ਉੱਚ ਅਧਿਕਾਰੀਆਂ ਤੇ ਡਾਕਟਰਾਂ ਨੇ ਕੋਵਿਡ-19 ਦੀ ਸੰਭਾਵੀ ਦੂਜੀ ਲਹਿਰ ਦੇ ਅਗਾਊਂ ਪ੍ਰਬੰਧਾਂ ਲਈ ਕੀਤੀ ਚਰਚਾ

ਪੰਜਾਬ ਦੇ ਵੱਖ-ਵੱਖ ਮਾਹਰ ਡਾਕਟਰਾਂ ਨੇ ਮੁਹਾਲੀ ਦੇ ਡਾਕਟਰਾਂ ਨਾਲ ਕੀਤੀ ਮੁਲਾਕਾਤ

ਉਤਮ ਡਾਕਟਰੀ ਅਭਿਆਸ ਅਤੇ ਸਿਖਲਾਈ ਕੀਤੀ ਸਾਂਝੀ, ਮੌਤ ਦਰ ਨੂੰ ਘਟਾਉਣ ’ਤੇ ਧਿਆਨ ਕੇਂਦਰਿਤ

ਨਿੱਜੀ ਹਸਪਤਾਲਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਹੋਮ ਕੌਂਸਲਿੰਗ ਸੇਵਾਵਾਂ ਸ਼ੁਰੂ ਕਰਨ ਦੀ ਕੀਤੀ ਅਪੀਲ

ਲੋੜਵੰਦ ਮਰੀਜ਼ਾਂ ਨੂੰ ਕੋਵਿਡ ਕੇਅਰ ਤੇ ਪੋਸਟ ਕੋਵਿਡ ਕੇਅਰ ਕਿੱਟਾਂ ਵੰਡੀਆਂ ਜਾਣਗੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਕੋਵਿਡ-19 ਦੀ ਸੰਭਾਵਿਤ ਦੂਜੀ ਲਹਿਰ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਲਈ ਪੰਜਾਬ ਦੇ ਵੱਖ ਵੱਖ ਮਾਹਰਾਂ, ਸੀਨੀਅਰ ਡਾਕਟਰਾਂ ਅਤੇ ਅਧਿਕਾਰੀਆਂ ਨੇ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਦੇ ਡਾਕਟਰਾਂ ਨਾਲ ਸਿਰਜੋੜ ਕੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ, ਹੁਸਨ ਲਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਐਮਡੀ ਪੀ.ਐਚ.ਐਸ.ਸੀ ਤਨੂ ਕਸ਼ਯਪ, ਪੀਜੀਆਈ ਦੇ ਡੀਨ ਡਾ. ਜੀਡੀ ਪੁਰੀ, ਪੀਜੀਆਈ ਦੇ ਐਸੋਸੀਏਟ ਪ੍ਰੋਫੈਸਰ ਡਾ. ਕਮਲ ਕਾਜਲ, ਡੀਸੀ ਗਿਰੀਸ਼ ਦਿਆਲਨ ਅਤੇ ਏਡੀਸੀ ਅਸ਼ਿਕਾ ਜੈਨ ਮੌਜੂਦ ਸਨ।
ਡਾ. ਕੇ.ਕੇ. ਤਲਵਾੜ ਨੇ ਮੁਹਾਲੀ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਪੰਚਕੂਲਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਮੁਹਾਲੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਹਨ। ਡੀਸੀ ਗਿਰੀਸ਼ ਦਿਆਲਨ ਦੀ ਨਿਗਰਾਨੀ ਹੇਠ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚਾਲੇ ਤਾਲਮੇਲ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕੋਵਿਡ-19 ਵਿਰੁੱਧ ਲੜਾਈ ਵਿੱਚ ਇਕ ਵਧੀਆ ਭੂਮਿਕਾ ਨਿਭਾਉਣ ਲਈ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕੋਵਿਡ ਦੀ ਸੰਭਾਵੀ ਦੂਜੀ ਲਹਿਰ ਲਈ ਤਿਆਰ ਰਹਿਣ ਲਈ ਕਿਹਾ।
ਇਸ ਮੌਕੇ ਵੱਧ ਤੋਂ ਵੱਧ ਨਮੂਨੇ ਲੈਣ ਅਤੇ ਬੈੱਡਾਂ ਦੀ ਢੁਕਵੀਂ ਸਮਰੱਥਾ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਮੌਤ ਦਰ ਨੂੰ ਘਟਾਉਣਾ ਲਈ ਲੰਮੀ ਚਰਚਾ ਕੀਤੀ। ਡਾਕਟਰਾਂ ਨੇ ਅਮਲੀ ਸੁਝਾਅ ਅਤੇ ਉਤਮ ਡਾਕਟਰੀ ਅਭਿਅਸ ਸਾਂਝੇ ਕੀਤੇ ਜੋ ਮੌਤ ਦਰ ਨੂੰ ਘਟਾਉਣ ਵਿੱਚ ਸਾਰੇ ਹਸਪਤਾਲਾਂ ਲਈ ਸਹਾਇਕ ਸਿੱਧ ਹੋਣਗੇ। ਇਹ ਵਿਚਾਰ ਕੀਤਾ ਗਿਆ ਕਿ ਲੈਵਲ 1 ਸਿਹਤ ਸੰਸਥਾਵਾਂ ਵਿਚ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਦਰ ਘੱਟ ਹੈ, ਇਸ ਲਈ ਸੂਬੇ ਭਰ ਵਿੱਚ ਲੈਵਲ 1 ਸਿਹਤ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ। ਬਿਨਾਂ ਲੱਛਣਾਂ ਵਾਲੇ/ਹਲਕੇ ਜਿਹੇ ਲੱਛਣਾਂ ਵਾਲੇ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਲਈ ਉਤਸ਼ਾਹਿਤ ਕਰਨ ਦਾ ਫੈਸਲਾ ਲਿਆ ਗਿਆ। ਲੋੜਵੰਦ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਕਿੱਟਾਂ ਵੰਡੀਆਂ ਜਾਣੀਆਂ ਹਨ। ਮਰੀਜ਼ਾਂ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ, ਸੂਬਾ ਸਰਕਾਰ ਵੱਲੋਂ ਪੋਸਟ ਕੋਵਿਡ ਕੇਅਰ ਕਿੱਟਾਂ ਵੀ ਤਿਆਰ ਕੀਤੀਆਂ ਗਈਆਂ ਹਨ ਜੋ ਲੋੜਵੰਦ ਮਰੀਜ਼ਾਂ ਨੂੰ ਵੰਡੀਆਂ ਜਾਣੀਆਂ ਹਨ।
ਪ੍ਰਾਈਵੇਟ ਹਸਪਤਾਲਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਹੋਮ ਕੌਂਸਲਿੰਗ ਸੇਵਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੇਵਾਵਾਂ ਲਈ ਜਾਇਜ਼ ਕੀਮਤ ਵਸੂਲਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਮਰੀਜ਼ਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਾਰੇ ਪ੍ਰਾਈਵੇਟ ਹਸਪਤਾਲ ਵੈਂਟੀਲੇਟਰ ਸਪੋਰਟ ਪ੍ਰੋਫਾਰਮਾ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਸਬੰਧੀ ਪ੍ਰੋਫਾਰਮਾ ਭਰਨਗੇ ਤਾਂ ਜੋ ਮਾਹਰ ਕਮੇਟੀ ਇਸ ਦਾ ਵਿਸ਼ਲੇਸ਼ਣ ਕਰ ਸਕੇ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰ ਸਕੇ। ਇਹ ਵੀ ਦੱਸਿਆ ਗਿਆ ਕਿ ਸਿਹਤ ਸੰਸਥਾਵਾਂ ਨੂੰ ਮੌਤ ਸਬੰਧੀ ਆਡਿਟ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਮਾਹਰ ਇਸ ਸਬੰਧੀ ਪੰਜਾਬ ਵਿੱਚ ਹੋ ਰਹੀਆਂ ਮੌਤਾਂ ਦਾ ਸਹੀ ਵਿਸ਼ਲੇਸ਼ਣ ਕਰ ਸਕਣ ਅਤੇ ਮੌਤ ਦਰ ਨੂੰ ਘੱਟ ਕਰ ਸਕਣ। ਸਾਰੇ ਹਸਪਤਾਲਾਂ ਨੂੰ ਡਾ. ਕੇ.ਕੇ. ਤਲਵਾੜ ਅਤੇ ਹੋਰ ਮਾਹਰ ਡਾਕਟਰਾਂ ਅਧੀਨ ਕਰਵਾਏ ਜਾਂਦੇ ਹਫ਼ਤਾਵਾਰੀ ਲਾਈਵ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…