Nabaz-e-punjab.com

ਤੰਬਾਕੂ ਰੋਕਥਾਮ: ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਦੁਕਾਨਾਂ ਦੀ ਚੈਕਿੰਗ, 176 ਚਾਲਾਨ ਕੀਤੇ

ਸਿਹਤ, ਨਾਪਤੋਲ ਅਤੇ ਪੁਲੀਸ ਵਿਭਾਗ ਨੇ ਸਾਂਝੇ ਅਪਰੇਸ਼ਨ ਤਹਿਤ ਦਿੱਤਾ ਕਾਰਵਾਈ ਨੂੰ ਅੰਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਜ਼ਿਲ੍ਹਾ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਤੰਬਾਕੂ ਵਿਰੋਧੀ ਮੁਹਿੰਮ ਤਹਿਤ ਵੀਰਵਾਰ ਨੂੰ ਮੁਹਾਲੀ ਸਮੇਤ ਨੇੜਲੇ ਪਿੰਡਾਂ, ਕਸਬਿਆਂ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਕਰਿਆਣਾ, ਕਨਫੈਕਸ਼ਨਰੀ ਅਤੇ ਖਾਣ-ਪੀਣ ਦੀਆਂ ਵਸਤੂਆਂ ਵਾਲੀਆਂ ਦੁਕਾਨਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਜਾਂਚ ਕੀਤੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ 176 ਦੁਕਾਨਾਂ ਦੇ ਚਲਾਨ ਕੀਤੇ ਗਏ ਅਤੇ 45 ਹਜ਼ਾਰ 700 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਦੌਰਾਨ 15 ਹਜ਼ਾਰ ਰੁਪਏ ਦੀ ਕੀਮਤ ਦੇ ਤੰਬਾਕੂ ਪਦਾਰਥ ਮੌਕੇ ’ਤੇ ਹੀ ਨਸ਼ਟ ਕਰਵਾਏ ਗਏ।
ਸਿਹਤ ਇੰਸਪੈਕਟਰ ਦਿਨੇਸ਼ ਚੌਧਰੀ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਵੱਲੋਂ ਇੱਥੋਂ ਦੇ ਸੈਕਟਰ-68 ਸਥਿਤ ਮੁਹਾਲੀ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ, ਸੋਹਾਣਾ ਅਤੇ ਮੌਲੀ ਬੈਦਵਾਨ ਵਿੱਚ ਦੁਕਾਨਾਂ ਦੀ ਚੈਕਿੰਗ ਕਰਕੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 33 ਚਲਾਨ ਕੀਤੇ ਗਏ ਅਤੇ 5050 ਰੁਪਏ ਜੁਰਮਾਨਾ ਵਸੂਲਿਆਂ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਮ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਟੀਮ ਵਿੱਚ ਡਾ. ਪਰਮਿੰਦਰ ਸਿੰਘ, ਗੁਰਬਿੰਦਰ ਜੀਤ ਸਿੰਘ, ਨਰਿੰਦਰ ਮਾਨ ਅਤੇ ਰਣਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਦੁਕਾਨਾਂ ’ਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਕੇ ਸਿਗਰਟ, ਬੀੜੀ ਤੇ ਹੋਰ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਜ਼ੀਰਕਪੁਰ, ਡੇਰਾਬੱਸੀ, ਕੁਰਾਲੀ, ਘੜੂੰਆਂ ਬਲਾਕ, ਬੂਥਗੜ੍ਹ, ਖਰੜ, ਲਾਲੜੂ, ਬਨੂੜ ਵਿੱਚ ਦੁਕਾਨਾਂ, ਰੇਹੜੀਆਂ-ਫੜੀਆਂ ਆਦਿ ’ਤੇ ਅਚਨਚੇਤ ਜਾਂਚ ਕੀਤੀ। ਜ਼ੀਰਕਪੁਰ ਵਿੱਚ ਨਾਪਤੋਲ ਅਤੇ ਪੁਲਿਸ ਵਿਭਾਗਾਂ ਦਾ ਵੀ ਸਹਿਯੋਗ ਲਿਆ ਗਿਆ। ਕਈ ਦੁਕਾਨਾਂ ’ਤੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰ ਕੇ ਸਿਗਰਟ ਆਦਿ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਕੁਝ ਦੁਕਾਨਾਂ ’ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ ਜਦਕਿ ਕੁਝ ਦੁਕਾਨਾਂ ’ਤੇ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਜ਼ਰਦਾ, ਪਾਨ ਮਸਾਲਾ, ਖੈਨੀ ਆਦਿ ਵੇਚਿਆ ਜਾ ਰਿਹਾ ਸੀ। ਕਰਿਆਨੇ ਦੀਆਂ ਦੁਕਾਨਾਂ ’ਤੇ ਵੀ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਕਰਿਆਨੇ ਦੀਆਂ ਦੁਕਾਨਾਂ ਵਿੱਚ ਤੰਬਾਕੂ ਪਦਾਰਥ ਵੇਚਣਾ ਗੈਰ-ਕਾਨੂੰਨੀ ਹੈ। ਕੁੱਝ ਦੁਕਾਨਾਂ ’ਤੇ ਤੰਬਾਕੂ ਪਦਾਰਥ ਹੋਲਸੇਲ ਵਿੱਚ ਵੇਚੇ ਜਾ ਰਹੇ ਸਨ ਜਿਨ੍ਹਾਂ ਵਿੱਚ ਬਹੁਤਾ ਸਮਾਨ ਪਾਬੰਦੀਸ਼ੁਦਾ ਸੀ। ਇਨ੍ਹਾਂ ਦੁਕਾਨਾਂ ’ਤੇ ਵਿਦੇਸ਼ੀ ਸਿਗਰਟਾਂ ਦੇ ਕਈ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਉਤੇ ਕੋਈ ਚੇਤਾਵਨੀ ਚਿੰਨ੍ਹ ਨਹੀਂ ਸੀ। ਸਿਹਤ ਵਿਭਾਗ ਦੀ ਟੀਮ ਨੇ ਸਿਗਰਟ ਅਤੇ ਹੋਰ ਤੰਬਾਕੂ ਪਦਾਰਥਕ ਰੋਕਥਾਮ ਕਾਨੂੰਨ ਯਾਨੀ ਕੋਟਪਾ ਅਧੀਨ ਕਾਰਵਾਈ ਕੀਤੀ, ਉੱਥੇ ਨਾਪਤੋਲ ਵਿਭਾਗ ਦੀ ਟੀਮ ਨੇ ਪੈਕੇਡ ਕਮੌਡਿਟੀਜ਼ ਰੂਲਜ਼ 2011 ਤਹਿਤ ਕਾਰਵਾਈ ਕੀਤੀ। ਕੁਝ ਦੁਕਾਨਾਂ ਵਿਚ ਸਮਾਨ ਦੀ ਵਿਕਰੀ ਸਬੰਧੀ ਕਈ ਖ਼ਾਮੀਆਂ ਮਿਲੀਆਂ ਅਤੇ ਤੰਬਾਕੂ ਪਦਾਰਥਾਂ ਨੂੰ ਜ਼ਬਤ ਕਰਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਡਾ. ਭਾਰਦਵਾਜ ਨੇ ਕਿਹਾ ਕਿ ਜਾਂਚ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਕੋਟਪਾ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਪਾਬੰਦ ਕਰਨਾ ਹੈ। ਇਸ ਟੀਮਾਂ ਵਿੱਚ ਜ਼ਿਲ੍ਹਾ ਨੋਡਲ ਅਫ਼ਸਰ ਆਰਪੀ ਸਿੰਘ, ਜ਼ਿਲ੍ਹਾ ਸਲਾਹਕਾਰ ਡਾ. ਰੁਪਿੰਦਰ ਕੌਰ, ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ, ਨਾਪਤੋਲ ਵਿਭਾਗ ਦੇ ਅਮਰਿੰਦਰ ਗਿੱਲ, ਇਰਫ਼ਾਨ ਖ਼ਾਨ, ਪੁਲੀਸ ਵਿਭਾਗ ਦੇ ਹਰਜਿੰਦਰ ਸਿੰਘ, ਅਮਰਜੀਤ ਸਿੰਘ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਨਸ਼ਾ ਤਸਕਰੀ: 13 ਕਿੱਲੋ ਅਫ਼ੀਮ ਸਣੇ ਮੁਲਜ਼ਮ ਗ੍ਰਿਫ਼ਤਾਰ

ਨਸ਼ਾ ਤਸਕਰੀ: 13 ਕਿੱਲੋ ਅਫ਼ੀਮ ਸਣੇ ਮੁਲਜ਼ਮ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ, 3 ਮਾਰਚ: ਮੁੱਖ ਮੰਤਰੀ ਭਗਵੰਤ …