
ਟਰੈਫ਼ਿਕ ਪੁਲੀਸ ਨੇ ਸ਼ਹਿਰ ਵਿੱਚ ਸੜਕਾਂ ਕਿਨਾਰੇ ਖੜੇ ਵਾਹਨਾਂ ਨੂੰ ਕਬਜ਼ੇ ’ਚ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਜ਼ਿਲ੍ਹਾ ਪੁਲੀਸ ਟਰੈਫ਼ਿਕ ਜ਼ੋਨ-1 ਦੇ ਇੰਚਾਰਜ ਨਰਿੰਦਰ ਸੂਦ ਦੀ ਅਗਵਾਈ ਹੇਠ ਮੁਹਾਲੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੜਕਾਂ ਕਿਨਾਰੇ ਖੜੇ ਵਾਹਨਾਂ ਨੂੰ ਉਥੋਂ ਚੁੱਕ ਕੇ ਥਾਣੇ ਲਿਜਾਇਆ ਗਿਆ। ਇਸ ਦੌਰਾਨ ਫਰੈਂਕੋ ਹੋਟਲ ਦੀਆਂ ਲਾਈਟਾਂ ਤੋਂ ਪੁਰਾਣਾ ਬੈਰੀਅਰ ਫੇਜ਼-1 ਤੱਕ ਅਤੇ ਫੇਜ਼-5 ਦੀ ਮਾਰਕੀਟ ਵਿੱਚ ਬੂਥਾਂ ਦੇ ਸਾਹਮਣੇ ਸੜਕ ਕਿਨਾਰੇ ਖੜੀਆਂ ਕਾਰਾਂ\ਗੱਡੀਆਂ ਦੇ ਚਲਾਨ ਕੀਤੇ ਗਏ ਅਤੇ ਇਨ੍ਹਾਂ ਗੱਡੀਆਂ ਨੂੰ ਕਰੇਨ ਦੀ ਮਦਦ ਨਾਲ ਉੱਥੋਂ ਪਾਸੇ ਹਟਾਇਆ ਗਿਆ।
ਇਸ ਮੌਕੇ ਟਰੈਫ਼ਿਕ ਇੰਚਾਰਜ ਨਰਿੰਦਰ ਸੂਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਕਿ ਮਾਰਕੀਟ ਵਿੱਚ ਜਾਣ ਤੇ ਉਨ੍ਹਾਂ ਨੂੰ ਥਾਂ ਦੀ ਕਮੀ ਕਾਰਨ ਆਪਣੀਆਂ ਗੱਡੀਆਂ ਨੂੰ ਖੜ੍ਹੀਆਂ ਕਰਨ ਸਮੇਂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਮਾਰਕੀਟਾਂ ਵਿੱਚ ਜਾਣ ਤੋਂ ਵੀ ਪਰਹੇਜ ਕਰਦੇ ਹਨ। ਇਸ ਮੁਹਿੰਮ ਦੌਰਾਨ ਅੱਜ ਉਨ੍ਹਾਂ ਵੱਲੋਂ 11 ਵਾਹਨਾਂ ਦੇ ਚਲਾਨ ਕੀਤੇ ਗਏ ਹਨ।
ਇਸ ਮੌਕੇ ਸਾਬਕਾ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਟਰੈਫ਼ਿਕ ਦੀ ਭਾਰੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਲੋਕਾਂ ਨੂੰ ਮਾਰਕੀਟਾਂ ਵਿੱਚ ਆਪਣੇ ਵਾਹਨ ਖੜੇ ਕਰਨ ਲਈ ਵੀ ਥਾਂ ਨਹੀਂ ਮਿਲਦੀ ਹੈ। ਉਹਨਾਂ ਕਿਹਾ ਕਿ ਮਾਰਕੀਟਾਂ ਵਿੱਚ ਵਾਹਨ ਤਰਤੀਬਵਾਰ ਨਾ ਖੜਨ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਮੰਗ ਕੀਤੀ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲਾਈਨਿੰਗ ਲਗਾਈ ਜਾਵੇ ਤਾਂ ਜੋ ਗੱਡੀਆਂ ਕਤਾਰ ਵਿੱਚ ਖੜੀਆਂ ਹੋ ਸਕਣ ਅਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ। ਇਸ ਮੌਕੇ ਕੁਲਵੰਤ ਸਿੰਘ, ਦਵਿੰਦਰ ਸਿੰਘ, ਕੁਲਵਿੰਦਰਪਾਲ ਸਿੰਘ, ਨਰਿੰਦਰ ਕੁਮਾਰ (ਸਾਰੇ ਏਐਸਆਈ), ਹੌਲਦਾਰ ਗੁਰਵਿੰਦਰ ਸਿੰਘ ਅਤੇ ਸਲੀਮ ਮੁਹੰਮਦ ਅਤੇ ਹੋਰ ਟਰੈਫ਼ਿਕ ਮੁਲਾਜ਼ਮ ਹਾਜ਼ਰ ਸਨ।