ਟਰੇਡਰਜ਼ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ

ਮਾਰਕੀਟ ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ ਚੁੱਕਣ, ਪੁਲੀਸ ਬੀਟ ਬਾਕਸ ਬਣਾਉਣ ਦੀ ਮੰਗ

ਰਾਤ ਨੂੰ ਦੁਕਾਨਾਂ ਖੋਲਣ ਦਾ ਸਮਾਂ ਵੀ ਫਿਕਸ ਕਰਨ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 3 ਦਸੰਬਰ:
ਟਰੇਡਰਸ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦਾ ਵਫ਼ਦ ਅੱਜ ਸੰਸਥਾ ਦੇ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਦੀ ਅਗਵਾਈ ਹੇਠ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ। ਵਫ਼ਦ ਨੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਨਾਜਾਇਜ਼ ਰੇਹੜੀ ਫੜ੍ਹੀ ਨੂੰ ਮੁਕੰਮਲ ਤੌਰ ਤੋਂ ਹਟਾਉਣ ਅਤੇ ਕਾਨੂੰਨ ਅਨੁਸਾਰ ਬਣੀਆਂ ਇਮਾਰਤਾਂ ਵਿੱਚ ਚੱਲ ਰਹੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਲਈ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਸਮਾਂਬੱਧ ਕਰਕੇ ਲਾਗੂ ਕਰਵਾਉਣ ਦੀ ਬੇਨਤੀ ਕੀਤੀ ਤੇ ਨਾਲ ਹੀ ਇੱਥੇ ਪੁਲਿਸ ਦਾ ਬੀਟ ਬਾਕਸ ਬਣਾਉਣ ਦੀ ਵੀ ਮੰਗ ਕੀਤੀ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇ। ਮੇਅਰ ਜੀਤੀ ਸਿੱਧੂ ਨੇ ਮਾਰਕੀਟ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਨਾਲ ਹੀ ਇਨ੍ਹਾਂ ਦੇ ਹੱਲ ਲਈ ਟੀਮਾਂ ਵੀ ਬਣਾ ਦਿੱਤੀਆਂ ਹਨ।
ਵਫ਼ਦ ਨੇ ਮੇਅਰ ਜੀਤੀ ਸਿੱਧੂ ਨੂੰ ਕਿਹਾ ਕਿ ਫੇਜ਼-3ਬੀ2 ਦੀ ਮਾਰਕਿਟ ਵਿੱਚ ਨਾਜਾਇਜ਼ ਰੇਹੜੀ ਫੜ੍ਹੀ ਵਾਲਿਆਂ ਦੀ ਬਹੁਤ ਭਰਮਾਰ ਹੈ ਅਤੇ ਇੱਥੇ ਖਾਣ-ਪੀਣ ਵਾਲੀਆਂ ਦੁਕਾਨਾਂ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਹਨ, ਜਿੱਥੇ ਲੋਕ ਖੁੱਲੇ ਵਿੱਚ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਰੇਹੜੀ ਫਰੀ ਵਾਲੇ ਇਨ੍ਹਾਂ ਨੂੰ ਗਲਾਸ, ਪੀਣ ਵਾਲਾ ਪਾਣੀ ਅਤੇ ਸਨੈਕਸ ਸਪਲਾਈ ਕਰਦੇ ਹਨ ਜਿਸ ਕਾਰਨ ਇੱਥੇ ਨਿੱਤ ਆਏ ਦਿਨ ਲੜਾਈ ਝਗੜੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਰੋਜ਼ਾਨਾ ਹੁੰਦੇ ਝਗੜਿਆਂ ਕਾਰਨ ਕਿਸੇ ਵੀ ਸਮੇਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਗੰਭੀਰ ਰੂਪ ਵਿੱਚ ਖਰਾਬ ਹੋ ਸਕਦੀ ਹੈ। ਉਕਤ ਰੇਹੜੀ ਫੜ੍ਹੀ ਵਾਲੇ ਮਾਰਕਿਟ ਦੀ ਪਾਰਕਿੰਗ ਵਿੱਚ ਕਮਰਸ਼ੀਅਲ ਵਹੀਕਲ (ਛੋਟਾ ਹਾਥੀ) ਲੈ ਕੇ ਕਿਸੇ ਵੀ ਥਾਂ ਤੇ ਖੜ੍ਹ ਜਾਂਦੇ ਹਨ ਜਿਸ ਨਾਲ ਮਾਰਕਿਟ ਵਿਚ ਕਾਨੂੰਨ ਅਨੁਸਾਰ ਬਣੇ ਸ਼ੋਅਰੂਮਾਂ ਅਤੇ ਬੂਥਾਂ ਵਿੱਚ ਚੱਲ ਰਹੀਆਂ ਦੁਕਾਨਾਂ ਵਿੱਚ ਆਉਣ-ਜਾਣ ਵਾਲੇ ਗਾਹਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਫ਼ਦ ਨੇ ਮੇਅਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਇਨ੍ਹਾਂ ਅਣਅਧਿਕਾਰਤ ਰੇਹੜੀ ਫੜ੍ਹੀ ਜਾਂ ਕਮਰਸ਼ੀਅਲ ਵਹੀਕਲਾਂ ਨੂੰ ਮਾਰਕਿਟ ਦੀ ਪਾਰਕਿੰਗ ਵਿਚ ਖੜ੍ਹਾ ਕਰਨ ਤੋਂ ਰੋਕਿਆ ਗਿਆ ਪ੍ਰੰਤੂ ਉਕਤ ਰੋਹਤੀ ਫੜ੍ਹੀ ਵਾਲੇ ਵਾਰ-ਵਾਰ ਕਹਿਣ ਤੇ ਵੀ ਉਸ ਜਗ੍ਹਾ ਤੇ ਰੇਹੜੀ ਲਗਾਉਣ ਤੋਂ ਨਹੀਂ ਹਟਦੇ ਅਤੇ ਕੁਝ ਰੇਹੜੀ ਫੜ੍ਹੀ ਵਾਲੇ ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਹੁੰਦੇ ਹਨ, ਅਪਸ਼ਬਦ ਬੋਲਦੇ ਹਨ ਅਤੇ ਕਹਿੰਦੇ ਹਨ ਕਿ ਜੋ ਤੁਹਾਡੇ ਤੋਂ ਹੁੰਦਾ ਕਰ ਲਵੋ ਅਸੀਂ ਤਾਂ ਇੱਥੇ ਹੀ ਰੋਹੜੀ ਲਾਵਾਂਗੇ। ਇਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨੂੰ ਪੁਲਿਸ ਅਤੇ ਜਿਲ੍ਹੇ ਦੇ ਹੋਰ ਪ੍ਰਸ਼ਾਸਨ ਦਾ ਕੋਈ ਡਰ ਨਹੀ ਹੈ ਅਤੇ ਇਹ ਕਿਸੇ ਵੀ ਸਮੇਂ ਮਾਰਕਿਟ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਖਰਾਬ ਕਰ ਸਕਦੇ ਹਨ, ਜਿਸ ਨਾਲ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਣ ਦਾ ਵੀ ਡਰ ਹੈ।
ਵਫਦ ਨੇ ਕਿਹਾ ਕਿ ਮਾਰਕਿਟ ਵਿੱਚ ਆਉਣ ਵਾਲੇ ਗਾਹਕਾਂ ਅਤੇ ਮਾਰਕਿਟ ਦੇ ਸ਼ੋਅਰੂਮਾਂ ਅਤੇ ਬੂਬਾਂ ਵਿੱਚ ਆਪਣਾ ਕਾਰੋਬਾਰ ਕਰ ਰਹੇ ਵਪਾਰੀਆਂ ਦੀ ਸੁਰੱਖਿਆ ਲਈ ਅਤੇ ਇਨ੍ਹਾਂ ਨੂੰ ਪੇਸ਼ ਆ ਰਹੀਆਂ ਹੋਰ ਮੁਸ਼ਕਲ ਦਾ ਹੱਲ ਕਰਨ ਲਈ ਉਕਤ ਰੇਹੜੀ ਫੜ੍ਹੀ ਵਾਲਿਆਂ ਨੂੰ ਮਾਰਕੀਟ ਦੀ ਪਾਰਕਿੰਗ ਵਿੱਚੋਂ ਹਟਾਇਆ ਜਾਵੇ ਅਤੇ ਸਾਰੀ ਰਾਤ ਖੁੱਲ੍ਹਣ ਵਾਲੀਆਂ ਦੁਕਾਨਾਂ ਨੂੰ ਸਮਬੰਧ ਕਰਦੇ ਹੋਏ ਦੁਕਾਨਾਂ ਦਾ ਸਮਾਂ ਰਾਤ 12 ਵਜੇ ਤੱਕ ਨਿਰਧਾਰਤ ਕੀਤੀ ਜਾਵੇ। ਉਨ੍ਹਾਂ ਮੇਅਰ ਨੂੰ ਇਹ ਵੀ ਬੇਨਤੀ ਕੀਤੀ ਕਿ ਇਸ ਤੋਂ ਇਲਾਵਾ ਮਾਰਕਿਟ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪਾਰਕਿੰਗ ਵਿੱਚ ਇੱਕ ਬੀਟ ਬਾਕਸ ਦੇ ਪ੍ਰਬੰਧ ਕੀਤਾ ਜਾਵੇ ਅਤੇ ਇਸ ਬੀਟ ਬਾਕਸ ਤੇ ਮਾਰਕਿਟ ਦੇ ਖੁੱਲੇ ਰਹਿਣ ਸਮੇਂ (ਸਵੇਰੇ 9 ਵਜੇ ਤੋਂ ਰਾਤ 12 ਵਜੇ ਤੱਕ ਪੁਲੀਸ ਮੁਲਾਜ਼ਮ ਤੈਨਾਤ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ ਤਾਂ ਜੋ ਕਿਸੇ ਲੜਾਈ ਝਗੜੇ ਦੀ ਸੂਰਤ ਵਿੱਚ ਸਥਿਤੀ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਫ਼ਦ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਵੀ ਦੁਕਾਨਾਂ ਦਾ ਸਮਾਂ ਫਿਕਸ ਕਰਨ ਦੀ ਗੱਲ ਹੋਈ ਸੀ ਪਰ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਏਜੰਡਾ ਲਿਆ ਕੇ ਸਮੁੱਚੇ ਮੁਹਾਲੀ ਦੀਆਂ ਦੁਕਾਨਾਂ ਨੂੰ ਰਾਤ 12 ਵਜੇ ਬੰਦ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇੜੀਆਂ ਫੜੀਆਂ ਉੱਤੇ ਕਾਬੂ ਪਾਉਣ ਲਈ ਟੀਮ ਬਣਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬੀਟ ਬਾਕਸ ਦੀ ਗੱਲ ਹੈ ਤਾਂ ਇਸ ਸਬੰਧੀ ਉਹ ਐਸਐਸਪੀ ਨੂੰ ਪੱਤਰ ਲਿਖ ਰਹੇ ਹਨ ਤਾਂ ਜੋ ਇਹ ਸਮੱਸਿਆ ਦਾ ਵੀ ਪੱਕੇ ਤੌਰ ਤੇ ਹੱਲ ਹੋ ਸਕੇ ਕਿਉਂਕਿ ਇਸ ਮਾਰਕੀਟ ਵਿੱਚ ਸ਼ਰਾਰਤੀ ਅਨਸਰ ਵੱਧ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਆਈਆਂ ਹਨ ਕਿ ਇਸ ਮਾਰਕੀਟ ਵਿੱਚ ਪਰਿਵਾਰ ਸਮੇਤ ਜਾਣਾ ਮੁਸ਼ਕਿਲ ਹੋਇਆ ਪਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…