ਸੈਰ ਸਪਾਟਾ ਸੰਮੇਲਨ ਮਹਿਜ਼ ਦਿਖਾਵਾ: ਮੁਹਾਲੀ ਦੇ ਸੈਰ ਸਪਾਟਾ ਕੇਂਦਰਾਂ ਦੀ ਸੰਭਾਲ ਕਰਨ ’ਚ ਸਰਕਾਰ ਫੇਲ: ਵਸ਼ਿਸ਼ਟ

ਬਾਬਾ ਬੰਦਾ ਸਿੰਘ ਬਹਾਦਰ ਦੀ ਚੱਪੜਚਿੜੀ ਜੰਗੀ ਯਾਦਗਾਰ, ਮਹਾਰਾਜਾ ਅੱਜ ਸਰੋਵਰ, ਸਿਸਵਾ ਡੈੱਮ ਦੀ ਹਾਲਤ ਖਸਤਾ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੁਹਾਲੀ ਵਿੱਚ ਪਿਛਲੇ ਦਿਨੀਂ ਕਰਵਾਏ ਗਏ ਸੈਰ ਸਪਾਟਾ ਸੰਮੇਲਨ ਮਹਿਜ਼ ਦਿਖਾਵਾ ਬਣ ਕੇ ਰਹਿ ਗਿਆ ਹੈ ਜਦੋਂਕਿ ਮੁਹਾਲੀ ਖੇਤਰ ਦੇ ਮੌਜੂਦਾ ਸੈਰ ਸਪਾਟਾ ਕੇਂਦਰਾਂ ਨੂੰ ਸਾਂਭ-ਸੰਭਾਲ ਪੱਖੋਂ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਅੱਜ ਚੱਪੜਚਿੜੀ ਜੰਗੀ ਯਾਦਗਾਰ ਦਾ ਦੌਰਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਚੱਪੜਚਿੜੀ ਫਤਹਿ ਬੁਰਜ ਅਤੇ ਖਰੜ ਦਾ ਮਹਾਰਾਜਾ ਅੱਜ ਸਰੋਵਰ ਦੋਵੇਂ ਇਤਿਹਾਸਕ ਸਥਾਨ ਹਨ ਪਰ ਇਨ੍ਹਾਂ ਦੋਵੇਂ ਇਤਿਹਾਸਕ ਅਸਥਾਨਾਂ ਦੀ ਬਿਲਕੁਲ ਵੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਇੰਜ ਹੀ ਸਿਸਵਾ ਡੈੱਮ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਤਿਹ-ਬੁਰਜ ਦੀ ਗੱਲ ਕਰੀਏ ਤਾਂ ਚੱਪੜਚਿੜੀ ਜੰਗੀ ਯਾਦਗਾਰ ਪਹੁੰਚ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਸ ਲਈ ਸੈਲਾਨੀ ਉੱਥੇ ਆਉਣ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ। ਫਤਿਹ-ਬੁਰਜ ਦੇ ਅੰਦਰ ਵੀ ਬਹੁਤ ਸਾਰੀਆਂ ਖ਼ਾਮੀਆਂ ਹਨ। ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ 328 ਫੁੱਟ ਉੱਚੇ ਫਤਿਹ-ਬੁਰਜ ਨੂੰ ਲਿਫ਼ਟ ਤੱਕ ਜੁੜੀ।
ਇੰਜ ਹੀ ਖਰੜ ਦਾ ਮਹਾਰਾਜਾ ਅੱਜ ਸਰੋਵਰ ਵੀ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਇੱਥੇ ਝਾੜੀਆਂ ਉੱਗ ਰਹੀਆਂ ਹਨ। ਦੇਖ ਕੇ ਇੰਜ ਜਾਪਦਾ ਹੈ ਜਿਵੇਂ ਕੋਈ ਜੰਗਲੀ ਇਲਾਕਾ ਹੋਵੇ। ਭਾਜਪਾ ਆਗੂ ਨੇ ਕਿਹਾ ਕਿ ਭਾਵੇਂ ਸਰਕਾਰ ਮੁਹਾਲੀ ਨੂੰ ਸੈਰ ਸਪਾਟੇ ਵਜੋਂ ਪ੍ਰਫੁੱਲਤ ਕਰਨ ਦੇ ਦਾਅਵੇ ਕਰ ਰਹੀ ਹੈ। ਪਰ ਜੇਕਰ ਉਕਤ ਧਾਰਮਿਕ ਥਾਵਾਂ ’ਤੇ ਨਜ਼ਰ ਮਾਰੀਏ ਤਾਂ ਇਹ ਦਾਅਵੇ ਪੂਰੀ ਤਰ੍ਹਾਂ ਖੋਖਲੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਮੁਹਾਲੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਪ੍ਰਫੁੱਲਤ ਕਰਨਾ ਚਾਹੁੰਦੀ ਤਾਂ ਚੱਪੜਚਿੜੀ ਅਤੇ ਅੱਜ ਸਰੋਵਰ ਸਮੇਤ ਬਲਾਕ ਮਾਜਰੀ ਵਿੱਚ ਸਿਸਵਾ ਡੈੱਮ ਦੀ ਸਾਂਭ-ਸੰਭਾਲ ਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਥਾਵਾਂ ਦੀ ਸੰਭਾਲ ਕੀਤੀ ਜਾਵੇ ਤਾਂ ਇੱਥੇ ਸੈਲਾਨੀਆਂ ਦੀ ਭੀੜ ਉਮੜ ਸਕਦੀ ਹੈ ਅਤੇ ਇਸ ਨਾਲ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਮਾਈ ਵੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …