
ਟੋਡਰਮਾਜਰਾ ਦਾ ਸਰਪੰਚ ਸਰਬਜੀਤ ਸਿੰਘ ਅਹੁਦੇ ਤੋਂ ਮੁਅੱਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਦੀਪ ਸਿੰਘ ਵੱਲੋਂ ਪਿੰਡ ਟੋਡਰਮਾਜਰਾ ਦੇ ਸਰਪੰਚ ਸਰਬਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਰਪੰਚ ਦੇ ਖ਼ਿਲਾਫ਼ ਪੰਚਾਇਤ ਦੇ ਬੈਂਕ ਖਾਤਿਆਂ ’ਚੋਂ ਬਿਨਾਂ ਕੋਈ ਮਤਾ ਪਾਏ ਪੈਸੇ ਕਢਵਾਉਣ ਅਤੇ ਸਾਢੇ ਤਿੰਨ ਲੱਖ ਰੁਪਏ ਦੀ ਰਕਮ ਕਥਿਤ ਤੌਰ ’ਤੇ ਆਪਣੇ ਕੋਲ ਰੱਖਣ, ਪੰਚਾਇਤ ਦੀ ਸ਼ਾਮਲਾਤ ਜ਼ਮੀਨ ਦੀ ਬੋਲੀ ਦੀ ਰਕਮ (94 ਹਜ਼ਾਰ ਰੁਪਏ) ਪੰਚਾਇਤ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ, ਪੰਚਾਇਤੀ ਜ਼ਮੀਨ ’ਚੋਂ ਮਿੱਟੀ ਪੁਟਵਾਉਣ ਅਤੇ ਪੰਚਾਇਤੀ ਜ਼ਮੀਨ ਵਿੱਚ ਲੱਗੇ ਦਰੱਖ਼ਤ ਕਟਵਾਉਣ ਦਾ ਕਥਿਤ ਦੋਸ਼ ਲਗਾਇਆ ਗਿਆ ਸੀ। ਜਿਸ ਦੀ ਸੁਣਵਾਈ ਕਾਫ਼ੀ ਸਮੇਂ ਤੋਂ ਚਲ ਰਹੀ ਸੀ ਅਤੇ ਇਸ ਦਾ ਫੈਸਲਾ ਕਰਦਿਆਂ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਦੀਪ ਸਿੰਘ ਨੇ ਪਿੰਡ ਟੋਡਰਮਾਜਰਾ ਦੇ ਸਰਪੰਚ ਸਰਬਜੀਤ ਸਿੰਘ ਨੂੰ ਦੋਸ਼ੀ ਮੰਨਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਾਇਰੈਕਟਰ ਆਪਣੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤ ਅਨੁਸਾਰ ਸਰਪੰਚ ਤੋਂ 4 ਲੱਖ 44 ਹਜ਼ਾਰ ਰੁਪਏ ਵਸੂਲੇ ਜਾਣੇ ਹਨ ਅਤੇ ਪਿੰਡ ਦੀ ਸ਼ਾਮਲਾਤ ਜ਼ਮੀਨ ’ਚੋਂ ਲਗਪਗ 4-5 ਫੁੱਟ ਮਿੱਟੀ ਪੁਟਵਾਏ ਜਾਣ ਅਤੇ ਪੰਚਾਇਤੀ ਜ਼ਮੀਨ ਵਿਚੋਂ ਟਾਹਲੀ ਅਤੇ ਸਫੈਦੇ ਦੇ ਤਕਰੀਬਨ 172 ਦਰੱਖ਼ਤਾਂ ਦੀ ਕਟਾਈ ਕੀਤੀ ਗਈ ਹੈ। ਸਰਪੰਚ ਦੇ ਖ਼ਿਲਾਫ਼ ਕ੍ਰਿਮਿਨਲ ਐਫ਼ਆਈਆਰ ਵੀ ਦਰਜ ਹਨ, ਜਿਹੜੀਆਂ ਨੈਤਿਕ ਗਿਰਾਵਟ ਦੇ ਘੇਰੇ ਵਿੱਚ ਆਉਂਦੀਆਂ ਹਨ। ਇਸ ਲਈ ਸਰਪੰਚ ਨੂੰ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(3) ਅਤੇ 20 (4) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਸਰਬਜੀਤ ਸਿੰਘ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਂਦਾ ਹੈ।
ਡਾਇਰੈਕਟਰ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਭਾਗ ਨਹੀਂ ਲੈ ਸਕਦਾ ਹੈ ਅਤੇ ਉਸ ਦੀ ਮੁਅੱਤਲੀ ਦੇ ਸਮੇਂ ਦੌਰਾਨ ਗਰਾਮ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਅਜਿਹੇ ਪੰਚ ਦੇ ਹਵਾਲੇ ਕੀਤਾ ਜਾਵੇਗਾ, ਜਿਹੜਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਬਾਕੀ ਦੇ ਪੰਚਾਂ ਵਿਚੋਂ ਚੁਣਿਆ ਜਾਵੇਗਾ।