
ਸੀਨੀਅਰ ਪੁਲੀਸ ਅਫ਼ਸਰਾਂ ਦੇ ਨਾਂ ’ਤੇ 20 ਲੱਖ ਮੰਗਣ ਵਾਲਾ ਟਰੈਵਲ ਏਜੰਟ ਗ੍ਰਿਫ਼ਤਾਰ
ਮੁਹਾਲੀ ਪੁਲੀਸ ਨੇ ਅਣਅਧਿਕਾਰਤ ਇਮੀਗਰੇਸ਼ਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਪੁਲੀਸ ਨੇ ਅਣਅਧਿਕਾਰਤ ਇਮੀਗਰੇਸ਼ਨ ਕੰਸਲਟੈਂਟ ਦੀ ਆੜ ਵਿੱਚ ਭੋਲੇ ਨਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਇਸ ਸਬੰਧੀ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲੀਸ ਨੇ ਇੱਥੋਂ ਦੇ ਫੇਜ਼-11 ਥਾਣੇ ਵਿੱਚ ਇਮੀਗਰੇਸ਼ਨ ਏਜੰਟ ਤਰੁਣ ਕੁਮਾਰ ਵਾਸੀ ਕੁਰਾਲੀ ਦੇ ਖ਼ਿਲਾਫ਼ ਧਾਰਾ 406 ਅਤੇ 420 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਕਸਪਰਟ ਵੀਜਾ ਮਾਸਟਰ ਇਮੀਗਰੇਸ਼ਨ ਫੇਜ਼-9 ਦੇ ਮਾਲਕ ਅਤੇ ਸੰਕਸਮ ਇੰਟਰਪ੍ਰਾਈਜਿਜ਼ ਇਮੀਗਰੇਸ਼ਨ ਫੇਜ਼-11 ਦੇ ਹਿੱਸੇਦਾਰ ਦੇ ਖ਼ਿਲਾਫ਼ 29 ਅਕਤੂਬਰ 2020 ਨੂੰ ਫੇਜ਼-11 ਥਾਣੇ ਵਿੱਚ ਆਈਪੀਸੀ ਦੀ ਧਾਰਾ 406, 420, 465, 467, 468, 471 ਅਤੇ 120 ਬੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਪਰਚੇ ਨੂੰ ਕੈਂਸਲ ਕਰਵਾਉਣ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਂ ’ਤੇ 20 ਲੱਖ ਰੁਪਏ ਵਸੂਲ ਕਰਨ ਸਬੰਧੀ ਤੱਥ ਸਾਹਮਣੇ ਆਏ ਹਨ। ਜਿਸ ਕਾਰਨ ਇਮੀਗਰੇਸ਼ਨ ਏਜੰਟ ਤਰੁਣ ਕੁਮਾਰ ਦੇ ਖ਼ਿਲਾਫ਼ ਵੱਖਰੇ ਤੌਰ ’ਤੇ ਪੁਲੀਸ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਛਾਪੇਮਾਰੀ ਕਰਕੇ ਤਰੁਣ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਂ ’ਤੇ ਹਾਸਲ ਕੀਤੀ ਰਾਸ਼ੀ ’ਚੋਂ ਉਸ ਕੋਲੋਂ 13 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਇਸ ਤਰ੍ਹਾਂ ਦੀ ਕੀਤੀ ਗਈ ਹੋਰ ਧੋਖਾਧੜੀ ਸਬੰਧੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲੀਸ ਮੁਖੀ ਨੇ ਕਿਹਾ ਕਿ ਕਾਨੂੰਨ ਨਾਲ ਖਿਲਵਾੜ ਕਰਨ ਅਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਮੁਹਾਲੀ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਇਮੀਗਰੇਸ਼ਨ ਦਾ ਧੰਦਾ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਪੈਸੇ ਠੱਗਦਾ ਹੈ ਤਾਂ ਉਸ ਦੇ ਖ਼ਿਲਾਫ਼ ਤੁਰੰਤ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।