੀਚਿਊਟ ਪਟਿਆਲਾ ਨੂੰ ਸਰਵੇ ਅਤੇ ਡਿਜ਼ਾਇਨ ਦਾ ਕੰਮ ਸੌਂਪਿਆ ਗਿਆ ਹੈ।
ਉਧਰ, ਫਾÎੲਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਮੁਹਾਲੀ ਵਿੱਚ 39 ਸਾਲ ਪਹਿਲਾਂ 1978 ਵਿੱਚ ਫਾਇਰ ਬ੍ਰਿਗੇਡ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਸੀ। ਉਦੋਂ ਮੁਹਾਲੀ ਦੀ ਆਬਾਦੀ ਵੀ ਨਾਮਾਤਰ ਸੀ ਲੇਕਿਨ ਹੁਣ ਮੁਹਾਲੀ ਦਾ ਖੇਤਰਫਲ ਕਾਫੀ ਦੂਰ ਤੱਕ ਫੈਲ ਚੁੱਕਾ ਹੈ ਪ੍ਰੰਤੂ ਹੁਣ ਤੱਕ ਇਸ ਦਾ ਲੋੜ ਅਨੁਸਾਰ ਹੋਰ ਵਿਸਥਾਰ ਨਹੀਂ ਕੀਤਾ ਗਿਆ। ਜਦੋਂ ਕਿ ਰਾਜਧਾਨੀ ਚੰਡੀਗੜ੍ਹ ਦਾ ਖੇਤਰਫਲ ਜ਼ਿਲ੍ਹਾ ਮੁਹਾਲੀ ਤੋਂ ਘੱਟ ਹੋਣ ਦੇ ਬਾਵਜੂਦ ਯੂਟੀ ਵਿੱਚ 12 ਫਾਇਰ ਬ੍ਰਿਗੇਡ ਦਫ਼ਤਰ ਹਨ। ਮੁਹਾਲੀ ਵਿੱਚ ਇੱਕ ਹੀ ਦਫ਼ਤਰ ਨਾਲ ਡੰਗ ਸਾਰਿਆ ਜਾ ਰਿਹਾ ਹੈ। ਮੁਹਾਲੀ ਸਮੇਤ ਖਰੜ, ਕੁਰਾਲੀ, ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ, ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਅਤੇ ਬਨੂੜ ਆਦਿ ਇਲਾਕੇ ਇਸ ਦਫ਼ਤਰ ਨਾਲ ਜੁੜੇ ਹੋਏ ਹਨ।
(ਬਾਕਸ ਆਈਟਮ)
ਮੁਹਾਲੀ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ 1 ਸਹਾਇਕ ਮੰਡਲ ਫਾਇਰ ਅਫ਼ਸਰ ਅਤੇ ਸਟੇਸ਼ਨ ਫਾਇਰ ਅਫ਼ਸਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜੁਲਾਈ 2017 ਵਿੱਚ ਸਹਾਇਕ ਮੰਡਲ ਫਾਇਰ ਅਫ਼ਸਰ ਭੁਪਿੰਦਰ ਸਿੰਘ ਸੰਧੂ ਦੀ ਇੱਥੋਂ ਬਦਲੀ ਹੋ ਗਈ ਸੀ ਲੇਕਿਨ ਹੁਣ ਤੱਕ ਉਨ੍ਹਾਂ ਦੀ ਥਾਂ ਕੋਈ ਨਵਾਂ ਅਫ਼ਸਰ ਨਹੀਂ ਭੇਜਿਆ ਗਿਆ। ਇੰਝ ਹੀ ਸਟੇਸ਼ਨ ਫਾਇਰ ਅਫ਼ਸਰ ਰਵਿੰਦਰ ਸਿੰਘ ਸਾਲ 2013-14 ਵਿੱਚ ਸੇਵਾਮੁਕਤ ਹੋ ਗਏ ਸੀ। ਉਦੋਂ ਤੋਂ ਇਹ ਅਸਾਮੀ ਖਾਲੀ ਪਈ ਹੈ।
(ਬਾਕਸ ਆਈਟਮ)
ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਅੱਗ ਲੱਗਣ ਦੀਆਂ ਅਣਸੁਖਾਵੀਂ ਘਟਨਾਵਾਂ ’ਤੇ ਕਾਬੂ ਪਾਉਣ ਲਈ 46 ਕਰੋੜ ਦੀ ਲਾਗਤ ਨਾਲ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਲੋੜ ਅਨੁਸਾਰ ਅੱਗ ਬੁਝਾਉਣ ਵਾਲੀਆਂ ਨਵੀਆਂ ਗੱਡੀਆਂ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ। ਤਤਕਾਲੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਨੇ 27 ਅਕਤੂਬਰ 2016 ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ 12 ਨਗਰ ਨਿਗਮਾਂ ਅਤੇ ਮਿਉਂਸਪਲ ਕੌਂਸਲਾਂ ਲਈ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਅਤੇ ਨਵੰਬਰ ਦੇ ਅਖੀਰ ਤੱਕ 25 ਹੋਰ ਗੱਡੀਆਂ ਦੇਣ ਦਾ ਭਰੋਸਾ ਦਿੱਤਾ ਸੀ ਲੇਕਿਨ ਸੱਤਾ ਪਰਿਵਰਤਨ ਤੋਂ ਬਾਅਦ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਪੈ ਗਿਆ ਜਾਪਦਾ ਹੈ। ਇਸ ਪ੍ਰਾਜੈਕਟ ਤਹਿਤ ਫਾਇਰ ਬ੍ਰਿਗੇਡ ਦੇ ਵਿਹੜਿਆਂ ਵਿੱਚ ਕੁੱਲ 99 ਨਵੀਆਂ ਗੱਡੀਆਂ ਭੇਜੀਆਂ ਜਾਣਗੀਆਂ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…