ਮੁਲਾਜ਼ਮ ਆਗੂ ਤੇ ਟਰੇਡ ਯੂਨੀਅਨ ਲਹਿਰ ਦੇ ਥੰਮ ਸਾਥੀ ਤਰਲੋਚਨ ਸਿੰਘ ਰਾਣਾ ਦਾ ਦੁਖਦਾਈ ਵਿਛੋੜਾ

ਤਰਲੋਚਨ ਰਾਣਾ ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਬੁੱਧਵਾਰ ਨੂੰ ਪੀਜੀਆਈ ਨੂੰ ਸੌਂਪੀ ਜਾਵੇਗੀ

ਪਾਸਲਾ, ਹਰਕੰਵਲ, ਜਾਮਾਰਾਏ ਤੇ ਸਾਥੀਆਂ ਨੇ ਪਰਿਵਾਰ ਦਾ ਦੁੱਖ ਵੰਡਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਟਰੇਡ ਯੂਨੀਅਨ ਅਤੇ ਮੁਲਾਜ਼ਮ ਸੰਘਰਸ਼ ਲਹਿਰ ਦੇ ਸਿਰਮੌਰ ਆਗੂ ਤਰਲੋਚਨ ਸਿੰਘ ਰਾਣਾ (90) ਦੀ ਮੌਤ ’ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਤਰਲੋਚਨ ਸਿੰਘ ਰਾਣਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਹਰਮਨ ਪਿਆਰੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਰਾਣਾ ਗਰੁੱਪ) ਦੇ ਸੰਸਥਾਪਕ ਪ੍ਰਧਾਨ ਸਨ। ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਸਾਥੀ ਰਾਣਾ ਸੀਪੀਐਮ ਪੰਜਾਬ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਵੀ ਸੰਸਥਾਪਕ ਆਗੂ ਸਨ। ਨੌਕਰੀ ਤੋਂ ਸੇਵਾਮੁਕਤੀ ਉਪਰੰਤ ਉਨ੍ਹਾਂ ਨੇ ਪਾਰਟੀ ਦੀ ਸਰਬ ਉੱਚ ਕਮੇਟੀ ਦਾ ਮੈਂਬਰ ਹੁੰਦਿਆਂ ਕਿਰਤੀ ਸੰਘਰਸ਼ਾਂ ਦੀ ਯੋਗ ਅਗਵਾਈ ਕੀਤੀ।
ਤਰਲੋਚਨ ਸਿੰਘ ਰਾਣਾ ਨੇ ਪਹਿਲਾਂ ਹੀ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਹੋਇਆ ਸੀ। ਇਸ ਲਈ ਉਨ੍ਹਾਂ ਦਾ ਮ੍ਰਿਤਕ ਸਰੀਰ ਭਲਕੇ 1 ਫਰਵਰੀ ਨੂੰ ਉਨ੍ਹਾਂ ਦੀ ਰਿਹਾਇਸ਼ ਕੋਠੀ ਨੰਬਰ-2255, ਸੈਕਟਰ-71 (ਮੁਹਾਲੀ) ਤੋਂ ਸਵੇਰੇ ਸਾਢੇ 10 ਵਜੇ ਪੀਜੀਆਈ ਲਈ ਰਵਾਨਾ ਕੀਤਾ ਜਾਵੇਗਾ।
ਮੁਲਾਜ਼ਮ ਆਗੂ ਤਰਲੋਚਨ ਸਿੰਘ ਰਾਣਾ ਦੀ ਮੌਤ ’ਤੇ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਲੋਕ ਸੰਘਰਸ਼ਾਂ ਵਿੱਚ ਉਨ੍ਹਾਂ ਦੇ ਸਭ ਤੋਂ ਨੇੜਲੇ ਸਾਥੀ ਰਹੇ ਕਾਮਰੇਡ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਕੈਸ਼ੀਅਰ ਰਤਨ ਸਿੰਘ ਰੰਧਾਵਾ, ਪ੍ਰਗਟ ਸਿੰਘ ਜਾਮਾਰਾਏ ਅਤੇ ਪ੍ਰੋ. ਜੈਪਾਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰਾਂ ਰਘਬੀਰ ਸਿੰਘ ਬਟਾਲਾ ਤੇ ਮਹੀਪਾਲ, ‘ਸੰਗਰਾਮੀ ਲਹਿਰ’ ਦੇ ਮੈਨੇਜਰ ਗੁਰਦਰਸ਼ਨ ਬੀਕਾ, ਪਾਰਟੀ ਦੇ ਚੰਡੀਗੜ੍ਹ-ਮੁਹਾਲੀ ਤੇ ਰੂਪਨਗਰ ਯੂਨਿਟ ਦੇ ਆਗੂਆਂ ਇੰਦਰਜੀਤ ਗਰੇਵਾਲ, ਸੱਜਣ ਸਿੰਘ, ਮੋਹਨ ਸਿੰਘ ਧਮਾਣਾ ਤੇ ਪ੍ਰਭ ਦਿਆਲ ਸਿੰਘ ਉੱਪਲ ਅਤੇ ਹਰਨੇਕ ਸਿੰਘ ਮਾਵੀ ਨੇ ਸਾਥੀ ਤਰਲੋਚਨ ਸਿੰਘ ਰਾਣਾ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਹੈ।
ਇਸੇ ਤਰ੍ਹਾਂ ਜਨਤਕ ਜਥੇਬੰਦੀਆ ਦਾ ਸਾਂਝਾ ਮੰਚ (ਜੇਪੀਐਮਓ) ਵਿੱਚ ਸ਼ਾਮਲ ਸੰਗਠਨਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਪ੍ਰਧਾਨ ਤੇ ਸਕੱਤਰ ਸਤੀਸ਼ ਰਾਣਾ ਤੇ ਤੀਰਥ ਸਿੰਘ ਬਾਸੀ, ਸੀਟੀਯੂ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਵਿਜੈ ਮਿਸ਼ਰਾ ਤੇ ਨੱਥਾ ਸਿੰਘ ਡਡਵਾਲ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਤੇ ਸਕੱਤਰ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਡਾ. ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਐਨਆਰਐਮਯੂ ਦੀ ਫਿਰੋਜ਼ਪੁਰ ਡਿਵੀਜ਼ਨ ਦੇ ਸਕੱਤਰ ਸ਼ਿਵ ਦੱਤ ਸ਼ਰਮਾ, ਅੌਰਤ ਮੁਕਤੀ ਮੋਰਚਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਪਾਲ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਗਗਨ ਦੀਪ, ਬਿਜਲੀ ਮੁਲਾਜ਼ਮ ਆਗੂਆਂ ਕੁਲਦੀਪ ਸਿੰਘ ਖੰਨਾ ਤੇ ਸ਼ਿਵ ਕੁਮਾਰ ਤਿਵਾੜੀ, ਮੁਲਾਜ਼ਮ ਲਹਿਰ ਦੀ ਸੰਪਾਦਕੀ ਟੀਮ ਵੱਲੋਂ ਵੇਦ ਪ੍ਰਕਾਸ਼ ਸ਼ਰਮਾ, ਗਿਆਨੀ ਜਗਤਾਰ ਸਿੰਘ ਅਤੇ ਰਵੀ ਕੰਵਰ ਨੇ ਟਰੇਡ ਯੂਨੀਅਨ ਅੰਦੋਲਨ ਦੇ ਸਿਰਮੌਰ ਆਗੂ ਤਰਲੋਚਨ ਸਿੰਘ ਰਾਣਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਮੁਲਾਜ਼ਮ ਵਰਗ ਅਤੇ ਕਿਰਤੀਆਂ ਲਈ ਵੱਡਾ ਘਾਟਾ ਦੱਸਿਆ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…