
ਫੋਟੋ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸੁਪਰਵਾਈਜ਼ਰਾਂ ਤੇ ਬੀਐਲਓਜ਼ ਲਈ ਸਿਖਲਾਈ ਕੈਂਪ ਆਯੋਜਿਤ
ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੇ ਅਮਰਗੜ੍ਹ ਵਿੱਚ 15 ਤੋਂ 30 ਨਵੰਬਰ ਤੱਕ ਘਰ ਘਰ ਜਾਣਗੇ ਬੀਐਲਓਜ਼
ਨਬਜ਼-ਏ-ਪੰਜਾਬ ਬਿਊਰੋ, ਮਲੇਰਕੋਟਲਾ\ਅਮਰਗੜ੍ਹ, 12 ਨਵੰਬਰ:
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਮਲੇਰਕੋਟਲਾ-105 ਅਤੇ ਅਮਰਗੜ੍ਹ-106 ਵਿੱਚ ਮਿਤੀ 15 ਨਵੰਬਰ 2017 ਤੋਂ 30 ਨਵੰਬਰ 2017 ਤੱਕ ਬੀ.ਐਲ.ਓਜ਼ ਵੱਲੋਂ ਘਰ ਘਰ ਜਾ ਕੇ ਕਰਕੇ ਵੋਟਰਾਂ ਸਬੰਧੀ ਬੀ.ਐਲ.ਓ. ਰਜਿਸਟਰ ਮੁਕੰਮਲ ਕੀਤੇ ਜਾਣੇ ਹਨ। ਇਸ ਸਬੰਧ ਵਿੱਚ ਉਕਤ ਦੋਵਾਂ ਵਿਧਾਨ ਸਭਾ ਹਲਕਿਆਂ ਦੇ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਨੂੰ ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੀਤੇ ਜਾਣ ਵਾਲੇ ਕੰਮ ਸਬੰਧੀ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਲਗਾਇਆ ਗਿਆ। ਇਸ ਕੈਂਪ ਦੌਰਾਨ ਬੀ.ਐਲ.ਓਜ਼ ਨੂੰ ਘਰ ਘਰ ਜਾ ਕੇ ਕੀਤੇ ਜਾਣ ਵਾਲੇ ਕੰਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਕੈਂਪ ਦੀ ਰਸਮੀ ਸ਼ੁਰੂਆਤ ਸਮੇਂ ਸਰਬਜੀਤ ਸਿੰਘ ਇਲੈਕਸ਼ਨ ਕਲਰਕ, ਵਿਧਾਨ ਸਭਾ ਹਲਕਾ ਮਲੇਰਕੋਟਲਾ-105 ਨੇ ਹਾਜ਼ਰ ਸਮੂਹ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਵਿੱਚ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 15 ਨਵੰਬਰ 2017 ਤੋਂ 14 ਦਸੰਬਰ 2017 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਪੈਸ਼ਲ ਸੁਧਾਈ ਦੌਰਾਨ ਬੀ.ਐਲ.ਓਜ਼ ਮਿਤੀ 19 ਨਵੰਬਰ ਅਤੇ 26 ਨਵੰਬਰ ਨੂੰ ਆਪੋ ਆਪਣੇ ਬੂਥਾਂ ਉਪਰ ਬੈਠਣਗੇ ਅਤੇ ਨਵੀਂ ਵੋਟ ਬਣਾਉਣ, ਕੱਟਣ, ਦਰੁਸਤ ਕਰਨ ਆਦਿ ਫਾਰਮ ਭਰਨਗੇ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਇਸ ਵਾਰ ਮਿਤੀ 15 ਤੋਂ 30 ਨਵੰਬਰ 2017 ਤੱਕ ਘਰ ਘਰ ਵੀ ਜਾਣਗੇ।
ਉਪਰੰਤ ਬੀ.ਐਲ.ਓਜ਼ ਵੱਲੋਂ ਮਿਤੀ 15.11.2017 ਤੋਂ 30.11.2017 ਤੱਕ ਡੋਰ ਟੂ ਡੋਰ ਕੀਤੇ ਜਾਣ ਵਾਲੇ ਕੰਮ ਸਬੰਧੀ ਵਿਧਾਨ ਸਭਾ ਹਲਕਾ 106 ਅਮਰਗੜ੍ਹ ਦੇ ਇਲੈਕਸ਼ਨ ਕਲਰਕ ਮਨਪ੍ਰੀਤ ਸਿੰਘ ਨੇ ਸਮੂਹ ਸੁਪਰਾਈਜ਼ਰ ਅਤੇ ਬੀ.ਐਲ.ਓਜ਼ ਨੂੰ ਪੀ.ਪੀ.ਟੀ. ਸਲਾਇਡ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਤਾਜ਼ਾਂ ਹਦਾਇਤਾਂ ਅਤੇ ਨਿਯਮਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਸ੍ਰੀ ਗੁਰਿੰਦਰ ਸਿੰਘ ਤੁੰਗ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1, ਕਮ-ਬੀ.ਡੀ.ਪੀ.ਓ ਮਾਲੇਰਕੋਟਲਾ-1, ਸ੍ਰੀਮਤੀ ਜੀਤਪਾਲ ਕੋਰ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-2 ਕਮ-ਈ.ਟੀ.ਓ., ਮਾਲੇਰਕੋਟਲਾ ਅਤੇ ਹਰਕੀਤ ਸਿੰਘ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-2 ਕਮ ਬੀ.ਡੀ.ਪੀ.ਓ ਮਾਲੇਰਕੋਟਲਾ-2 ਵੀ ਹਾਜ਼ਰ ਸਨ।