
ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਹੈਲਥ ਸੁਪਰਵਾਈਜ਼ਰਾਂ ਨੂੰ ਦਿੱਤੀ ਸਿਖਲਾਈ
ਵੈਕਟਰ ਬੌਰਨ ਬਿਮਾਰੀਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ: ਸਿਵਲ ਸਰਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਨੂੰ ਮੱਛਰ, ਮੱਖੀ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਸਿਖਲਾਈ ਦਿੱਤੀ ਗਈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਚਿਕਨਗੁਨੀਆ, ਕਾਲਾ ਅਜ਼ਰ ਨੂੰ ਕੰਟਰੋਲ ਅਤੇ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮਰੀਜ਼ਾਂ ਦੀ ਸਹੀ ਪਛਾਣ ਅਤੇ ਇਲਾਜ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬਿਮਾਰੀਆਂ ਦੀ ਪਛਾਣ, ਜਾਂਚ, ਇਲਾਜ ਅਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿੱਖਿਆ ਵੀ ਦਿੱਤੀ। ਉਨ੍ਹਾਂ ਕਿਹਾ ਕਿ ਐਕਟਿਵ ਸਰਵੀਲੈਂਸ ਅਤੇ ਪੈਸਿਵ ਸਰਵੀਲੈਂਸ ਅਧੀਨ ਬੁਖ਼ਾਰ ਕੇਸਾਂ ਦੀ ਮਲੇਰੀਆ ਸਲਾਈਡ ਬਣਾਈ ਜਾਵੇ। ਮਲੇਰੀਆ ਦਾ ਟੈੱਸਟ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜਿੱਥੇ ਵੀ ਡੇਂਗੂ ਦੇ ਕੇਸ ਸਾਹਮਣੇ ਆਉਂਦੇ ਹਨ, ਉੱਥੇ ਚਲਾਨ ਕਰਨ ਦੀ ਕਾਰਵਾਈ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮਲੇਰੀਆ ਦੇ ਮਰੀਜ਼ ਸਾਹਮਣੇ ਆਉਣ ’ਤੇ ਪ੍ਰਭਾਵਿਤ ਇਲਾਕਿਆਂ ਵਿੱਚ ਫੀਵਰ ਸਰਵੇ ਕਰਵਾਇਆ ਜਾਵੇ ਅਤੇ ਮਲੇਰੀਆਂ ਦੀਆਂ ਬਲੱਡ ਸਲਾਈਡਾਂ ਬਣਾਈਆਂ ਜਾਣ। ਛੱਪੜਾਂ, ਨਹਿਰਾਂ, ਸੂਇਆਂ ਦੇ ਕੰਢੇ ਸਾਫ਼ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ, ਡਾ. ਹਰਮਨਦੀਪ ਕੌਰ ਬਰਾੜ, ਮੈਡੀਸਨ ਮਾਹਰ ਡਾ. ਰਾਜਵੀਰ ਸਿੰਘ ਮੌਜੂਦ ਸਨ।