
ਟਰੈਵਲ ਏਜੰਸੀ ਫਲਾਈ ਰੂਟਸ ਕੰਸਲਟੈਂਸੀ ਦਾ ਲਾਇਸੈਂਸ ਮੁਅੱਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦਿਆਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਟਰੈਵਲ ਏਜੰਸੀ ਫਲਾਈ ਰੂਟਸ ਕੰਸਲਟੈਂਟ ਐਸਸੀਐਫ ਨੰਬਰ-114, ਦੂਜੀ ਮੰਜ਼ਲ, ਫੇਜ਼-3ਬੀ2 ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਏਡੀਸੀ ਮਿੱਤਲ ਨੇ ਦੱਸਿਆ ਕਿ ਫਲਾਈ ਰੂਟਸ ਕੰਸਲਟੈਂਟ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਸਰਕਾਰੀ ਨੇਮਾਂ ਤਹਿਤ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 26 ਅਗਸਤ 2023 ਤੱਕ ਹੈ। ਉਨ੍ਹਾਂ ਦੱਸਿਆ ਕਿ ਡੀਸੀ ਦਫ਼ਤਰ ਵੱਲੋਂ ਉਕਤ ਫਰਮ ਦੇ ਦਫ਼ਤਰੀ ਪਤੇ ਉੱਤੇ ਪੱਤਰ ਭੇਜਦੇ ਹੋਏ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਆਪਣੇ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਜਾਂਦੀ ਸਰਵਿਸ ਬਾਰੇ ਰਿਪੋਰਟ ਮੰਗੀ ਗਈ। ਇਸ ਸਬੰਧੀ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਫਰਮ ਵੱਲੋਂ ਉਕਤ ਰਿਪੋਰਟਾਂ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ।
ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲੀਸ ਐਨਆਰਆਈ ਵਿੰਗ ਪਟਿਆਲਾ ਵੱਲੋਂ ਉਕਤ ਫਰਮ ਸਬੰਧੀ ਦਰਖਾਸਤ ਦੀ ਪੜਤਾਲ ਬਾਬਤ ਪ੍ਰਾਪਤ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਫਰਮ ਦੇ ਪਤੇ ’ਤੇ ਦਰਖਾਸਤ ਦੀ ਪੜਤਾਲ ਸਬੰਧੀ ਜਾਰੀ ਪ੍ਰਵਾਨੇ ਦੀ ਤਮੀਲੀ ਕਰਮਚਾਰੀ ਦੀ ਰਿਪੋਰਟ ਮੁਤਾਬਕ ਫਰਮ ਦਾ ਦਫ਼ਤਰ ਬੰਦ ਪਾਇਆ ਗਿਆ ਹੈ। ਜਿਸ ਕਾਰਨ ਮੱੁਢਲੀ ਪੜਤਾਲ ਤੋਂ ਬਾਅਦ ਉਕਤ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਆਰਜ਼ੀ ਤੌਰ ’ਤੇ 30 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਫਰਮ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦੀ ਮੋਹਲਤ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਨਾ ਉਸ ਦਾ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਜਾਵੇ।