nabaz-e-punjab.com

ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਵਿਸ਼ਵ ਪੱਧਰੀ ਮਾਨਤਾ ਦਿਵਾਉਣ ਲਈ ਖਾਕਾ ਤਿਆਰ

ਆਰਕੀਟੈਕਟ ਰਾਮ ਸਿੰਘ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਾਗੇ: ਨਵਜੋਤ ਸਿੰਘ ਸਿੱਧੂ

ਸੈਲਾਨੀਆਂ ਨੂੰ ਖਿੱਚਣ ਲਈ ਮੁੱਖ ਮੰਤਰੀ ਵੱਲੋਂ ਜਲਦੀ ਐਲਾਨੇ ਜਾਣਗੇ ਧਾਰਮਿਕ, ਮਹਾਰਾਜਾ, ਸੂਫੀ ਤੇ ਮੁਗਲ ਸਰਕਟ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਮਈ:
ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਰਾਮ ਸਿੰਘ ਦੀ ਵਿਰਾਸਤ ਨੂੰ ਆਉਣ ਵਾਲੀਆ ਪੀੜ੍ਹੀਆਂ ਲਈ ਸਾਂਭਾਗੇ ਜਿਸ ਲਈ ਵਿਭਾਗ ਵੱਲੋਂ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਖਿੱਚਣ ਲਈ ਬਣਾਈ ਜਾ ਰਹੀ ਯੋਜਨਾ ਦਾ ਖਰੜਾ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪ੍ਰਵਾਨਗੀ ਲਈ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਮੁੱਖ ਮੰਤਰੀ ਖੁਦ ਚਾਰ ਸਰਕਟਾਂ (ਧਾਰਮਿਕ, ਮਹਾਰਾਜਾ, ਸੂਫੀ ਤੇ ਮੁਗਲ ਸਰਕਟ) ਦਾ ਐਲਾਨ ਕਰਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਆਰਕੀਟੈਕਟ ਰਾਮ ਸਿੰਘ ਦੀਆਂ ਬਣਾਈਆਂ ਵਿਰਾਸਤੀ ਇਮਾਰਤਾਂ ਜਿਨ੍ਹਾਂ ਵਿੱਚ ਦਰਬਾਰ ਹਾਲ ਸੰਗਰੂਰ, ਕਪੂਰਥਲਾ ਤੇ ਖਾਲਸਾ ਕਾਲਜ ਅੰਮ੍ਰਿਤਸਰ ਸ਼ਾਮਲ ਹੈ, ਦੀ ਸਾਂਭ-ਸੰਭਾਲ ਕਰ ਕੇ ਇਨ੍ਹਾਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਤੋਹਫੇ ਵਿੱਚ ਦੇਣ ਲਈ ਸਾਂਭਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦੋ ਦਿਨਾਂ ਅੰਦਰ ਯੂਨੈਸਕੇ ਦੀ ਟੀਮ ਵੱਲੋਂ ਪਟਿਆਲਾ, ਸੰਗਰੂਰ, ਨਾਭਾ, ਅੰਮ੍ਰਿਤਸਰ ਤੇ ਕਪੂਰਥਲਾ ਵਿਖੇ ਵਿਰਾਸਤੀ ਇਮਾਰਤਾਂ ਦਾ ਟੂਰ ਕੀਤਾ ਗਿਆ। ਉਨ੍ਹਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਦੀਆਂ ਵਿਰਾਸਤੀ ਥਾਵਾਂ ਨੂੰ ਵਿਸ਼ਵ ਵਿਰਾਸਤੀ ਧਰੋਹਰ ਐਲਾਨਿਆ ਜਾਵੇ ਤਾਂ ਜੋ ਇਨ੍ਹਾਂ ਵਿਰਾਸਤੀ ਥਾਵਾਂ ਦੀ ਹੋਰ ਸੰਭਾਲ ਹੋ ਸਕੇ। ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੀ ਯੋਜਨਾ ਵਿੱਚ ਚਾਰ ਸਰਕਟ ਧਾਰਮਿਕ, ਮਹਾਰਾਜਾ, ਸੂਫੀ ਤੇ ਮੁਗਲ ਬਣਾਏ ਜਾ ਰਹੇ ਜਿਸ ਦਾ ਖਰੜਾ ਮੁੱਖ ਮੰਤਰੀ ਜੀ ਕੋਲ ਪ੍ਰਵਾਨਗੀ ਲਈ ਇਕ ਹਫਤੇ ਅੰਦਰ ਰੱਖਿਆ ਜਾਵੇਗਾ। ਧਾਰਮਿਕ ਸਰਕਟ ਵਿੱਚ ਪੰਜਾਬ ਅੰਦਰ ਮੌਜੂਦ ਤਿੰਨ ਤਖਤ ਸਾਹਿਬਾਨ ਸਮੇਤ ਹੋਰ ਧਾਰਮਿਕ ਅਸਥਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਦੇ ਦਰਸ਼ਨ-ਦੀਦਾਰ ਲਈ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ।
ਪਟਿਆਲਾ, ਨਾਭਾ, ਸੰਗਰੂਰ (ਜੀਂਦ), ਕਪੂਰਥਲਾ ਤੇ ਫਰੀਦਕੋਟ ਰਿਆਸਤਾਂ ਵਿੱਚ ਮੌਜੂਦ ਇਤਿਹਾਸਕ ਕਿਲੇ ਅਤੇ ਹੋਰ ਵਿਰਾਸਤੀ ਥਾਵਾਂ ਨੂੰ ਮਹਾਰਾਜਾ ਸਰਕਟ ਵਿੱਚ ਸ਼ਾਮਲ ਕੀਤਾ ਜਾਵੇਗਾ। ਮੁਗਲ ਸਰਕਟ ਵਿੱਚ ਪੰਜਾਬ ਅੰਦਰ ਸਥਿਤ ਕਿਲਾ ਸਰਾਏ ਸੁਲਤਾਨਪੁਰ ਲੋਧੀ, ਮੁਗਲ ਸਰਾਏ ਦੋਰਾਹਾ, ਮੁਗਲ ਸਰਾਏ ਸ਼ੰਭੂ, ਕਲਾਨੌਰ ਨੂੰ ਇਕ ਲੜੀ ਨਾਲ ਜੋੜ ਕੇ ਇਨ੍ਹਾਂ ਨਾਲ ਸਬੰਧਤ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ। ਇਸੇ ਤਰ੍ਹਾਂ ਸੂਫੀ ਸਰਕਟ ਵਿੱਚ ਬਾਬਾ ਸ਼ੇਖ ਫਰੀਦ ਤੇ ਸੂਫੀ ਕਵੀ ਬੱੁਲੇ ਸ਼ਾਹ ਦੀ ਇਤਿਹਾਸਕ ਧਰਤੀ ’ਤੇ ਸੂਫੀ ਸੰਮੇਲਨ ਕਰਵਾਏ ਜਾਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਸਥਿਤ ਵਿਰਾਸਤੀ ਇਮਾਰਤਾਂ ਨੂੰ ਵਿਸ਼ਵ ਪੱਧਰੀ ਮਾਨਤਾ ਦਿਵਾਉਣ ਨਾਲ ਜਿੱਥੇ ਸੈਲਾਨੀਆਂ ਨੂੰ ਸੂਬੇ ਵੱਲ ਖਿੱਚਿਆ ਜਾਵੇਗਾ ਉਥੇ ਵਿਭਾਗ ਵੀ ਆਰਥਿਕ ਪੱਖੋਂ ਵੀ ਆਤਮ-ਨਿਰਭਰ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਣਾਈ ਜਾ ਰਹੀ ਇਸ ਯੋਜਨਾ ਨੂੰ ਨੇਪਰੇ ਚਾੜ੍ਹਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ ਤਾਂ ਜੋ ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਆਰਕੀਟੈਕਟ ਰਾਮ ਸਿੰਘ ਮਹਾਨ ਭਵਨ ਨਿਰਮਾਤਾ ਹੋਏ ਹਨ ਜਿਨ੍ਹਾਂ ਨੇ ਪੰਜਾਬ ਅੰਦਰ ਉਕਤ ਵਿਰਾਸਤੀ ਇਮਾਰਤਾਂ ਬਣਾਉਣ ਤੋਂ ਇਲਾਵਾ ਲੰਡਨ ਵਿੱਚ ਮਹਾਰਾਣੀ ਵਿਕਟੋਰੀਆ ਦਾ ਸਮਰ ਹੋਮ, ਲਾਹੌਰ ਸਥਿਤ ਮਿਊਜ਼ੀਅਮ ਅਤੇ ਸ਼ਿਮਲਾ ਵਿਖੇ ਗਵਰਨਰ ਹਾਊਸ ਆਦਿ ਅਦਫੁੱਤ ਇਮਾਰਤਾਂ ਬਣਾਈਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…