ਕੈਬਨਿਟ ਮੰਤਰੀ ਸਿੱਧੂ ਦੇ ਭਰਾ ਨੇ ਸ਼ਾਮਲਾਤ ਜ਼ਮੀਨ ਦਾ ਕੌਡੀਆਂ ਦੇ ਭਾਅ ਵਾਲੀ ਜ਼ਮੀਨ ਨਾਲ ਕੀਤਾ ਤਬਾਦਲਾ

ਹਾਈਕੋਰਟ ਪਹੁੰਚਿਆ ਤਬਾਦਲੇ ਦਾ ਮਾਮਲਾ, ਹਾਈਕੋਰਟ ਨੇ ਕਮਿਸ਼ਨਰ ਦੇ ਹੁਕਮਾਂ ’ਤੇ ਲਗਾਈ ਰੋਕ

ਮੰਤਰੀ ਦੇ ਭਰਾ ਨੂੰ ਪਿੰਡ ਦੀ ਬਹੁਕਰੋੜੀ ਸ਼ਾਮਲਾਤ ਜ਼ਮੀਨ ਹੜੱਪਣ ਨਹੀਂ ਦੇਵੇਗਾ ਅਕਾਲੀ ਦਲ: ਪਰਵਿੰਦਰ ਸੋਹਾਣਾ

ਬਹੁਕਰੋੜੀ ਸ਼ਾਮਲਾਤ ਜ਼ਮੀਨ ਘੋਟਾਲੇ ਦੀ ਸੀ.ਬੀ.ਆਈ. ਜਾਂ ਮਾਨਯੋਗ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਉੱਚ ਪੱਧਰੀ ਜਾਂਚ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕਾ ਮੁਹਾਲੀ ਦੇ ਪਿੰਡ ਦੈੜੀ ਵਿਚਲੀ ਕਰੋੜਾਂ ਰੁਪਇਆਂ ਦੀ ਸ਼ਾਮਲਾਤ ਜ਼ਮੀਨ ਨੂੰ ਕੌਡੀਆਂ ਵਾਲੇ ਭਾਅ ਦੀ ਜ਼ਮੀਨ ਨਾਲ ਤਬਾਦਲਾ ਕਰਨ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਪਹੁੰਚ ਗਿਆ ਹੈ ਅਤੇ ਮਾਨਯੋਗ ਹਾਈਕੋਰਟ ਨੇ ਇਸ ਜ਼ਮੀਨ ਦਾ ਤਬਾਦਲਾ ਕਰਨ ਸਬੰਧੀ ਕਮਿਸ਼ਨਰ ਵਿੱਤ ਵਿਭਾਗ ਪੰਜਾਬ ਵੱਲੋਂ ਕੀਤੇ 9 ਜੂਨ 2020 ਵਾਲੇ ਹੁਕਮਾਂ ਉਤੇ ਸਟੇਅ ਲਗਾ ਦਿੱਤੀ ਹੈ।
ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਅਤੇ ਪਿੰਡ ਦੈੜੀ ਨਿਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਗਰਾਮ ਪੰਚਾਇਤ ਦੀ ਲਗਭਗ 43 ਕਨਾਲ ਦਾ ਤਬਾਦਲਾ ਇਕ ਪ੍ਰਾਈਵੇਟ ਫਰਮ ਦੇ ਨਾਂ’ਤੇ ਕੀਤਾ ਗਿਆ ਹੈ। ਇਸ ਫਰਮ ਵਿੱਚ ਸਿਹਤ ਮੰਤਰੀ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਹਿੱਸੇਦਾਰ ਹੈ। ਤਬਾਦਲਾ ਕਰਨ ਉਪਰੰਤ ਉਕਤ ਕਰੋੜਾਂ ਰੁਪਇਆਂ ਦੀ ਸ਼ਾਮਲਾਤ ਦੀ ਜ਼ਮੀਨ ਉਤੇ ਉਕਤ ਪ੍ਰਾਈਵੇਟ ਫ਼ਰਮ ਦੇ ਬੋਰਡ ਅਤੇ ਝੰਡੇ ਲਗਾ ਕੇ ਕਬਜ਼ਾ ਵੀ ਦਰਸਾ ਦਿੱਤਾ ਗਿਆ ਹੈ।
ਸ੍ਰੀ ਸੋਹਾਣਾ ਨੇ ਦੱਸਿਆ ਕਿ ਪਿੰਡ ਦੈੜੀ ਦੀ ਜਿਸ ਜ਼ਮੀਨ ਨਾਲ ਤਬਾਦਲਾ ਕੀਤਾ ਗਿਆ ਹੈ, ਉਸ ਜ਼ਮੀਨ ਦੇ ਲਗਭਗ 6 ਏਕੜ ਦਾ ਫਰੰਟ ਏਅਰਪੋਰਟ ਰੋਡ (ਪੀ.ਆਰ-9) ਦੇ ਨਾਲ ਲਗਦਾ ਹੈ ਜਦਕਿ ਪਾਰਸ ਮਹਾਜਨ ਦੀ ਮਲਕੀਅਤ ਵਾਲੀ ਜ਼ਮੀਨ ਪਿੰਡ ਦੈੜੀ ਵਾਲੇ ਚੋਅ ਦੇ ਨਾਲ ਲਗਦੀ ਸੀ। ਇਸ ਚੋਅ ਦੇ ਨਾਲ ਵਾਲੀ ਜ਼ਮੀਨ ਦੀ ਬਜ਼ਾਰੀ ਕੀਮਤ ਬਹੁਤ ਹੀ ਘੱਟ ਸੀ ਅਤੇ ਉਹ ਜ਼ਮੀਨ ਕਾਫ਼ੀ ਪਿੱਛੇ ਹਟਵੀਂ ਸੀ। ਸ਼ਾਮਲਾਤ ਜ਼ਮੀਨ ਘੁਟਾਲੇ ਸਬੰਧੀ ਬਲਜੀਤ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਰਿੱਟ ਪਟੀਸ਼ਨ ਸੀ.ਡਬਲਿਯੂ.ਪੀ. ਨੰਬਰ 16613 ਆਫ਼ 2020 ‘‘ਬਲਜੀਤ ਸਿੰਘ ਬਨਾਮ ਸਟੇਟ ਆਫ਼ ਪੰਜਾਬ‘‘ ਦਾਇਰ ਕੀਤੀ ਸੀ ਜਿਸ ਵਿੱਚ ਸੁਣਵਾਈ ਕਰਦਿਆਂ ਮਾਨਯੋਗ ਹਾਈਕੋਰਟ ਨੇ ਕਮਿਸ਼ਨਰ ਦੇ ਤਬਾਦਲਾ ਹੁਕਮ ਸਟੇਅ ਕਰ ਦਿੱਤੇ ਹਨ।
ਯੂਥ ਅਕਾਲੀ ਆਗੂ ਪਰਵਿੰਦਰ ਸੋਹਾਣਾ ਨੇ ਦੱਸਿਆ ਕਿ ਮੰਤਰੀ ਦੇ ਭਰਾ ਦੇ ਹਿੱਸੇਦਾਰੀ ਵਾਲੀ ਉਕਤ ਫ਼ਰਮ ਨੂੰ ਲਾਭ ਪਹੁੰਚਾਉਣ ਲਈ ਪਿੰਡ ਦੈੜੀ ਦੀ ਪੰਚਾਇਤ ਅਤੇ ਸਰਕਾਰੀ ਅਫ਼ਸਰਾਂ ਨਾਲ ਅਜਿਹੀ ਮਿਲੀਭੁਗਤ ਕੀਤੀ ਗਈ ਕਿ ਪੰਚਾਇਤੀ ਦੀ ਬਹੁਕਰੋੜੀ ਜ਼ਮੀਨ ਨਾਲ ਅਪਣੀ ਘੱਟ ਕੀਮਤ ਵਾਲੀ ਜ਼ਮੀਨ ਦਾ ਤਬਾਦਲਾ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਤਬਾਦਲਾ ਕਰਨ ਤੋਂ ਪਹਿਲਾਂ ਜ਼ਮੀਨ ਦੀ ਮਾਰਕੀਟ ਵੈਲਿਯੂ ਵੀ ਨਹੀਂ ਪੁਆਈ ਗਈ। ਅਜਿਹਾ ਕਰਕੇ ਪਿੰਡ ਦੀ ਪੰਚਾਇਤ ਅਤੇ ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਕਰੋੜਾਂ ਦੀ ਪੰਚਾਇਤੀ ਜ਼ਮੀਨ ਨੂੰ ਮੰਤਰੀ ਦੇ ਸਕੇ ਭਰਾ ਨੇ ਆਪਣੀ ਕੌਡੀਆਂ ਦੇ ਭਾਅ ਵਾਲੀ ਜ਼ਮੀਨ ਕਰੋੜਾਂ ਦੀ ਸ਼ਾਮਲਾਤ ਜ਼ਮੀਨ ਨਾਲ ਤਬਾਦਲਾ ਕਰ ਕੇ ਵੱਡਾ ਘੋਟਾਲਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਵਿਭਾਗ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਜ਼ਮੀਨ ਦਾ ਸੀ.ਐਲ.ਯੂ. ਵੀ ਤੁਰੰਤ ਰੱਦ ਕਰਕੇ ਇਸ ਬਹੁਕਰੋੜੀ ਸ਼ਾਮਲਾਤ ਜ਼ਮੀਨ ਘੁਟਾਲੇ ਦੀ ਸੀ.ਬੀ.ਆਈ. ਜਾਂ ਮਾਨਯੋਗ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਉਧਰ, ਦੂਜੇ ਪਾਸੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤ ਸਿੱਧੂ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਜ਼ਮੀਨ ਦਾ ਤਬਾਦਲਾ ਸਰਕਾਰੀ ਨੇਮਾ ਮੁਤਾਬਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੈੜੀ ਦੀ ਪੰਚਾਇਤੀ ਜ਼ਮੀਨ ’ਚੋਂ ਸੜਕ ਕੱਢੀ ਗਈ ਅਤੇ ਸੜਕ ਦੇ ਦੋਵੇਂ ਪਾਸੇ 20 ਤੋਂ 30 ਫੁੱਟ ਸ਼ਾਮਲਾਤ ਜ਼ਮੀਨ ਹੈ। ਉਸ ਦੇ ਅੱਗੇ ਦੂਜੇ ਪਿੰਡ ਦੀ ਜ਼ਮੀਨ ਸ਼ੁਰੂ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਮੀਨ ਵਿੱਚ ਜਾਣ ਲਈ ਪੰਚਾਇਤੀ ਜ਼ਮੀਨ ’ਚੋਂ ਲੰਘਣਾ ਪੈਂਦਾ ਹੈ। ਜਿਸ ਕਾਰਨ ਸਰਕਾਰ ਦੀਆਂ ਸ਼ਰਤਾਂ ਤਹਿਤ ਜ਼ਮੀਨ ਦਾ ਤਬਾਦਲਾ ਕੀਤਾ ਗਿਆ ਹੈ। ਜੀਤੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਬਿਲਕੁਲ ਨਾਲ ਹੀ ਹੋਰਨਾਂ ਬਿਲਡਰਾਂ ਦੀਆਂ ਵੀ ਜ਼ਮੀਨਾਂ ਹਨ। ਜਿਨ੍ਹਾਂ ਨੇ ਵੀ ਉਸੇ ਕਾਨੂੰਨ ਦੇ ਤਹਿਤ ਜ਼ਮੀਨ ਦਾ ਤਬਾਦਲਾ ਕੀਤਾ ਗਿਆ ਹੈ ਪ੍ਰੰਤੂ ਅਕਾਲੀ ਆਗੂ ਜਾਣਬੁੱਝ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜਦੇ ਰਹਿੰਦੇ ਹਨ।

Load More Related Articles

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …