Nabaz-e-punjab.com

ਆਵਾਜਾਈ ਦੀ ਸੁਵਿਧਾ: ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਜਲਦੀ ਬਣੇਗੀ 43 ਕਿੱਲੋਮੀਟਰ ਲੰਮੀ ਨਵੀਂ ਸੜਕ

ਨੈਸ਼ਨਲ ਹਾਈਵੇਅ ਅਥਾਰਟੀ ਨੇ ਪਹਿਲੇ ਪ੍ਰਾਜੈਕਟ ਦਾ ਰੂਟ ਪਲਾਨ ਚੇਂਜ ਕਰਨ ਲਈ ਕੇਂਦਰ ਸਰਕਾਰ ਨੂੰ ਭੇਜਿਆ ਪ੍ਰਸਤਾਵ

ਤੇਪਲਾ ਤੋਂ (ਵਾਇਆ ਮੁਹਾਲੀ-ਬਨੂੜ) ਖਰੜ ਨੇੜੇ ਰਿਆਤ ਐਂਡ ਬਾਹਰ ਕਾਲਜ ਤੱਕ ਬਣੇਗੀ ਨਵੀਂ ਫੋਰਲੇਨ ਸੜਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਆਈ) ਵੱਲੋਂ ਸੜਕੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਹੱਦ ਅੰਦਰ ਬਣਾਏ ਜਾਣ ਵਾਲੇ ਨਵੇਂ ਬਾਈਪਾਸ (ਗਮਾਡਾ ਐਕਸਪ੍ਰੈਸ ਵੇਅ) ਪ੍ਰਾਜੈਕਟ ਬਾਰੇ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਹੁਣ ਕਰੀਬ ਸਵਾ ਸਾਲ ਬਾਅਦ ਅਚਾਨਕ ਪ੍ਰਸਤਾਵਿਤ ਰੂਟ ਪਲਾਨ ਚੇਂਜ ਕਰ ਦਿੱਤਾ ਗਿਆ ਹੈ। ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਅ ਨਵੀਂ ਦਿੱਲੀ ਨੇ 6 ਜੂਨ 2018 ਨੂੰ ਨੋਟੀਫ਼ਿਕੇਸ਼ਨ ਜਾਰੀ ਕਰਕੇ ਮੁਹਾਲੀ ਪ੍ਰਸ਼ਾਸਨ ਰਾਹੀਂ ਐਕਵਾਇਰ ਕੀਤੀ ਜਾਣ ਵਾਲੀ ਲੋੜੀਂਦੀ ਜ਼ਮੀਨ ਸਬੰਧੀ ਲੋਕਾਂ ਤੋਂ ਇਤਰਾਜ਼ ਮੰਗੇ ਗਏ ਸੀ। ਪਹਿਲਾਂ ਇਹ ਚਾਰ ਮਾਰਗੀ ਸੜਕ ਪੁਰਾਣੀ ਸੜਕ ਤੋਂ ਥੋੜ੍ਹਾ ਪਿੱਛੇ ਹਟ ਕੇ ਬਣਾਈ ਜਾਣੀ ਸੀ ਪ੍ਰੰਤੂ ਮੁੱਖ ਸੜਕ ਦੇ ਨੇੜਲੀ ਜ਼ਮੀਨ ਕਾਫੀ ਮਹਿੰਗੀ ਹੋਣ ਕਰਕੇ ਹੁਣ ਨੇੜਲੇ ਪਿੰਡਾਂ ਦੇ ਖੇਤਾਂ ’ਚੋਂ ਕਰੀਬ 43 ਕਿੱਲੋਮੀਟਰ ਲੰਮੀ ਨਵੀਂ ਸੜਕ (ਗਰੀਨ ਹਾਈਵੇਅ) ਕੱਢਣ ਲਈ ਅਥਾਰਟੀ ਵੱਲੋਂ ਹਾਲ ਹੀ ਵਿੱਚ ਭਾਰਤ ਸਰਕਾਰ ਨੂੰ ਨਵੇਂ ਸਿਰਿਓਂ ਪ੍ਰਸਤਾਵ ਭੇਜਿਆ ਗਿਆ ਹੈ।
ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੋੜੀਂਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਫੋਰਲੇਨ ਸੜਕ ਨੇੜਲੇ ਪਿੰਡਾਂ ਦੇ ਖੇਤਾਂ ’ਚੋਂ ਕੱਢੀ ਜਾਵੇਗੀ, ਜੋ ਅੰਬਾਲਾ-ਰਾਜਪੁਰਾ ਨੈਸ਼ਨਲ ਹਾਈਵੇਅ ਤੋਂ ਪਿੱਛੇ ਹਟ ਕੇ ਮੁਹਾਲੀ ਜ਼ਿਲ੍ਹੇ ਦੀ ਹੱਦ ਵਿੱਚ ਪਿੰਡ ਤੇਪਲਾ ਤੋਂ ਮੁਹਾਲੀ (ਵਾਇਆ ਬਨੂੜ) ਅੱਗੇ ਖਰੜ ਨੇੜੇ ਰਿਆਤ ਐਂਡ ਬਾਹਰਾ ਕਾਲਜ ਤੱਕ ਬਣਾਈ ਜਾਵੇਗੀ, ਜੋ ਖਰੜ-ਰੂਪਨਗਰ ਕੌਮੀ ਮਾਰਗ ਨੂੰ ਜਾ ਕੇ ਮਿਲੇਗੀ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਸਮੁੱਚੇ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਠੱਲ੍ਹ ਪਵੇਗੀ। ਇਸ ਕੰਮ ਲਈ ਤੇਪਲਾ, ਰਾਮਗੜ੍ਹ, ਬਾਸਮਾਂ, ਖਲੋਰ, ਖਾਸਪੁਰ, ਗੁਰਨਾ ਖੇੜੀ, ਚੰਗੇਰਾ, ਮੋਟੇਮਾਜਰਾ, ਗੋਬਿੰਦਗੜ੍ਹ, ਨਗਾਰੀ, ਢੇਲਪੁਰ-ਗਡਾਣਾ, ਬਾੜੀਵਾਲਾ, ਭਾਰਤਪੁਰ, ਸੈਦਪੁਰ, ਸਵਾੜਾ, ਰਸਨਹੇੜੀ, ਗੱਬੇਮਾਜਰਾ, ਪੀਰ ਸੋਹਾਣਾ, ਦਾਊ ਮਾਜਰਾ ਸਮੇਤ ਕਈ ਹੋਰ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਇਸ ਸਬੰਧੀ ਜ਼ਮੀਨ ਮਾਲਕਾਂ ਨੂੰ ਧਾਰਾ 3ਏ ਦੇ ਨੋਟਿਸ ਜਾਰੀ ਹੋ ਚੁੱਕੇ ਹਨ।
ਇਸ ਸਬੰਧੀ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ, ਗਿਆਨ ਸਿੰਘ ਧੜਾਕ ਅਤੇ ਨਛੱਤਰ ਸਿੰਘ ਬੈਦਵਾਨ ਨੇ ਕਿਹਾ ਕਿ ਮੁਹਾਲੀ, ਬਨੂੜ ਤੇ ਖਰੜ ਬਾਈਪਾਸ ਟਾਈਪ ਨਵੀਂ ਸੜਕ ਬਣਨ ਨਾਲ ਮੁੱਖ ਸੜਕਾਂ ਅਤੇ ਸ਼ਹਿਰੀ ਸੜਕਾਂ ’ਤੇ ਲਗਦੇ ਲੰਮੇ ਜਾਮ ਤੋਂ ਛੁਟਕਾਰਾ ਮਿਲੇਗਾ ਅਤੇ ਆਵਾਜਾਈ ਸੌਖੀ ਹੋਵੇਗੀ। ਇਹੀ ਨਹੀਂ ਸੜਕ ਦੁਰਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ ਅਤੇ ਕੀਮਤੀ ਜਾਨਾਂ ਬਚ ਸਕਣਗੀਆਂ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨਾਂ ਐਕਵਾਇਰ ਕਰਨ ਲਈ ਕਿਸਾਨਾਂ ਨੂੰ ਮੌਜੂਦਾ ਮਾਰਕੀਟ ਦੇ ਅਨੁਸਾਰ ਕਮਰੀਸ਼ੀਅਲ ਭਾਅ ਦਿੱਤਾ ਜਾਵੇਗਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰਾਜੈਕਟ ਮੈਨੇਜਰ ਕ੍ਰਿਸ਼ਨਨ ਸਚਦੇਵਾ ਨੇ ਨਵੀਂ ਸੜਕ ਦਾ ਰੂਟ ਪਲਾਨ ਚੇਂਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਹਿਲਾਂ ਇਹ ਸੜਕ ਪੁਰਾਣੀ ਸੜਕ ਦੇ ਨੇੜੇ ਤੇੜੇ ਬਣਾਏ ਜਾਣ ਦੀ ਯੋਜਨਾ ਸੀ ਲੇਕਿਨ ਜ਼ਮੀਨ ਕਾਫੀ ਮਹਿੰਗੀ ਹੋਣ ਕਾਰਨ ਇਸ ਪ੍ਰਾਜੈਕਟ ਵਿੱਚ ਕੁਝ ਜ਼ਰੂਰੀ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਨੇੜਲੇ ਪਿੰਡਾਂ ਦੇ ਖੇਤਾਂ ’ਚੋਂ ਨਵੀਂ ਸੜਕ (ਗਰੀਨ ਹਾਈਵੇਅ) ਕੱਢੀ ਜਾਵੇਗੀ। ਇਸ ਸਬੰਧੀ ਕੇਂਦਰ ਸਰਕਾਰ ਨੂੰ ਨਵੇਂ ਸਿਰਿਓਂ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਭੇਜੀ ਗਈ ਹੈ ਅਤੇ ਜਲਦੀ ਹੀ ਸਰਵੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਹਰੀ ਝੰਡੀ ਮਿਲਦੇ ਹੀ ਇਸ ਪ੍ਰਾਜੈਕਟ ’ਤੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇਗਾ। ਜਿਸ ਦਾ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…