
ਮੁਹਾਲੀ ਚੱਪੜਚਿੜੀ ਸੜਕ ’ਤੇ ਦੋਵੇਂ ਪਾਸੇ ਟਰੈਕਟਰ ਨਾਲ ਲੱਦੇ ਹੋਏ ਵੱਡੇ ਟਰਾਲੇ ਖੜ੍ਹਨ ਕਾਰਨ ਆਵਾਜਾਈ ਵਿੱਚ ਵਿਘਨ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਸਥਾਨਕ ਸੈਕਟਰ-90,91 ਅਤੇ ਉਦਯੋਗਿਕ ਖੇਤਰ ਫੇਜ਼-8 ਤੋੱ ਚੱਪੜਚਿੜੀ ਨੂੰ ਜਾਂਦੀ ਸੜਕ ਉਪਰ ਹਰ ਦਿਨ ਹੀ ਸਵਰਾਜ ਕੰਪਨੀ ਦੇ ਸੜਕਾਂ ਉੱਪਰ ਖੜੇ ਵੱਡੀ ਗਿਣਤੀ ਵਾਹਨ ਆਵਾਜਾਈ ਵਿੱਚ ਰੁਕਾਵਟ ਬਣ ਰਹੇ ਹਨ। ਜਿਸ ਕਾਰਨ ਹੋਰ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਉੱਪਰ ਸਵਰਾਜ ਕੰਪਨੀ ਨੇ ਆਪਣਾ ਸਟੋਰ ਬਣਾਇਆ ਹੋਇਆ ਹੈ। ਜਿੱਥੋਂ ਪੂਰੇ ਦੇਸ਼ ਵਿੱਚ ਹੀ ਟ੍ਰੈਕਟਰ ਸਪਲਾਈ ਕੀਤੇ ਜਾਂਦੇ ਹਨ। ਇਨ੍ਹਾਂ ਟਰੈਕਟਰਾਂ ਨਾਲ ਲੱਦੇ ਵੱਡੇ-ਵੱਡੇ ਟਰਾਲੇ ਇਸ ਸੜਕ ਦੇ ਦੋਵੇੱ ਪਾਸੇ ਹਰ ਦਿਨ ਹੀ ਖੜੇ ਰਹਿੰਦੇ ਹਨ। ਜਿਸ ਕਰਕੇ ਹੋਰ ਵਾਹਨਾਂ ਦੇ ਨਿਕਲਣ ਲਈ ਰਸਤਾ ਬਹੁਤ ਹੀ ਘੱਟ ਬਚਦਾ ਹੈ। ਇਹ ਰਸਤਾ ਪਹਿਲਾਂ ਹੀ ਤੰਗ ਹੈ, ਪਰ ਵੱਡੇ ਵੱਡੇ ਟਰਾਲਿਆਂ ਕਾਰਨ ਇਸ ਰਸਤੇ ਉਪਰ ਆਵਾਜਾਈ ਠੱਪ ਹੋ ਜਾਂਦੀ ਹੈ ਅਤੇ ਅਤੇ ਲੰਮਾ ਜਾਮ ਲੱਗ ਜਾਂਦਾ ਹੈ। ਕਈ ਵਾਰ ਇਹ ਜਾਮ ਕਈ ਕਈ ਘੰਟੇ ਲੱਗਿਆ ਰਹਿੰਦਾ ਹੈ। ਜਿਸ ਕਾਰਨ ਇਸ ਰਸਤੇ ਤੋੱ ਲੰਘਣ ਵਾਲੇ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹੁੰਦੇ ਹਨ। ਵਾਹਨ ਚਾਲਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸੜਕ ਉਪਰ ਖੜੇ ਹੁੰਦੇ ਵੱਡੇ ਟਰਾਲੇ ਬੰਦ ਕਰਵਾਏ ਜਾਣ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ ਟਰੈਫ਼ਿਕ ਸ੍ਰ. ਹਰਮਿਸਰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਹੁਣ ਤੱਕ ਨਾ ਹੀ ਕਿਸੇ ਸ਼ਹਿਰ ਵਾਸੀ ਜਾਂ ਚਾਲਕ ਨੇ ਕੋਈ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸੜਕ ਦੇ ਦੋਵੇਂ ਪਾਸਿਓਂ ਟਰੈਕਟਰਾਂ ਨਾਲ ਲੱਦੇ ਹੋਏ ਟਰਾਲਿਆਂ ਨੂੰ ਪਾਸੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ਅਤੇ ਚਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਉਹ ਸੜਕ ਕਿਨਾਰੇ ਆਪਣੇ ਟਰਾਲੇ ਨਾ ਖੜ੍ਹਾਉਣ ਤਾਂ ਜੋ ਹੋਰਨਾਂ ਵਾਹਨ ਚਾਲਕਾਂ ਨੂੰ ਕੋਈ ਦਿੱਕਤ ਨਾ ਆਵੇ।