
ਟਰੈਵਲ ਏਜੰਸੀ ਤੇ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਮੁਅੱਤਲ, ਨੋਟਿਸ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨ-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਇੱਥੋਂ ਦੇ ਫੇਜ਼-10 ਸਥਿਤ ਮੈਸਰਜ਼ ਟਰੈਵਲ ਏਜੰਸੀ ਤੇ ਕੋਚਿੰਗ ਇੰਸਟੀਚਿਊਟ ਬੀਸੀਸੀ ਫਰਮ, ਐਸਸੀਐਫ਼ ਨੰਬਰ-106, ਦੂਜੀ ਅਤੇ ਤੀਜੀ ਮੰਜ਼ਲ ਨੂੰ ਜਾਰੀ ਕੀਤਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੀਸੀਸੀ ਫ਼ਰਮ ਨੂੰ ਟਰੈਵਲ ਏਜੰਟ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਦੇ ਕਾਰਜਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ 30 ਅਕਤੂਬਰ 2023 ਤੱਕ ਸੀ। ਉਨ੍ਹਾਂ ਦੱਸਿਆ ਕਿ ਦਫ਼ਤਰ ਵੱਲੋਂ ਲਾਇਸੈਂਸੀ ਦੇ ਦਫ਼ਤਰੀ ਪਤੇ ’ਤੇ ਪੱਤਰ ਭੇਜਦੇ ਹੋਏ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਆਪਣੇ ਕਲਾਇੰਟਾਂ ਦੀ ਵੇਰਵਿਆਂ ਸਮੇਤ ਜਾਣਕਾਰੀ ਅਤੇ ਉਨ੍ਹਾਂ ਤੋਂ ਵਸੂਲ ਕੀਤੀ ਗਈ ਫੀਸ ਦੇ ਵੇਰਵੇ ਅਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਹੈ।
ਇਸ ਸਬੰਧੀ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਤ ਸੰਸਥਾ ਵੱਲੋਂ ਉਕਤ ਰਿਪੋਰਟਾਂ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਤਹਿਸੀਲਦਾਰ ਵੱਲੋਂ ਤਮੀਲੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਉਪਰੋਕਤ ਪ੍ਰਾਈਵੇਟ ਸੰਸਥਾ ਦਾ ਦਫ਼ਤਰ ਦਸਤਾਵੇਜ਼ਾਂ ਵਿੱਚ ਦਰਸਾਏ ਗਏ ਪਤੇ ਤੋਂ ਬੰਦ ਹੋ ਗਿਆ ਹੈ। ਜਿਸ ਕਾਰਨ ਉਕਤ ਫ਼ਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦੀ ਮੋਹਲਤ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਨਾ ਉਸ ਦਾ ਲਾਇਸੈਂਸ ਮੁੱਢੋਂ ਰੱਦ ਕਰ ਦਿੱਤਾ ਜਾਵੇ।