Nabaz-e-punjab.com

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਥੇਦਾਰਾਂ ਦਾ ਖਹਿਬੜਨਾ ਦੁਖਦਾਈ ਤੇ ਨਿੰਦਣਯੋਗ: ਬੀਰਦਵਿੰਦਰ ਸਿੰਘ

ਬਰਗਾੜੀ ਇਨਸਾਫ਼ ਮੋਰਚਾ ਬਿਨਾਂ ਕਿਸੇ ਪ੍ਰਾਪਤੀ ਦੇ ਕਾਂਗਰਸੀ ਮੰਤਰੀਆਂ ਦੇ ਭਰੋਸੇ ’ਤੇ ਕਿਉਂ ਕੀਤਾ ਖ਼ਤਮ?,ਜ਼ਿੰਮੇਵਾਰ ਕੌਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਡ ਅਕਾਲੀ ਦਲ ਦੇ ਆਗੂ ਦੇ 1 ਜੂਨ ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਸ਼ਚਾਤਾਪ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਆਪਸ ਵਿੱਚ ਉਲਝਣਾ ਬਹੁਤ ਮੰਦਭਾਗਾ ਅਤੇ ਅਤਿ ਨਿੰਦਣਯੋਗ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਤੂੰ-ਤੂੰ ਮੈਂ-ਮੈਂ ਸਮੇਂ ਹੋਰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਬਲਜੀਤ ਸਿੰਘ ਦਾਦੂਵਾਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮੌਕੇ ’ਤੇ ਮੌਜੂਦ ਸਨ ਪਰ ਇਸ ਇਕੱਠ ਵਿੱਚ ਬਰਗਾੜੀ ਇਨਸਾਫ਼ ਮੋਰਚੇ ਦੇ ਮੁੱਖ ਸੂਤਰਧਾਰ ਅਤੇ ਸਰਬੱਤ ਖਾਲਸਾ ਵੱਲੋਂ ਐਲਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਇਸ ਮੌਕੇ ’ਤੇ ਹਾਜ਼ਰੀ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਝਗੜਾ ਉਸ ਵੇਲੇ ਹੋਇਆ ਜਦੋਂ ਅਕਾਲੀ ਦਲ (ਯੂਨਾਈਟਡ) ਦੇ ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ ਨੇ ਆਪਣੇ ਭਾਸ਼ਣ ਸਮੇਂ ਇਹ ਸਵਾਲ ਉਠਾਇਆ ਕਿ 9 ਦਸੰਬਰ 2018 ਨੂੰ ਛੇ ਮਹੀਨੇ ਤੋਂ ਚੱਲ ਰਹੇ ਇਨਸਾਫ਼ ਮੋਰਚੇ ਨੂੰ ਬਿਨਾਂ ਕਿਸੇ ਪ੍ਰਪਤੀ ਦੇ ਕਾਂਗਰਸੀ ਮੰਤਰੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ’ਤੇ ਅਚਨਚੇਤ ਕਿਉਂ ਖ਼ਤਮ ਕੀਤਾ ਗਿਆ।
ਇਸ ਬਿਆਨ ’ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਵਾਲੀ ਨੇ ਉੱਠ ਕੇ ਕਿਹਾ ਕਿ ‘‘ਮੋਰਚੇ ਦੀ ਸਮਾਪਤੀ ਲਈ ਤੁਸੀਂ ਵੀ ਹਾਮੀ ਭਰੀ ਸੀ’’। ਮੀਡੀਆ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਇਸ ਵੇਲੇ ਅਕਾਲੀ ਦਲ (ਯੁਨਾਈਟਡ) ਦੇ ਪ੍ਰਧਾਨ ਗੁਰਦੀਪ ਸਿੰਘ ਵੀ ਤਲਖੀ ਖਾ ਗਏ ਸਨ। ਅਖੀਰ ਇਸ ਆਪਸੀ ਖਹਿਬੜਬਾਜ਼ੀ ਨੂੰ ਵਿਰਾਮ ਦੇਣ ਲਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਤਿਨਾਮ-ਵਾਹਿਗੁਰੂ ਦੇ ਜਾਪ ਦਾ ਸਹਾਰਾ ਲੈ ਕੇ ਮਾਹੌਲ ਨੂੰ ਸ਼ਾਂਤ ਕੀਤਾ। ਇਸ ਵਾਦ-ਵਿਵਾਦ ਦਾ ਸ਼ੁਰੂ ਅਤੇ ਅੰਤ ਕਿਵੇਂ ਹੋਇਆ ਇਸ ਨੂੰ ਦਰਕਿਨਾਰ ਕਰਦੇ ਹੋਏ ਆਖਰ ਇਸ ‘ਖਹਿਬੜੀਆਂ ਦੇ ਲਾਣੇ’ ਨੂੰ ਇਸ ਉਲਝੇ ਹੋਏ ਪ੍ਰਮੁੱਖ ਸਵਾਲ ਦਾ ਜਵਾਬ ਤਾਂ ਸਿੱਖ ਕੌਮ ਨੂੰ ਦੇਣਾ ਹੀ ਪਵੇਗਾ ਕਿ ਬਰਗਾੜੀ ਇਨਸਾਫ਼ ਮੋਰਚਾ ਬਿਨਾਂ ਕਿਸੇ ਪ੍ਰਪਤੀ ਦੇ ਕਾਂਗਰਸੀ ਵਜ਼ੀਰਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਉੱਤੇ ਅਚਨਚੇਤ ਕਿਉਂ ਖ਼ਤਮ ਕੀਤਾ ਗਿਆ ਅਤੇ ਇਸ ਲਈ ਕਿਹੜੇ-ਕਿਹੜੇ ਭੱਦਰਪੁਰਸ਼ ਜਿੰਮੇਵਾਰ ਹਨ?
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਸ਼ਚਾਤਾਪ ਕਰਨ ਦੇ ਸਮਾਗਮ ਵਿੱਚ ਹੀ ਕਿਸੇ ਸੰਜਮ ਤੋਂ ਕੰਮ ਨਹੀਂ ਲੈ ਸਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪਸ ਵਿੱਚ ਹੀ ਖਹਿਬੜਨ ਲੱਗ ਪਏ, ਉਨ੍ਹਾਂ ਵੱਲੋਂ ਕੋਈ ਮੋਰਚਾ ਲਗਾ ਕੇ ਇਨਸਾਫ਼ ਲੈਣ ਦੀ ਹੁਣ ਕੀ ਉਮੀਦ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਟੋਲੇ ਨੇ ਤਾਂ ਕਾਂਗਰਸ ਨਾਲ ਮੇਲਜੋਲ ਕਰਕੇ ਇੱਕ ਸਿਖਰ ’ਤੇ ਪਹੁੰਚੇ ਹੋਏ ਬਰਗਾੜੀ ਇਨਸਾਫ਼ ਮੋਰਚਾ ਬਿਨਾਂ ਕਿਸੇ ਪ੍ਰਾਪਤੀ ਦੇ ਖ਼ਤਮ ਕਰ ਦਿੱਤਾ ਸੀ। ਮੋਰਚਾ ਖ਼ਾਤਮ ਕਰਨ ਦੇ ਐਲਾਨ ਸਮੇਂ 9 ਦਸੰਬਰ 2018 ਨੂੰ ਸਟੇਜ ਉੱਤੇ ਦਿੱਤੇ ਲੀਡਰਾਂ ਦੇ ਨਾਵਾਂ ਤੋਂ ਬਿਨਾਂ ਦੋ ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸੀ ਵਿਧਾਇਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਨ੍ਹਾਂ ਕਹਿਾ ਕਿ ਹੁਣ ਕਿਸ ਮੂੰਹ ਨਾਲ ਓਹੀ ਵਿਅਕਤੀ ਢਾਈ ਸਾਲ ਬਾਅਦ ਮੋਰਚਾ ਦੁਬਾਰਾ ਲਾਉਣ ਦੀ ਗੱਲ ਕਰ ਰਹੇ ਹਨ, ਹੁਣ ਉਨ੍ਹਾਂ ਉੱਤੇ ਕੌਣ ਇਤਬਾਰ ਕਰੇਗਾ।
ਅਜਿਹੇ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ, ‘‘ਤੁਸੀਂ ਸਿੱਖ ਕੌਮ ਦੇ ਇਸ ਅੱਤ ਭਾਵਨਾਤਮਿਕ ਮੋਰਚੇ ਨੂੰ ਪਰਬਤਾਂ ਦੀ ਬੁਲੰਦੀ ’ਤੇ ਪਹੁੰਚਾ ਕੇ ਬਿਨਾਂ ਸੋਚੇ ਸਮਝੇ ਸਿਮਰਨਜੀਤ ਸਿੰਘ ਮਾਨ ਦੇ ਸਕੇ ਸਾਂਢੂ ਕੈਪਟਨ ਅਮਰਿੰਦਰ ਸਿੰਘ ਨਾਲ ਨਾਲ ਸਾਂਠ-ਗਾਂਠ ਕਰਕੇ ਇੱਕ ਸਿਖਰ ਦੀ ਟੀਸੀ ਤੋਂ ਬੜੀ ਬੇਕਿਰਕੀ ਨਾਲ ‘ਸਿੱਖ ਮੋਰਚੇ’ ਨੂੰ ਹੇਠਾਂ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਲੀਡਰ ਇਸ ਗੱਲ ਦਾ ਵੀ ਜਵਾਬ ਦੇਣ ਕਿ ਇਨ੍ਹਾਂ ਵੱਲੋਂ ਬੀਤੇ ਕੱਲ੍ਹ ਬਰਗਾੜੀ ਵਿੱਚ ਐਲਾਨੇ ਗਏ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੋਰਚੇ ਦੀ ਅਗਵਾਈ ਕੀ ਹੁਣ ਦੀਪ ਸਿੱਧੂ ਵਰਗੇ ਪੰਤਿਤ ਫਿਲਮੀ ਕਲਾਕਾਰ ਕਰਨਗੇ? ਇਹ ਸਵਾਲ ਆਪਣੇ ਆਪ ਵਿੱਚ ਗਹਿਰੀ ਚਿੰਤਾ ਦਾ ਵਿਸ਼ਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …