
ਟਰੈਫਿਕ ਪੁਲੀਸ ਤੇ ਸਕੂਲੀ ਬੱਚਿਆਂ ਨੇ ਮੁਹਾਲੀ ਵਿੱਚ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਟਰੈਫ਼ਿਕ ਪੁਲੀਸ ਵੱਲੋਂ ਡੀਐਸਪੀ ਟਰੈਫ਼ਿਕ ਗੁਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਮੁਹਾਲੀ ਟਰੈਫ਼ਿਕ ਜ਼ੋਨ-3 ਦੇ ਇੰਚਾਰਜ ਸਤਪਾਲ ਸਿੰਘ ਦੀ ਅਗਵਾਈ ਵਿੱਚ ਟਰੈਫ਼ਿਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਸਕੂਲ ਫੇਜ਼-11 ਦੇ ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਫੇਜ਼-10 ਦੇ ਚੌਂਕ ਤੋਂ ਆਰੰਭ ਹੋਈ ਜਿਹੜੀ ਫੇਜ਼-11 ਵਿੱਚ ਜਾ ਕੇ ਖ਼ਤਮ ਹੋਈ। ਇਸ ਦੌਰਾਨ ਰੈਲੀ ਵਿੱਚ ਸ਼ਾਮਿਲ ਵਿਦਿਆਰਥੀਆਂ ਵਲੋੱ ਵਾਹਨ ਚਾਲਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਬੱਚਿਆਂ ਵਲੋੱ ਸੜਕ ਸੁਰਖਿਆ ਸੰਬੰਧੀ ਬੈਨਰ ਅਤੇ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।
ਇਸ ਮੌਕੇ ਜ਼ੋਨ-3 ਦੇ ਇੰਚਾਰਜ ਸਤਪਾਲ ਸਿੰਘ ਨੇ ਕਿਹਾ ਕਿ ਜੇਕਰ ਵਾਹਨ ਚਾਲਕ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਰੋਜ਼ਾਨਾ ਵਾਪਰਦੇ ਵੱਡੀ ਗਿਣਤੀ ਸੜਕ ਹਾਦਸਿਆਂ ’ਤੇ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਿਆਦਤਰ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਹੀ ਵਾਪਰਦੇ ਹਨ ਅਤੇ ਲੋਕਾਂ ਨੂੰ ਵਾਹਨ ਚਲਾਉਣ ਵੇਲੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਮੌਕੇ ਟਰੈਫ਼ਿਕ ਪੁਲੀਸ ਦੇ ਹੋਰ ਕਰਮਚਾਰੀ ਵੀ ਹਾਜ਼ਿਰ ਸਨ।