nabaz-e-punjab.com

ਅਧਿਆਪਕਾਂ ਦੀ ਬਦਲੀ ਨੀਤੀ ਨੂੰ ਰੱਦ ਕਰਨ ਦੀ ਥਾਂ ਪਾਰਦਰਸ਼ਤਾ ਲਿਆਂਦੀ ਜਾਵੇ: ਜੀਟੀਯੂ

ਸਰਕਾਰੀ ਸਕੂਲਾਂ ਦੇ ਸਾਰੇ ਅਧਿਆਪਕਾਂ ਨੂੰ ਘਰਾਂ ਨੇੜੇ ਬਦਲਿਆ ਜਾਵੇ: ਸੁਖਵਿੰਦਰ ਚਾਹਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਨੇ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਧਿਆਪਕਾਂ ਦੇ ਤਬਾਦਲੇ ਉਨ੍ਹਾਂ ਦੇ ਘਰਾਂ ਨੇੜੇ ਕਰਨ ਦੇ ਬਿਆਨ ਅਤੇ ਆਨਲਾਈਨ ਬਦਲੀ ਨੀਤੀ ਨੂੰ ਖ਼ਤਮ ਕਰਨ ਦੀਆਂ ਚਰਚਾਵਾਂ ’ਤੇ ਟਿੱਪਣੀ ਕਰਦਿਆਂ ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪ੍ਰੈਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਜਥੇਬੰਦੀ ਕੋਠਾਰੀ ਕਮਿਸ਼ਨ ਦੀ ਅਧਿਆਪਕਾਂ ਨੂੰ ਰਿਹਾਇਸ਼ ਨੇੜੇ ਨਿਯੁਕਤ ਕਰਨ ਦੀ ਸਿਫ਼ਾਰਸ਼ ਲਾਗੂ ਕਰਵਾਉਣ ਲਈ ਸੰਘਰਸ਼ਸ਼ੀਲ ਹੈ। ਜੀਟੀਯੂ ਨੇ ਮੁੱਖ ਮੰਤਰੀ ਤੋਂ ਇਸ ਫੈਸਲੇ ਨੂੰ ਤੁਰੰਤ ਲਾਗੂ ਕਰਕੇ ਅਧਿਆਪਕ ਦੀ ਬਦਲੀ ਉਸ ਦੇ ਘਰ ਨੇੜੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਹਾਕਿਆਂ ਬਾਅਦ ਹੋਂਦ ਵਿੱਚ ਆਈ ਅਧਿਆਪਕ ਬਦਲੀ ਨੀਤੀ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ।
ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਤਬਾਦਲਾ ਨੀਤੀ ਸਬੰਧੀ ਫੋਕੇ ਐਲਾਨ ਹੀ ਨਾ ਕੀਤੇ ਜਾਣ ਸਗੋਂ ਇਨ੍ਹਾਂ ਨੂੰ ਅਮਲ ਵਿੱਚ ਵੀ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਆਨਲਾਈਨ ਬਦਲੀ ਨੀਤੀ ਨੂੰ ਅਧਿਆਪਕ ਜਥੇਬੰਦੀਆਂ ਨੇ ਮਾਨਤਾ ਦਿੱਤੀ ਹੈ, ਇਸ ਨੂੰ ਲਾਗੂ ਰੱਖਦਿਆਂ ਇਸ ਵਿੱਚ ਹੋਰ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਹਰੇਕ ਅਧਿਆਪਕ ਨੂੰ ਘਰ ਦੇ ਨੇੜੇ ਬਦਲੀ ਕਰਾਉਣ ਦਾ ਅਧਿਕਾਰ ਦਿੱਤਾ ਜਾਵੇ ਅਤੇ ਪੁਰਾਣੇ ਸਮੇਂ ਵਿੱਚ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਕਿਸੇ ਕਾਰਨ ਜਾਂ ਬਦਲੀ ਨੀਤੀ ਦੀਆਂ ਆਧਿਆਪਕ ਮਾਰੂ ਸ਼ਰਤਾਂ ਕਾਰਨ ਲਾਗੂ ਨਹੀਂ ਹੋ ਸਕੀਆਂ, ਉਨ੍ਹਾਂ ਸ਼ਰਤਾਂ ਵਿੱਚ ਅਧਿਆਪਕ ਪੱਖੀ ਸੋਧ ਕਰਕੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਨਲਾਈਨ ਬਦਲੀ ਨੀਤੀ ਨੂੰ ਰੱਦ ਕਰਨਾ ਬਦਲੀਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਣ ਦੇ ਬਰਾਬਰ ਹੋਵੇਗਾ। ਜਿਸ ਨਾਲ ਬਿਨਾਂ ਪਹੁੰਚ ਵਾਲੇ ਹੱਕਦਾਰ ਆਮ ਅਧਿਆਪਕ ਬਦਲੀ ਤੋਂ ਵਾਂਝੇ ਰਹਿਣ ਦਾ ਖ਼ਦਸ਼ਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵੇਂ ਬਣੇ ਮੁੱਖ ਮੰਤਰੀ ਸਿੱਖਿਆ ਵਿਭਾਗ ਵਿੱਚ ਪ੍ਰਸ਼ਾਸਕੀ ਸੁਧਾਰਾਂ ਲਈ ਸੁਹਿਰਦ ਹਨ ਤਾਂ ਉਹ ਅਧਿਆਪਕ ਜਥੇਬੰਦੀਆਂ ਨਾਲ ਉਨ੍ਹਾਂ ਦੇ ਗੰਭੀਰ ਮਸਲਿਆਂ ’ਤੇ ਵਿਚਾਰ ਚਰਚਾ ਕਰਕੇ ਸਮੱਸਿਆਵਾਂ ਦਾ ਢੁਕਵਾਂ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ਵਿੱਚ ਜਾਣਾ ਪੈਂਦਾ ਹੈ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਦੋ ਤਿੰਨ ਘੰਟੇ ਅਧਿਆਪਕ ਦੇ ਸਕੂਲ ਵਿੱਚ ਆਉਣ-ਜਾਣ ਵਿੱਚ ਲੰਘ ਜਾਂਦੇ ਹਨ। ਵੈਸੇ ਵੀ ਅਧਿਆਪਕ ਆਪਣੇ ਘਰ ਨੇੜੇ ਬਦਲੀ ਕਰਵਾਉਣ ਲਈ ਸਾਰਾ ਸਾਲ ਇੱਧਰ ਉਧਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਦੀ ਤਾਇਨਾਤ ਘਰ ਨੇੜਲੇ ਸਕੂਲ ਵਿੱਚ ਹੋਵੇਗੀ ਤਾਂ ਉਹ ਮਨ ਲਗਾ ਕੇ ਬੱਚਿਆਂ ਨੂੰ ਪੜ੍ਹਾ ਸਕਣਗੇ ਅਤੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਵੀ ਚੰਗੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…