nabaz-e-punjab.com

ਨਗਰ ਕੌਂਸਲ ਕੁਰਾਲੀ ਦੇ ਮੀਤ ਪ੍ਰਧਾਨ ਦੀ ਚੋਣ ਅੱਜ

ਬਹੁਮਤ ਹਾਸਲ ਕਰਨ ਲਈ ਸ਼ਹਿਰ ਵਿੱਚ ਕੌਂਸਲਰਾਂ ਨੂੰ ਕਥਿਤ ਅਗਵਾ ਹੋਣ ਦੀ ਅਫ਼ਵਾਹ ਫੈਲੀ?

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਗਸਤ:
ਸਥਾਨਕ ਸ਼ਹਿਰ ਵਿਚ 18 ਅਗਸਤ ਨੂੰ ਹੋਣ ਜਾ ਰਹੀ ਨਗਰ ਕੌਂਸਲ ਚੋਣ ਲਈ ਸਾਰਾ ਦਿਨ ਸ਼ਹਿਰ ਵਿਚ ਕੌਂਸਲਰ ਅਗਵਾ ਹੋਣ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਅਤੇ ਲੋਕ ਇੱਕ ਦੂਸਰੇ ਤੋਂ ਇਸ ਬਾਰੇ ਮੋਬਾਈਲਾਂ ਰਾਂਹੀ ਜਾਣਕਾਰੀ ਇਕੱਤਰ ਕਰਦੇ ਵਿਖਾਏ ਦਿੱਤੇ। ਵਾਰਡ ਨੰਬਰ 4 ਤੋਂ ਭਾਜਪਾ ਦੇ ਕੌਂਸਲਰ ਲਖਵੀਰ ਲੱਕੀ ਨੂੰ ਸਵੇਰ ਦੇ ਸਮੇਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਅਗਵਾ ਕਰਨ ਦੀ ਅਫਵਾਹ ਸ਼ਹਿਰ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਜਿਸ ਕਾਰਨ ਜਿਥੇ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਉਥੇ ਰਾਜਨੀਤਿਕ ਲੋਕ ਵੀ ਇਸ ਘਟਨਾ ਸਬੰਧੀ ਗੰਭੀਰ ਵਿਖਾਈ ਦਿੱਤੇ।
ਇਸ ਸਬੰਧੀ ਅਕਾਲੀ-ਭਾਜਪਾ ਆਗੂਆਂ ਵੱਲੋਂ ਨਗਰ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਦੇ ਗ੍ਰਹਿ ਵਿਖੇ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੋਨੋਂ ਮੈਂਬਰ ਐਸ.ਜੀ.ਪੀ.ਸੀ ਅਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ ਵੱਲੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਧੱਕੇ ਨਾਲ ਅਕਾਲੀ-ਭਾਜਪਾ ਗੱਠਜੋੜ ਦੇ ਕੌਂਸਲਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਦਾ ਦਬਾਅ ਬਣਾ ਰਹੀ ਹੈ ਜਿਸ ਦੀ ਮਿਸ਼ਾਲ ਕੌਂਸਲਰ ਲਖਵੀਰ ਲੱਕੀ ਨੂੰ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਦੇ ਘਰ ਤੋਂ ਰਿਵਾਲਵਰ ਦੀ ਨੋਕ ਤੇ ਅਗਵਾ ਕਰਨ ਫੈਲੀ ਅਫਵਾਹ ਤੋਂ ਮਿਲਦੀ ਹੈ। ਇਸ ਸਬੰਧੀ ਅਕਾਲੀ ਆਗੂਆਂ ਦੇ ਵਫਦ ਨੇ ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਮੁਲਾਕਾਤ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ।
ਉਧਰ, ਦੂਜੇ ਪਾਸੇ ਕਥਿਤ ਤੌਰ ’ਤੇ ਅਗਵਾ ਹੋਇਆ ਕੌਂਸਲਰ ਇੱਕ ਘੰਟੇ ਬਾਅਦ ਕਿਧਰੇ ਤੋਂ ਆਪਣੇ ਘਰ ਪਰਤ ਆਇਆ ਜਿਥੇ ਘਬਰਾਏ ਕੌਂਸਲਰ ਲਖਵੀਰ ਲੱਕੀ ਨੇ ਕਿਸੇ ਵੀ ਪਾਰਟੀ ਖਿਲਾਫ ਬੋਲਣ ਅਤੇ ਅਗਵਾ ਹੋਣ ਦੀ ਘਟਨਾ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਦੌਰਾਨ ਕੌਂਸਲਰ ਲਖਵੀਰ ਲੱਕੀ ਦਾ ਹਾਲਚਾਲ ਪੁੱਛਣ ਲਈ ਅਕਾਲੀ-ਭਾਜਪਾ ਆਗੂਆਂ ਤੋਂ ਇਲਾਵਾ ਕਾਂਗਰਸੀ ਕੌਂਸਲਰ ਅਤੇ ਕਾਂਗਰਸੀ ਆਗੂ ਵੀ ਪਹੁੰਚਦੇ ਰਹੇ। ਇਸ ਸਬੰਧੀ ਅਕਾਲੀ-ਭਾਜਪਾ ਆਗੂਆਂ ਦੇ ਵਫਦ ਨੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਹੋਰ ਕੌਂਸਲਰਾਂ ਨੂੰ ਨਾਲ ਲੈਕੇ ਐਸ.ਐਸ.ਪੀ ਕੁਲਦੀਪ ਚਾਹਲ ਨਾਲ ਮੁਲਾਕਾਤ ਕਰਦਿਆਂ ਘਟਨਾ ਬਾਰੇ ਜਾਣੂੰ ਕਰਵਾਇਆ ਹੈ। ਇਸ ਸਬੰਧੀ ਸੰਪਰਕ ਕਰਨ ਤੇ ਡੀ.ਐਸ.ਪੀ ਅਮੀਰੋਜ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਿਆਦਾ ਜਾਣਕਾਰੀ ਨਹੀਂ ਇਸ ਸਬੰਧੀ ਐਸ.ਪੀ (ਆਈ) ਹਰਬੀਰ ਸਿੰਘ ਨਾਲ ਸੰਪਰਕ ਕਰਨ ਨੂੰ ਆਖਿਆ।
ਸਾਰਾ ਦਿਨ ਚੱਲੇ ਘਟਨਾਕ੍ਰਮ ਉਪਰੰਤ ਜਿਥੇ ਸ਼ਹਿਰ ਦੇ ਕਾਂਗਰਸੀ ਕੌਂਸਲਰ ਆਪਣੇ ਆਪਣੇ ਘਰਾਂ ਵਿਚ ਪਹੁੰਚ ਗਏ ਉਥੇ ਖਬਰ ਲਿਖੇ ਜਾਣ ਤੱਕ ਅਕਾਲੀ-ਭਾਜਪਾ ਕੌਂਸਲਰ ਕਿਸੇ ਅਗਿਆਤ ਥਾਂ ਤੇ ਚਲੇ ਗਏ ਜੋ ਕਿ 18 ਅਗੱਸਤ ਨੂੰ ਦੁਪਹਿਰ 3 ਵਜੇ ਹੋਣ ਵਾਲੀ ਚੋਣ ਮੌਕੇ ਹੀ ਮੀਟਿੰਗ ਵਿਚ ਪਹੁੰਚਣਗੇ। ਇਸ ਘਟਨਾ ਦੀ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਸਬੰਧੀ ਕਾਂਗਰਸੀ ਆਗੂ ਅਤੇ ਅਕਾਲੀ-ਭਾਜਪਾ ਘਟਨਾਕ੍ਰਮ ਤੋਂ ਖਹਿੜਾ ਛੁਡਾਉਂਦੇ ਹੋਏ ਘਟਨਾ ਦਾ ਦੋਸ਼ ਇੱਕ ਦੂਸਰੇ ਸਿਰ ਮੜਦੇ ਰਹੇ ਜਦਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਘਟਨਾ ਦੀ ਅਸਲ ਸਚਾਈ ਕੀ ਹੈ?

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…