
ਟਰੈਫ਼ਿਕ ਪੁਲੀਸ ਮੁਹਾਲੀ ਵੱਲੋਂ ਯਾਤਰੀਆਂ ਦੀ ਮਦਦ ਕਰਨ ਦਾ ਨਿਵੇਕਲਾ ਉਪਰਾਲਾ
ਜ਼ਿਲ੍ਹਾ ਟਰੈਫ਼ਿਕ ਪੁਲੀਸ ਨੇ ਆਪਣੇ ਪੱਧਰ ’ਤੇ ਫੰਡ ਜੁਟਾ ਕੇ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਯਾਤਰੀਆਂ ਲਈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁਹਾਲੀ ਟਰੈਫ਼ਿਕ ਪੁਲੀਸ ਨੇ ਇਕ ਨਿਵੇਕਲੀ ਪਹਿਲਕਦਮੀ ਕਰਦਿਆਂ ਆਪਣੇ ਪੱਧਰ ’ਤੇ ਫੰਡ ਜੁਟਾ ਕੇ ਮੁਹਾਲੀ ਏਅਰਪੋਰਟ ਸੜਕ ਦੇ ਖ਼ਰਾਬ ਹਿੱਸੇ ’ਤੇ ਪੈਚ ਵਰਕ ਰਾਹੀਂ ਮੁਰੰਮਤ ਕੀਤੀ ਗਈ। ਪੁਲੀਸ ਦੀ ਇਸ ਕਾਰਵਾਈ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜ਼ੀਰਕਪੁਰ ਤੋਂ ਵਾਇਆ ਪਿੰਡ ਛੱਤ ਰਾਹੀਂ ਮੁਹਾਲੀ ਆਉਣ ਵਾਲੀ ਏਅਰਪੋਰਟ ਸੜਕ ’ਤੇ ਕਾਫੀ ਖੱਡੇ ਪਏ ਹੋਏ ਹਨ, ਜੋ ਯਾਤਰੀਆਂ ਲਈ ਖ਼ਤਰੇ ਦਾ ਸਬੱਬ ਹਨ।
ਇਸ ਸੜਕ ਤੋਂ ਲੰਘਣ ਵਾਲੇ ਸਾਰੇ ਯਾਤਰੀਆਂ ਲਈ ਖ਼ੁਸ਼ਹਾਲ ਅਤੇ ਸੁਰੱਖਿਅਤ ਡਰਾਈਵਿੰਗ ਤਜਰਬੇ ਦੀ ਕਾਮਨਾ ਕਰਦਿਆਂ ਐਸਪੀ ਨੇ ਕਿਹਾ ਕਿ ਟਰੈਫ਼ਿਕ ਪੁਲੀਸ ਦੇ ਕਰਮਚਾਰੀ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸੜਕੀ ਆਵਾਜਾਈ ਨੂੰ ਆਮ ਨਾਗਰਿਕਾਂ ਲਈ ਸੁਰੱਖਿਅਤ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦੇ ਮੱਦੇਨਜ਼ਰ ਜ਼ੀਰਕਪੁਰ ਦੇ ਟਰੈਫ਼ਿਕ ਇੰਚਾਰਜ ਓਮਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਏਅਰਪੋਰਟ ਸੜਕ ’ਤੇ ਪਏ ਖੱਡਿਆਂ ਨੂੰ ਪ੍ਰੀਮਿਕਸ ਪਾ ਕੇ ਭਰਿਆ ਗਿਆ ਤਾਂ ਜੋ ਉਹ ਕਿਸੇ ਸੜਕ ਹਾਦਸੇ ਦਾ ਕਾਰਨ ਨਾ ਬਣ ਸਕਣ ਅਤੇ ਲੋਕਾਂ ਲਈ ਜਾਨਲੇਵਾ ਨਾ ਸਾਬਤ ਹੋਣ। ਸ੍ਰੀ ਕਲੇਰ ਨੇ ਦੱਸਿਆ ਕਿ ਸਬੰਧਤ ਏਜੰਸੀ ਵੱਲੋਂ ਸੜਕ ਦੀ ਮੁਰੰਮਤ ਹੋਣ ਤੱਕ ਇਹ ਕਾਰਜ ਸਵੈ ਇੱਛਾ ਨਾਲ ਵਿਅਕਤੀਗਤ ਯੋਗਦਾਨ ਰਾਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਰੈਫ਼ਿਕ ਪੁਲੀਸ ਅਜਿਹੇ ਕਾਰਜ ਕਰਦੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਕੰਮ ਸਰਕਾਰਾਂ ਅਤੇ ਪ੍ਰਸ਼ਾਸਨ ਉੱਤੇ ਨਹੀਂ ਸੁੱਟਣੇ ਚਾਹੀਦੇ ਹਨ, ਸਗੋਂ ਖ਼ੁਦ ਵੀ ਅੱਗੇ ਆ ਕੇ ਲੋਕ ਹਿੱਤ ਵਿੱਚ ਕੰਮ ਕਰਨੇ ਚਾਹੀਦੇ ਹਨ।