ਮੁਹਾਲੀ ਤੋਂ ਚੰਡੀਗੜ੍ਹ ਸੜਕ ’ਤੇ ਆਵਾਜਾਈ ਠੱਪ, ਕਿਸਾਨਾਂ ਨੇ ਸਾਂਝੀ ਸਟੇਜ ਲਗਾਈ

ਜਗਤਪੁਰਾ, ਸੈਕਟਰ-48 ਲਾਲ ਬੱਤੀਆਂ ਤੋਂ ਬਾਵਾ ਵਾਈਟ ਹਾਊਸ ਸੜਕ ’ਤੇ ਆਵਾਜਾਈ ਬੰਦ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਚੰਡੀਗੜ੍ਹ ਦੇ ਘਿਰਾਓ ਲਈ ਕਮਰ-ਕਸੀ

ਨਬਜ਼-ਏ-ਪੰਜਾਬ, ਮੁਹਾਲੀ, 25 ਨਵੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਨਦਾਤਾ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਦੀਆਂ 32 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਭਲਕੇ 26, 27 ਅਤੇ 28 ਨਵੰਬਰ ਨੂੰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰ ਕੇ ਚੰਡੀਗੜ੍ਹ ਦਾ ਘਿਰਾਓ ਕੀਤਾ ਜਾਵੇਗਾ। ਇਸ ਸਾਂਝੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਵੱਖ-ਵੱਖ ਪਿੰਡਾਂ ’ਚੋਂ ਕਿਸਾਨ ਅੱਜ ਸ਼ਾਮ ਨੂੰ ਹੀ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਮੁਹਾਲੀ ਨੇੜਲੇ ਪਿੰਡ ਜਗਤਪੁਰਾ ਅਤੇ ਸੈਕਟਰ-48 ਨੂੰ ਵੰਡਦੀ ਮੁੱਖ ਸੜਕ ਉੱਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸਟੇਜ ਲਗਾਈ ਗਈ ਹੈ। ਇਹ ਸੜਕ ਮੁਹਾਲੀ ਤੋਂ ਟ੍ਰਿਬਿਊਨ ਚੌਕ ਨੂੰ ਜਾਂਦੀ ਹੈ।
ਅੱਜ ਬਾਅਦ ਦੁਪਹਿਰ ਇਸ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸਟੇਜ ਨੇੜੇ ਪੰਜਾਬ ਪੁਲੀਸ ਅਤੇ ਯੂਟੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਖ਼ੁਫ਼ੀਆ ਵਿੰਗ ਵੱਲੋਂ ਕਿਸਾਨ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਿਉਂਕਿ ਸੂਤਰ ਦੱਸਦੇ ਹਨ ਕਿ ਮੌਕਾ ਦੇਖ ਕੇ ਕਿਸਾਨ ਪੁਲੀਸ ਰੋਕਾਂ ਤੋੜ ਕੇ ਅੱਗੇ ਵੀ ਵਧ ਸਕਦੇ ਹਨ? ਅਤੇ ਕਿਸਾਨ ਅੰਦੋਲਨ ਜ਼ਿਆਦਾ ਦਿਨ ਜਾਰੀ ਰਹਿਣ ਦੇ ਵੀ ਆਸਾਰ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਦੱਸਿਆ ਕਿ ਦਿੱਲੀ ਮੋਰਚਾ ਫਤਿਹ ਕਰਨ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਹੋਏ। ਇਸ ਲਈ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਅਤੇ ਸਰਕਾਰਾਂ ’ਤੇ ਦਬਾਅ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਚੰਡੀਗੜ੍ਹ ਦੀ ਘੇਰਾਬੰਦੀ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੁਹਾਲੀ ਸਮੇਤ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਕਪੂਰਥਲਾ, ਲੁਧਿਆਣਾ ਅਤੇ ਮਲੇਰਕੋਟਲਾ ਤੋਂ ਕਿਸਾਨ ਟਰੈਕਟਰ ਟਰਾਲੀਆਂ ਵਿੱਚ ਰਾਸ਼ਨ ਪਾਣੀ ਲੈ ਕੇ ਚੰਡੀਗੜ੍ਹ ਵੱਲ ਰਵਾਨਾ ਹੋ ਗਏ ਹਨ। ਕਾਫ਼ੀ ਕਿਸਾਨ ਮੁਹਾਲੀ ਪਹੁੰਚ ਗਏ ਹਨ, ਜੋ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰਨਗੇ ਜਦੋਂਕਿ ਬਾਕੀ ਫਤਿਹਗੜ੍ਹ ਸਾਹਿਬ ਵਿੱਚ ਪਹੁੰਚਣਗੇ ਅਤੇ ਰਾਤ ਨੂੰ ਇੱਥੇ ਅਰਾਮ ਕਰਨਗੇ। ਭਲਕੇ 26 ਨਵੰਬਰ ਨੂੰ ਸਵੇਰੇ 9 ਵਜੇ ਪ੍ਰਸ਼ਾਦਾ ਛਕ ਕੇ ਇਹ ਕਾਫ਼ਲਾ ਸੂਬਾ ਕਮੇਟੀ ਦੀ ਅਗਵਾਈ ਵਿੱਚ ਚੰਡੀਗੜ੍ਹ ਵੱਲ ਕੂਚ ਕਰੇਗਾ। ਇਸ ਤੋਂ ਪਹਿਲਾਂ ਲਾਂਡਰਾਂ ਪਹੁੰਚ ਕੇ ਇਹ ਕਾਫ਼ਲਾ ਮੁਹਾਲੀ ਦੇ ਸੈਕਟਰ-79\ਸੈਕਟਰ-80 ਨੂੰ ਵੰਡਦੀ ਸੜਕ ’ਤੇ ਪਹੁੰਚੇਗਾ, ਜਿੱਥੇ ਕੁੱਝ ਸਮਾਂ ਰੁਕ ਕੇ ਪਿੱਛੇ ਰਹੇ ਗਏ ਸਾਥੀਆਂ ਨੂੰ ਨਾਲ ਰਲਾਇਆ ਜਾਵੇਗਾ। ਇੱਥੇ ਜ਼ਿਲਾ ਮੁਹਾਲੀ ਕਮੇਟੀ ਦਾ ਚਾਹ ਪਾਣੀ ਛਕ ਕੇ ਆਈਸਰ ਚੌਂਕ ਰਾਹੀਂ ਕਿਸਾਨ ਅੱਗੇ ਵਧਣਗੇ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…