Nabaz-e-punjab.com

ਕੈਪਟਨ ਅਮਰਿੰਦਰ ਦੇ ਰਾਜ ਵਿਚ ਬਾਦਲ-ਪਰਿਵਾਰ ਦਾ ਟਰਾਂਸਪੋਰਟ ਮਾਫ਼ੀਆ ਜਿਉਂ ਦਾ ਤਿਉਂ ਕਰ ਰਿਹਾ ਹੈ ਕੰਮ: ਆਪ

ਨਿਯਮਾਂ ਨੂੰ ਛਿੱਕੇ ਟੰਗ ਕੇ ਦਿੱਲੀ ਏਅਰਪੋਰਟ ਤੱਕ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ ਲਗਾ ਰਹੀਆਂ ਹਨ ਖਜਾਨੇ ਨੂੰ ਕਰੋੜਾਂ ਦਾ ਚੂਨਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 28 ਨਵੰਬਰ:
ਕੌਮੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੱਕ ਪੰਜਾਬ ਦੀਆਂ ਬੱਸਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਬਾਦਲ ਪਰਿਵਾਰ ਕੰਟਰੈਕਟ ਕੈਰੇਜ ‘ਚ ਸਟੇਜ ਕੈਰੇਜ ਪਰਮਿਟ ਵਾਂਗ ਬੱਸਾਂ ਚਲਾ ਰਹੇ ਹਨ। ਇਹ ਗੈਰ ਕਾਨੂੰਨੀ ਕੰਮ ਪੰਜਾਬ ਸਰਕਾਰ ਦੀ ਵਿਸ਼ੇਸ਼ ਮਿਹਰਬਾਨੀ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ‘ਆਪ‘ ਨੇ ਸਟੇਜ ਕੈਰੇਜ ਪਰਮਿਟ ‘ਤੇ ਦਿੱਲੀ ਦੇ ਅੰਤਰਰਾਜੀ ਬੱਸ ਟਰਮੀਨਲ ਤੱਕ ਜਾਂਦੀਆਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦੇ ਅੱਗੇ ਏਅਰਪੋਰਟ ਤੱਕ ਅੜਿੱਕਾ ਬਣੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਦਿੱਲੀ ਸਰਕਾਰ ਵੱਲੋਂ ਬਾਹਰੀ ਰਾਜਾਂ ਲਈ ਤਿਆਰ ਕੀਤੀ ਨਵੀਂ ਤਜਵੀਜ਼ ਬਾਰੇ ਵੀ ਜਾਣਕਾਰੀ ਦਿੱਤੀ।
ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਨਿਯਮਾਂ-ਕਾਨੂੰਨਾਂ ਨੂੰ ਕਿੱਲੇ ਟੰਗ ਕੇ ਆਪਣੇ ਪਰਿਵਾਰਕ ਹਿੱਤਾਂ ਅਤੇ ਨਿੱਜੀ ਕਾਰੋਬਾਰੀ ਨੂੰ ਸਮੁੱਚੇ ਸਿਸਟਮ ‘ਤੇ ਅਮਰ ਵੇਲ ਵਾਂਗ ਫੈਲਾ ਦਿੱਤਾ।
ਬੱਸ ਮਾਫ਼ੀਆ ਇਸ ਦੀ ਸਟੀਕ ਮਿਸਾਲ ਹੈ। ‘ਆਪ‘ ਆਗੂਆਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੀ ਜਨਤਾ ਨੇ ਡੇਢ ਸਾਲ ਪਹਿਲਾਂ ਬਾਦਲ ਪਰਿਵਾਰ ਦਾ ਤਖ਼ਤਾ ਪਲਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਭਰੋਸਾ ਜਤਾਇਆ ਹੈ ਪਰੰਤੂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹਿਤ ਬਹਾਲ ਕਰਨ ਦੀ ਥਾਂ ਅੱਜ ਵੀ ਬਾਦਲ ਪਰਿਵਾਰ ਦੇ ਹਿਤ ਪੂਰ ਰਹੇ ਹਨ। ਇਸ ਦੀ ਸਟੀਕ ਮਿਸਾਲ ਵੀ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਤੱਕ ਚੱਲਦੀਆਂ ਪ੍ਰਾਈਵੇਟ ਬੱਸਾਂ ਹਨ, ਜਿੰਨਾ ਦੀ ਮਾਲਕੀ ‘ਤੇ ਬਾਦਲ ਪਰਿਵਾਰ ਦਾ ਏਕਾਧਿਕਾਰ ਹੈ।
ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ ਤੱਕ ਡੀਜ਼ਲ ਇੰਜਨ ਵਾਲੀਆਂ ਜਿੰਨੀਆਂ ਵੀ ਬੱਸਾਂ ਪਹੁੰਚ ਕਰ ਰਹੀਆਂ ਹਨ ਇਹ ਕੰਟਰੈਕਟ ਕੈਰੇਜ ਕੈਟਾਗਰੀ ਦੀ ਆੜ ‘ਚ ਜਾ ਰਹੀਆਂ ਹਨ, ਜਦੋਂਕਿ ਸਵਾਰੀਆਂ ਸਟੇਜ ਕੈਰੇਜ ਪਰਮਿਟ ਵਾਲੀ ਬੱਸ ਵਾਂਗ ਚੁੱਕ ਰਹੀਆਂ ਹਨ ਜੋ ਪੂਰੀ ਤਰਾਂ ਗੈਰ ਕਾਨੂੰਨੀ ਹੈ ਅਤੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਚਾਹੇ ਤਾਂ ਕਾਨੂੰਨੀ ਤੌਰ ‘ਤੇ ਸਵੇਰੇ ਹੀ ਬਾਦਲਾਂ ਦੀਆਂ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਕਰ ਸਕਦੀ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੰਟਰੈਕਟ ਕੈਰੇਜ ਤਹਿਤ ਕੋਈ ਵੀ ਪ੍ਰਾਈਵੇਟ ਟਰੈਵਲ ਕੰਪਨੀ ਇੱਕ ਇੱਕ ਸਵਾਰੀ ਦੀ ਟਿਕਟ ਨਹੀਂ ਕੱਟ ਸਕਦੀ ਅਤੇ ਨਾ ਹੀ ਮੰਜ਼ਿਲ ਤੋਂ ਮੰਜ਼ਿਲ ਤੱਕ ਰਸਤੇ ‘ਚੋਂ ਕਿਸੇ ਸਵਾਰੀ ਨੂੰ ਚਾੜ ਸਕਦੀ ਹੈ ਅਤੇ ਨਾ ਹੀ ਉਤਾਰ ਸਕਦੀ ਹੈ।
ਕੰਟਰੈਕਟ ਕੈਰੇਜ ਪਰਮਿਟ ਤਹਿਤ ਬੱਸ ਦੀ ਕਿਸੇ ਇੱਕ ਪਾਰਟੀ/ਕੰਪਨੀ ਜਾਂ ਸਮੂਹ ਵੱਲੋਂ ਇੱਕ ਮੁਸ਼ਤ ਬੁਕਿੰਗ ਹੁੰਦੀ ਹੈ, ਕੋਈ ਵੀ ਇਕੱਲੀ ਸਵਾਰੀ ਆਪਣੇ ਪੱਧਰ ‘ਤੇ ਟੁੱਟਵੀਂ ਟਿਕਟ ਨਹੀਂ ਕਟਾ ਸਕਦੀ। ਅਜਿਹਾ ਕਰਨਾ ਗੈਰ-ਕਾਨੂੰਨੀ ਹੈ, ਅਜਿਹੀ ਗੈਰ ਕਾਨੂੰਨੀ ਪ੍ਰੈਕਟਿਸ ਉੱਤੇ ਨਜ਼ਰ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰੰਤੂ ਇੱਥੇ ਸ਼ਰੇਆਮ ਸਰਕਾਰ ਦੀ ਨੱਕ ਥੱਲੇ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਹੈ। ਸਰਕਾਰੀ ਖਜਾਨੇ ਅਤੇ ਸਰਕਾਰੀ ਟਰਾਂਸਪੋਰਟ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ ਰਿਹਾ ਹੈ। ਏਕਾਧਿਕਾਰ ਹੋਣ ਦੀ ਸੂਰਤ ‘ਚ ਸਵਾਰੀਆਂ ਕੋਲੋਂ ਮਨਮਰਜ਼ੀ ਨਾਲ ਦੁੱਗਣਾ-ਤਿਗਣਾ ਕਿਰਾਇਆ ਵਸੂਲਿਆ ਜਾ ਰਿਹਾ ਹੈ, ਪਰ ਸਰਕਾਰ ਸੁੱਤੀ ਪਈ ਹੈ, ਕਿਉਂਕਿ ਬੱਸਾਂ ਬਾਦਲ ਪਰਿਵਾਰ ਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਪੂਰੀ ਤਰਾਂ ਬਾਦਲ ਪਰਿਵਾਰ ਨਾਲ ਮਿਲੀ ਹੋਈ ਹੈ।
‘ਆਪ‘ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਦੇ ਇਸ ਬੱਸ ਮਾਫ਼ੀਆ ਨੂੰ ਨੱਥ ਪਾਵੇ ਤਾਂ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਨਾਲ ਨਾਲ ਲੋਕਾਂ ਦੀ ਲੁੱਟ ਬੰਦ ਹੋਵੇ।
ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਏਅਰਪੋਰਟ ਤੱਕ ਜਾਂਦੀਆਂ ਪ੍ਰਾਈਵੇਟ ਬੱਸਾਂ ‘ਤੇ ਨਕੇਲ ਕਸੀ ਸੀ, ਜਿਸ ਤਹਿਤ ਬਾਦਲ ਪਰਿਵਾਰ ਨਾਲ ਸੰਬੰਧਿਤ ਕਰੀਬ ਅੱਧੀ ਦਰਜਨ ਬੱਸਾਂ ਨੂੰ ਜ਼ਬਤ (ਇੰਪਾਊੰਡ) ਕਰ ਲਿਆ ਸੀ, ਪਰੰਤੂ ਉਹ ਕੰਟਰੈਕਟ ਕੈਰੇਜ ਦੀ ਆੜ ‘ਚ ਬਚ ਨਿਕਲੇ, ਜਦਕਿ ਪੰਜਾਬ ‘ਚ ਹੁੰਦੇ ਇਸ ਫ਼ਰਜ਼ੀਵਾੜੇ ਨੂੰ ਕੈਪਟਨ ਸਰਕਾਰ ਝੱਠ ਫੜ ਸਕਦੀ ਹੈ, ਕਿਉਂਕਿ ਇਹ ਨਾ ਸਿਰਫ਼ ਇੱਕ ਇੱਕ ਸਵਾਰੀ ਦੀ ਟਿਕਟ ਕੱਟਦੇ ਹਨ ਸਗੋਂ ਆਨਲਾਈਨ ਸਿੰਗਲ ਬੁਕਿੰਗ ਵੀ ਕਰਦੇ ਹਨ। ‘ਆਪ‘ ਆਗੂਆਂ ਨੇ ਕਿਹਾ ਕਿ ਬੱਸਾਂ ਦੇ ਟਾਈਮ ਟੇਬਲ ਵਿਚ ਚੱਲ ਰਹੇ ਹੇਰ-ਫੇਰ ਕਾਰਨ ਵੀ ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਸਰਕਾਰੀ ਬੱਸਾਂ ਨੂੰ ਬਹੁਤ ਘੱਟ ਰੂਟ ਦਿੱਤੇ ਗਏ ਹਨ।
ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਲੀ ਆਈਐਸਬੀਟੀ ਤੋਂ ਏਅਰਪੋਰਟ ਤੱਕ ਨਾ ਦਿੱਤੇ ਜਾਣ ‘ਤੇ ਸਪਸ਼ਟ ਕਰਦੇ ਹੋਏ ‘ਆਪ‘ ਆਗੂਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਬਾਹਰੀ ਰਾਜਾਂ ਨਾਲ ਸੰਬੰਧਿਤ ਕੋਈ ਵੀ ਨਾਨ-ਸੀਐਨਜੀ ਬੱਸ/ਵਹੀਕਲ ਸਟੇਜ ਕੈਰੇਜ ਪਰਮਿਟ ‘ਤੇ ਦਿੱਲੀ ਆਈਐਸਬੀਟੀ ਤੋਂ ਅੱਗੇ ਨਹੀਂ ਜਾ ਸਕਦਾ। ਪੰਜਾਬ ਸਮੇਤ ਹੋਰ ਰਾਜਾਂ ਦੀਆਂ ਸਟੇਜ ਕੈਰੇਜ ਪਰਮਿਟ ਵਾਲੀਆਂ ਬੱਸਾਂ ਦੇ ਦਿੱਲੀ ਏਅਰਪੋਰਟ ਤੱਕ ਜਾਣ ਦੀ ਮਨਾਹੀ ਦਿੱਲੀ ਸਰਕਾਰ ਦੀ ਨਹੀਂ ਸਗੋਂ ਸੁਪਰੀਮ ਕੋਰਟ ਵੱਲੋਂ ਲੱਗੀ ਹੋਈ ਹੈ।
ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਉਨਾਂ ਇਹ ਮਸਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਕੋਲ ਉਠਾਇਆ ਹੈ, ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਦਿੱਲੀ ਸਰਕਾਰ ਨੇ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਨੇੜੇ ਦਵਾਰਕਾ ‘ਚ ਇੱਕ ਨਵਾਂ ਆਈਐਸਬੀਟੀ ਸਥਾਪਿਤ ਕਰਨ ਦੀ ਤਜਵੀਜ਼ ਤਿਆਰ ਕੀਤੀ ਹੈ। ਇਸ ਮੌਕੇ ਉਨਾਂ ਨਾਲ ਆਮ ਆਦਮੀ ਪਾਰਟੀ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਅਰੋੜਾ, ‘ਆਪ‘ ਆਗੂ ਜਸਵੀਰ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ ਪਾਬਲਾ ਮੌਜੂਦ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …