nabaz-e-punjab.com

ਵਪਾਰੀਆਂ ਨੂੰ ਸਹਿਣੀ ਪੈ ਰਹੀ ਹੈ ਆਰਥਿਕ ਮੰਦੀ ਤੇ ਖ਼ਰਚਿਆਂ ਦੀ ਦੋਹਰੀ ਮਾਰ

ਇਹ ਹਾਲ ਰਹਿਣ ’ਤੇ ਅਗਲੇ 3 ਮਹੀਨਿਆਂ ਵਿੱਚ ਬਰਬਾਦ ਹੋ ਜਾਣਗੇ 30 ਤੋਂ 40 ਫੀਸਦੀ ਦੁਕਾਨਦਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਕਰੋਨਾ ਦੀ ਮਹਾਮਾਰੀ ਕਾਰਨ 60 ਦਿਨਾਂ ਤਕ ਚਲੇ ਮੁਕੰਮਲ ਲਾਕਡਾਊਨ ਤੋਂ ਬਾਅਦ ਭਾਵੇਂ ਹੁਣ ਦੁਕਾਨਾਂ ਖੁੱਲ ਗਈਆਂ ਹਨ ਪਰੰਤੂ ਬਾਜਾਰਾਂ ਵਿੱਚ ਗ੍ਰਾਹਕ ਬਹੁਤ ਘੱਟ ਹਨ ਅਤੇ ਇਸ ਕਾਰਨ ਦੁਕਾਨਦਾਰਾਂ ਦੇ ਖਰਚੇ ਨਿਕਲਣੇ ਤਾਂ ਦੂਰ ਦੁਕਾਨਾਂ ਦੇ ਕਿਰਾਏ ਤਕ ਨਹੀਂ ਨਿਕਲ ਰਹੇ। ਹਾਲਾਤ ਇਹ ਹਨ ਕਿ ਵਪਾਰੀਆਂ ਨੂੰ ਭਾਰੀ ਮੰਦੀ ਦੇ ਨਾਲ ਨਾਲ ਦੁਕਾਨਾਂ ਦੇ ਕਿਰਾਏ ਅਤੇ ਹੋਰਨਾਂ ਖਰਚਿਆਂ ਦੀ ਜਿਹੜੀ ਮਾਰ ਸਹਿਣੀ ਪੈ ਰਹੀ ਹੈ ਉਸਨੇ ਉਹਨਾਂ ਨੂੰ ਬਰਬਾਦ ਹੋਣ ਕੰਢੇ ਪਹੁੰਚਾ ਦਿੱਤਾ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਛੇਤੀ ਹੀ ਇਸਦਾ ਅਸਰ ਨਜਰ ਆਉਣ ਲੱਗ ਜਾਵੇਗਾ।
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਹਿੰਦੇ ਹਨ ਕਿ ਇੱਕ ਤਾਂ ਪਿਛਲੇ ਦੋ ਮਹੀਨਿਆਂ ਦੇ ਲਾਕ ਡਾਊਨ ਦੌਰਾਨ ਜਿਆਦਾਤਰ ਦੁਕਾਨਦਾਰਾਂ ਦਾ ਅੰਦਰ ਪਿਆ ਲੱਖਾਂ ਕਰੋੜਾਂ ਦਾ ਸਾਮਾਨ ਜਿਵੇੱ ਕਪੜੇ, ਜੁੱਤੀਆਂ, ਕਾਸਮੈਟਿਕਸ, ਲੈਦਰ ਦਾ ਸਾਮਾਨ, ਮਿਠਾਈਆਂ ਆਦਿ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਇਹ ਸਾਮਾਨ ਦੁਕਾਨਦਾਰਾਂ ਨੂੰ ਸੁੱਟਣਾ ਪਿਆ ਹੈ। ਇਸਦੇ ਨਾਲ ਨਾਲ ਦੁਕਾਨਾਂ ਦੇ ਲੱਖਾਂ ਦੇ ਕਿਰਾਏ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਖਰਚਿਆਂ ਤੋਂ ਇਲਾਵਾ ਬੰਦ ਪਈਆਂ ਦੁਕਾਨਾਂ ਦੇ ਹਜਾਰਾਂ ਲੱਖਾਂ ਦੇ ਹਿਸਾਬ ਨਾਲ ਆ ਰਹੇ ਬਿਜਲੀ ਦੇ ਬਿਲਾਂ ਨੇ ਦੁਕਾਨਦਾਰਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ।
ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅੱਧੀ ਅਧੂਰੀ ਇਜਾਜਤ (ਆਡ ਈਵਨ ਦੇ ਆਧਾਰ ਤੇ) ਹੀ ਦਿੱਤੀ ਗਈ ਹੈ ਜਦੋਂਕਿ ਦੁਕਾਨਾਂ ਦੇ ਖਰਚੇ ਪੁਰਾਣੇ ਹੀ ਹਨ ਅਤੇ ਜੇਕਰ ਦੁਕਾਨਾਂ ਇੱਕ ਦਿਨ ਛੱਡ ਕੇ ਖੁੱਲਣਗੀਆਂ ਤਾਂ ਦੁਕਾਨਾਂ ਦਾ ਖਰਚਾ ਕਿਵੇੱ ਨਿਕਲੇਗਾ। ਇੱਥੇ ਹੀ ਬਸ ਨਹੀਂ ਬਲਕਿ ਆਮ ਲੋਕਾਂ ਕੋਲ ਖਰਚੇ ਲਈ ਨਕਦੀ ਦੀ ਭਾਰੀ ਘਾਟ ਕਾਰਨ ਲੋਕ ਖਰੀਦਦਾਰੀ ਕਰਨ ਲਈ ਹੀ ਨਹੀਂ ਆ ਰਹੇ ਹਨ ਜਿਸ ਕਾਰਨ ਜਿੰਨਾ ਸਮਾਂ ਦੁਕਾਨਾਂ ਖੁੱਲਦੀਆਂ ਹਨ ਉਸ ਸਮੇੱ ਦੌਰਾਨ ਵੀ ਦੁਕਾਨਦਾਰ ਲਗਭਗ ਵਿਹਲੇ ਬੈਠ ਕੇ ਅਤੇ ਬਾਅਦ ਵਿੱਚ ਦੁਕਾਨਾਂ ਬੰਦ ਕਰਕੇ ਵਾਪਸ ਪਰਤ ਜਾਂਦੇ ਹਨ।
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਕਹਿੰਦੇ ਹਨ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਮਾਰਕੀਟਾਂ ਵਿਚਲੀਆਂ 80 ਫੀਸਦੀ ਦੁਕਾਨਾਂ ਤੇ ਗ੍ਰਾਹਕ ਨਹੀਂ ਜਾ ਰਹੇ ਅਤੇ ਜੇਕਰ ਜਾ ਰਹੇ ਹਨ ਤਾਂ ਵੀ ਬਹੁਤ ਘੱਟ ਖਰੀਦਦਾਰੀ ਹੋ ਰਹੀ ਹੈ। ਉਹਨਾਂ ਅਨੁਸਾਰ ਲਾਕਡਾਊਨ ਕਾਰਨ ਲੋਕਾਂ ਦੀ ਹਾਲਤ ਪਤਲੀ ਹੋ ਗਈ ਹੈ ਅਤੇ ਹਰੇਕ ਵਿਅਕਤੀ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪਰੰਤੂ ਸਰਕਾਰ ਵਲੋੱ ਨਾ ਤਾਂ ਵਪਾਰੀਆਂ ਨੂੰ ਕੋਈ ਰਾਹਤ ਦਿੱਤੀ ਗਈ ਹੈ ਅਤੇ ਨਾ ਹੀ ਮੱਧ ਵਰਗੀ ਲੋਕਾਂ ਨੂੰ ਕੋਈ ਰਾਹਤ ਮਿਲੀ ਹੈ ਜਿਸ ਕਾਰਨ ਇਹ ਵਰਗ ਭਾਰੀ ਤੰਗੀ ਝੱਲ ਰਿਹਾ ਹੈ।
ਮਾਰਕੀਟ ਦੇ ਦੁਕਾਨਦਾਰਾਂ ਅਨੁਸਾਰ ਇਸ ਵੇਲੇ ਸਿਰਫ ਕਰਿਆਨਾ, ਡੇਅਰੀ ਉਤਪਾਦ, ਸਬਜੀਆਂ, ਫਲ ਅਤੇ ਦਵਾਈਆਂ ਦੀਆਂ ਦੁਕਾਨਾਂ ਹੀ ਠੀਕ ਤਰੀਕੇ ਨਾਲ ਚਲ ਰਹੀਆਂ ਹਨ। ਇਸਤੋੱ ਇਲਾਵਾ ਰੇਡੀਮੇਡ ਕਪੜਿਆਂ ਦੀਆਂ ਦੁਕਾਨਾਂ ਤੇ ਵੀ ਥੋੜ੍ਹਾ ਬਹੁਤ ਗ੍ਰਾਹਕ ਜਾ ਰਿਹਾ ਹੈ ਪਰੰਤੂ ਇਹਨਾਂ ਦੁਕਾਨ ਮਾਲਕਾਂ ਦੀ ਹਾਲਤ ਇਹ ਹੈ ਕਿ ਉਹਨਾਂ ਦਾ ਪੁਰਾਣੇ ਸੀਜਨ ਦਾ ਸਟਾਕ ਬਚ ਗਿਆ ਹੈ ਅਤੇ ਨਵੇਂ ਸੀਜਨ ਦਾ ਮਾਲ ਲਿਆਉਣ ਲਈ ਉਹਨਾਂ ਕੋਲ ਪੈਸੇ ਨਹੀਂ ਹਨ, ਜਿਸ ਕਾਰਨ ਉਹਨਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਦੌਰਾਨ ਮਾਰਕੀਟਾਂ ਵਿੱਚਲੀਆਂ ਦੁਕਾਨਾਂ ਵਿੱਚ ਮਾਲਕਾਂ ਅਤੇ ਕਿਰਾਏਦਾਰਾਂ ਵਿੱਚ ਵੀ ਝਗੜੇ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਕਿਉੱਕਿ ਦੁਕਾਨ ਮਾਲਕ ਲਾਕਡਾਊਨ ਦੇ ਸਮੇਂ ਦਾ ਪੂਰਾ ਕਿਰਾਇਆ ਮੰਗ ਰਹੇ ਹਨ ਜਦੋਂਕਿ ਦੁਕਾਨਦਾਰਾਂ ਦੀ ਹਾਲਤ ਇਹ ਹੈ ਕਿ ਉਹ ਲੌਕਡਾਊਨ ਦੇ ਸਮੇੱ ਦਾ ਤਾਂ ਛੱਡੋ ਮੌਜੂਦਾ ਮਹੀਨੇ ਦਾ ਕਿਰਾਇਆ ਅਦਾ ਕਰਨ ਦੀ ਹਾਲਤ ਵਿੱਚ ਵੀ ਨਹੀਂ ਹਨ।
ਇਸ ਸਬੰਧੀ ਫੇਜ਼ 7 ਦੀ ਮਾਰਕੀਟ ਦੇ ਪ੍ਰਧਾਨ ਗੁਰਮੁੱਖ ਸਿੰਘ ਵਾਲੀਆ ਕਹਿੰਦੇ ਹਨ ਕਿ ਉਹਨਾਂ ਵੱਲੋਂ ਮਾਰਕੀਟ ਦੇ ਦੁਕਾਨਦਾਰਾਂ ਅਤੇ ਦੁਕਾਨ ਮਾਲਕਾਂ ਵਿਚਾਲੇ ਬੈਠ ਕੇ ਇਸ ਗੱਲ ਤੇ ਸਹਿਮਤੀ ਕਰਵਾਈ ਗਈ ਹੈ ਕਿ ਦੁਕਾਨਾਂ ਦਾ ਅਪ੍ਰੈਲ ਅਤੇ ਮਈ ਦਾ ਕਿਰਾਇਆ ਮਾਫ ਕਰ ਦਿੱਤਾ ਜਾਵੇ ਅਤੇ ਜਿਆਦਾਤਰ ਦੁਕਾਨ ਮਾਲਕ ਇਸ ਲਈ ਰਾਜੀ ਵੀ ਹੋਏ ਹਨ ਪਰੰਤੂ ਦੁਕਾਨਾਂ ਦੇ ਜਿਹੜੇ ਹਜਾਰਾਂ ਲੱਖਾਂ ਦੇ ਬਿਜਲੀ ਦੇ ਬਿਲ ਆਏ ਹਨ ਉਹਨਾਂ ਦੀ ਅਦਾਇਗੀ ਕਰਨੀ ਵੀ ਦੁਕਾਨਦਾਰਾਂ ਲਈ ਭਾਰੀ ਮੁਸ਼ਕਲ ਦਾ ਕਾਰਨ ਬਣੀ ਹੋਈ ਹੈ। ਉਹਨਾਂ ਕਿਹਾ ਕਿ ਲੌਕਡਾਊਨ ਕਾਰਨ ਹਰ ਵਿਅਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪ੍ਰੰਤੂ ਸਭ ਤੋਂ ਜ਼ਿਆਦਾ ਮਾਰ ਵਪਾਰੀ ਵਰਗ ਤੇ ਹੀ ਪਈ ਹੈ ਜਿਸ ਵਾਸਤੇ ਦੁਕਾਨਾਂ ਦੇ ਇਹਨਾਂ ਖਰਚਿਆਂ ਦੀ ਪੂਰਤੀ ਦੇ ਨਾਲ ਨਾਲ ਮਕਾਨ, ਗੱਡੀ ਅਤੇ ਹੋਰਨਾਂ ਕਰਜ਼ਿਆਂ ਦੀਆਂ ਕਿਸ਼ਤਾਂ, ਬਿਜਲੀ ਦੇ ਭਾਰੀ ਭਰਕਮ ਬਿਲ ਅਤੇ ਆਪਣੇ ਘਰੇਲੂ ਖਰਚੇ ਕਰਨ ਲਈ ਬੁਰੀ ਤਰ੍ਹਾਂ ਤੰਗ ਹੋਣਾ ਪੈ ਰਿਹਾ ਹੈ ਅਤੇ ਦੁਕਾਨਦਾਰ ਪੂਰੀ ਤਰ੍ਹਾਂ ਬਰਬਾਦ ਹੋਣ ਕੰਢੇ ਪਹੁੰਚ ਗਏ ਹਨ।
ਜ਼ਮੀਨੀ ਹਾਲਾਤ ਇਹ ਹਨ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਅਗਲੇ ਇੱਕ ਦੋ ਮਹੀਨਿਆਂ ਵਿੱਚ ਹੀ ਮਾਰਕੀਟ ਵਿੱਚ ਕੰਮ ਕਰਦੇ ਘੱਟੋ ਘੱਟ ਇੱਕ ਤਿਹਾਈ ਵਪਾਰੀ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਜਾਣਗੇ ਕਿਉੱਕਿ ਮੌਜੂਦਾ ਹਾਲਾਤ ਵਿੱਚ ਉਹਨਾਂ ਲਈ ਇੰਨੇ ਜਿਆਦਾ ਖਰਚਿਆਂ ਦੀ ਪੂਰਤੀ ਕਰਨੀ ਕਿਸੇ ਵੀ ਸੂਰਤ ਵਿੱਚ ਸੰਭਵ ਨਹੀਂ ਹੈ। ਅਜਿਹਾ ਹੋਣ ਤੇ ਸਰਕਾਰ ਨੂੰ ਵੀ ਭਾਰੀ ਨੁਕਸਾਨ ਹੋਣਾ ਹੈ ਕਿਉੱਕਿ ਉਸਨੂੰ ਮਿਲਣ ਵਾਲੇ ਟੈਕਸਾਂ ਤੇ ਇਸਦਾ ਵੱਡਾ ਅਸਰ ਪੈਣਾ ਹੈ। ਹਾਲਾਤ ਬਹੁਤ ਗੰਭੀਰ ਹਨ ਅਤੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿੰਨੇ ਕੁ ਵਪਾਰੀ ਖੁਦ ਨੂੰ ਲਾਕਡਾਊਨ ਦੀ ਇਸ ਮਾਰ ਤੋਂ ਬਚਾਉਣ ਵਿੱਚ ਕਾਮਯਾਬ ਹੁੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…