nabaz-e-punjab.com

ਦੇਸ਼ ਨੂੰ ਅਕਤੂਬਰ 2019 ਤੱਕ ਖੁੱਲ੍ਹੇ ਵਿੱਚ ਸੌਚ ਜਾਣ ਤੋਂ ਮੁਕਤ ਕਰ ਦਿੱਤਾ ਜਾਵੇਗਾ: ਆਇਅਰ

ਪੰਜਾਬ ਨੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਸਪਲਾਈ ਕਰਨ ਤੇ ਸਵੱਛ ਭਾਰਤ ਮਿਸ਼ਨ ਤਹਿਤ ਸ਼ਲਾਘਾਯੋਗ ਕੰਮ ਕੀਤਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਬਰਿਆਲੀ, (ਮੁਹਾਲੀ), 16 ਅਗਸਤ:
ਦੇਸ਼ ਨੂੰ 31 ਅਕਤੂਬਰ 2019 ਤੱਕ ਖੱੁਲ੍ਹੇ ਵਿੱਚ ਸੌਚ ਜਾਣ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਦੇਸ਼ ਵਿੱਚ ਰੇਨ ਹਾਰਵੈਸਟਿੰਗ ਸਿਸਟਮ ਤੇ ਪਾਣੀ ਬਚਾਓ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵਿੰਢੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਭਾਰਤ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ੍ਰੀ ਪਰਮੇਸ਼ਵਰਨ ਆਇਅਰ ਨੇ ਮੁਹਾਲੀ ਨੇੜਲੇ ਪਿੰਡ ਬਰਿਆਲੀ ਵਿਖੇ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਪੇਂਡੂ ਜਲਘਰ ਅਤੇ ਖੁੱਲ੍ਹੇ ਵਿੱਚ ਸੌਚ ਮੁਕਤ ਕਰਨ ਲਈ ਪਿੰਡ ਦੇ ਘਰਾਂ ’ਚ ਬਣਾਏ ਗਏ ਪਾਖਾਨਿਆਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ ਸ੍ਰੀਮਤੀ ਜਸਪ੍ਰੀਤ ਤਲਵਾੜ ਵਿਸ਼ੇਸ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ ਸ੍ਰੀ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਡਾਇਰੈਕਟਰ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸੁਖਮਿੰਦਰ ਸਿੰਘ ਪੰਧੇਰ ਵੀ ਮੌਜੂਦ ਸਨ।
ਭਾਰਤ ਸਰਕਾਰ ਦੇ ਸਕੱਤਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਦਿਹਾਤੀ ਖੇਤਰ ਵਿਚ ਵਸਦੇ ਲੋਕਾਂ ਲਈ ਪੀਣ ਵਾਲਾ ਸਾਫ ਸੁਥਰਾ ਪਾਣੀ ਪਾਇਪ ਰਾਹੀਂ ਸਪਲਾਈ ਕਰਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਸ਼ਲਾਘਾ ਯੋਗ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਲਿਆਲੀ ਵਿਖੇ ਬਣਿਆ ਪੇਂਡੂ ਜਲਘਰ ਜਿਥੋਂ ਕੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਹੋ ਰਹੀ ਹੈ ਆਪਣੇ ਆਪ ਵਿਚ ਇਕ ਮਿਸਾਲ ਹੈ ਇਥੋਂ ਤੱਕ ਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰਨਾ ਮੈਟਰੋ ਸ਼ਹਿਰਾਂ ਵਿਚ ਵੀ 24 ਘੰਟੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀ ਹੈ ਉਨ੍ਹਾਂ ਦੱਸਿਆ ਕਿ ਪਿੰਡ ਵਿਚ ਹਰੇਕ ਘਰ ਵਿਚ ਪਾਣੀ ਦਾ ਨਿੱਜੀ ਕੁਨੈਕਸ਼ਨ ਅਤੇ ਪਾਣੀ ਦੇ ਮੀਟਰ ਲੱਗੇ ਹੋਣ ਕਾਰਣ ਜਿੱਥੇ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਉਥੇ ਬਿਲਾਂ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਦੀ ਭਾਗੀਦਾਰੀ ਨਾਲ ਪੇਂਡੂ ਜਲਘਰ ਚਲਾਉਣ ਲਈ ਇਕ ਚੰਗੀ ਪ੍ਰਬੰਧ ਦੱਸਿਆ।
ਉਨ੍ਹਾਂ ਹੋਰ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ 90 ਫੀਸਦੀ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਪਾਇਪਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਜਦਕਿ ਦੇਸ਼ ਵਿਚ ਅੌਸਤਨ 55 ਫੀਸਦੀ ਲੋਕਾਂ ਨੂੰ ਪਾਇਪ ਰਾਹੀਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਨੇ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵੀ ਸ਼ਲਾਘਾ ਯੋਗ ਕੰਮ ਕੀਤਾ ਹੈ। ਉਨ੍ਹਾਂ ਪਿੰਡ ਨੂੰ ਸੌਚ ਮੁਕਤ ਕਰਨ ਲਈ ਬਣਾਏ ਗਏ ਘਰਾਂ ਚ ਪਾਖਾਨਿਆਂ ਦਾ ਮੁਆਇਨਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ 31 ਦਸੰਬਰ 2017 ਤੱਕ ਓ.ਡੀ.ਐਫ ਕਰ ਦਿੱਤਾ ਜਾਵੇਗਾ। ਸਕੱਤਰ ਅਤੇ ਹੋਰਨਾਂ ਅਧਿਕਾਰੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਦੇ ਪੇਂਡੂ ਜਲਘਰ ਵਿਖੇ ਪੌਦੇ ਵੀ ਲਗਾਏ ਅਤੇ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ।
ਸ੍ਰੀ ਆਇਅਰ ਨੇ ਇਸ ਮੌਕੇ ਪਿੰਡ ਦੀ ਪੰਚਾਇਤ, ਪੇਂਡੂ ਜਲ ਸਪਲਾਈ ਤੇ ਸੈਨੀਟਸ਼ਨ ਕਮੇਟੀ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਅਤੇ ਮੋਹਤਬਰ ਬੰਦਿਆਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਪਿੰਡ ਨੂੰ ਸੌਚ ਮੁਕਤ ਕਰਨ ਲਈ ਬਣਾਏ ਗਏ ਪਾਖਾਨਿਆਂ ਬਾਰੇ ਵੀ ਗੱਲਬਾਤ ਕੀਤੀ ਜਿਸ ਲਈ ਲੋਕਾਂ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਸਕੱਤਰ ਭਾਰਤ ਸਰਕਾਰ ਨੂੰ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਕਮੇਟੀ ਨੇ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਕੱਤਰ ਭਾਰਤ ਸਰਕਾਰ ਨੂੰ ਦੱਸਿਆ ਕਿ ਪਿੰਡ ਬਰਿਆਲੀ ਸਮੇਤ ਜਿਲ੍ਹੇ ਦੇ ਹੋਰ 21 ਪਿੰਡਾਂ ਨੂੰ ਵੀ 24 ਘੰਟੇ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਜਿਲ੍ਹੇ ਦੇ ਹਰੇਕ ਪਿੰਡ ਨੂੰ ਪੇਂਡੂ ਜਲਘਰ ਨਾਲ ਜੋੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਲਿਆਲੀ ਸਮੇਤ ਜਿਲ੍ਹੇ ਦੇ ਕੁਲ 348 ਪਿੰਡਾਂ ਨੂੰ ਖੁਲ੍ਹੇ ਵਿਚ ਸੌਚ ਜਾਣ ਤੋਂ ਮੁਕਤ ਕੀਤਾ ਜਾ ਚੁੱਕਾ ਹੈ ਅਤੇ ਜਿਲ੍ਹੇ ਦੇ ਪਿੰਡਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਕਰੀਬ 13621 ਪਾਖਾਨੇ ਉਸਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਪ੍ਰੋਜੈਕਟ ਅਧੀਨ ਪਿੰਡਾਂ ਵਿਚ 56 ਪੇਂਡੂ ਜਲਘਰ ਸਥਾਪਿਤ ਕਰਨ ਲਈ 1ਕਰੋੜ 99 ਲੱਖ 28 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਕੰਮ ਮੁਕਮੰਲ ਹੋ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਜੀਵ ਕੁਮਾਰ ਗਰਗ, ਐਸ. ਡੀ.ਐਮ ਡਾ. ਆਰ.ਪੀ.ਸਿੰਘ, ਸਕੱਤਰ ਜਿਲਾ੍ਹ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ, ਐਸ.ਪੀ.(ਸਿਟੀ) ਸ੍ਰੀ ਜਗਜੀਤ ਸਿੰਘ ਜੱਲਾ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਪਿੰਡ ਬਲਿਆਲੀ ਦੀ ਸਮੁੱਚੀ ਪੰਚਾਇਤ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਮੌਜਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…