Nabaz-e-punjab.com

ਟਰੈਵਲ ਏਜੰਟ ਦੀ ਧੋਖਾਧੜੀ: ਮਲੇਸ਼ੀਆ ਦੀ ਜੇਲ੍ਹ ਵਿੱਚ 3 ਮਹੀਨੇ ਬੰਦ ਰਿਹਾ ਖੰਨਾ ਦਾ ਨੌਜਵਾਨ ਘਰ ਪਰਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਪੰਜਾਬ ਵਿੱਚ ਕੁਝ ਲਾਲਚੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਨੌਜਵਾਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਹੈਲਪਿੰਗ ਹੈਪਲੈਸ ਸੰਸਥਾ ਦੇ ਉਪਰਾਲਿਆਂ ਸਦਕਾ ਹਾਲ ਹੀ ਵਿੱਚ ਇਕ ਨੌਜਵਾਨ ਮਲੇਸ਼ੀਆ ਤੋਂ ਵਾਪਸ ਘਰ ਪਰਤਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਮਲੇਸ਼ੀਆ ਵਿੱਚ ਫਸੇ ਪੰਜਾਬੀ ਨੌਜਵਾਨ ਸੁਰਿੰਦਰ ਸਿੰਘ ਵਾਸੀ ਖੰਨਾ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕੇ ਸੁਰਿੰਦਰ ਸਿੰਘ ਇਕ ਏਜੰਟ ਰਾਹੀਂ ਰੁਜ਼ਗਾਰ ਦੀ ਭਾਲ ਵਿੱਚ ਮਲੇਸ਼ੀਆ ਗਿਆ ਸੀ, ਉੱਥੇ ਸੁਰਿੰਦਰ ਨੂੰ ਏਜੰਟ ਨੇ ਵਰਕ ਪਰਮਿਟ ਹੀ ਨਹੀਂ ਦਿੱਤਾ ਸਗੋਂ ਉੱਥੇ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਕੰਮ ’ਤੇ ਲਗਾ ਦਿੱਤਾ। ਜਿਸ ਦੇ ਚੱਲਦਿਆਂ ਇਮੀਗਰੇਸ਼ਨ ਨੇ ਉਸ ਨੂੰ ਫੜ੍ਹ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਜਦੋਂ ਨੌਜਵਾਨ ਦੇ ਮਾਪਿਆਂ ਨੂੰ ਇਹ ਸੂਚਨਾ ਮਿਲੀ ਤਾਂ ਪੀੜਤ ਪਰਿਵਾਰ ਨੇ ਬੀਬੀ ਰਾਮੂਵਾਲੀਆ ਨਾਲ ਤਾਲਮੇਲ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਮਗਰੋਂ ਬੀਬੀ ਰਾਮੂਵਾਲੀਆ ਨੇ ਭਾਰਤੀ ਅੰਬੈਂਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਪੱਤਰ ਲਿਖ ਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਅਤੇ ਪੀੜਤ ਨੌਜਵਾਨ ਨੂੰ ਸਹੀ ਸਲਾਮਤ ਮਲੇਸ਼ੀਆ ਦੀ ਜੇਲ੍ਹ ’ਚੋਂ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ।
ਸੁਰਿੰਦਰ ਸਿੰਘ ਨੇ ਦੱਸਿਆ ਕੇ ਉਸ ਦੇ ਨਾਲ ਏਜੰਟ ਨੇ ਧੋਖਾ ਕੀਤਾ ਅਤੇ ਉਸ ਨੂੰ ਮਲੇਸ਼ੀਆ ਵਿੱਚ ਮਰਨ ਲਈ ਛੱਡ ਦਿੱਤਾ। ਫਿਰ ਉੱਥੇ ਇਕ ਏਜੰਟ ਨੇ ਉਸ ਨੂੰ ਗਲਤ ਤਰੀਕੇ ਨਾਲ ਕੰਮ ’ਤੇ ਲਗਵਾ ਦਿੱਤਾ ਅਤੇ ਉਸ ਤੋਂ 10 ਹਜ਼ਾਰ ਰੁਪਏ ਅਤੇ ਪਾਸਪੋਰਟ ਵੀ ਲੈ ਲਿਆ। ਉਨ੍ਹਾਂ ਦੱਸਿਆ ਕਿ ਏਜੰਟ ਨੇ ਵਿਦੇਸ਼ੀ ਮੁਲਕ ਵਿੱਚ ਉਸ ਨੂੰ ਜਿੱਥੇ ਕੰਮ ’ਤੇ ਲਗਵਾਇਆ ਸੀ ਉਹ ਉਸ ਨੂੰ ਪੈਸੇ ਵੀ ਨਹੀਂ ਦਿੰਦੇ ਸੀ ਅਤੇ ਪੈਸੇ ਮੰਗਣ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਸ ਮਗਰੋਂ ਉਹ ਇਕ ਹੋਰ ਏਜੰਟ ਦੇ ਧੱਕੇ ਚੜ੍ਹ ਗਿਆ। ਜਿਸ ਨੇ ਉਸ ਨੂੰ ਸਕਿਉਰਿਟੀ ਗਾਰਡ ਦੇ ਕੰਮ ’ਤੇ ਰੱਖ ਲਿਆ। ਇਕ ਦਿਨ ਉੱਥੇ ਇਮੀਗਰੇਸ਼ਨ ਦੀ ਰੇਡ ਪੈ ਗਈ ਅਤੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਉਹ 3 ਮਹੀਨੇ ਜੇਲ੍ਹ ਵਿੱਚ ਰਿਹਾ। ਫਿਰ ਉਸ ਨੇ ਮਾਪਿਆ ਨੇ ਹੈਲਪਿੰਗ ਹੈਪਲੈਸ ਸੰਸਥਾ ਨਾਲ ਸੰਪਰਕ ਕੀਤਾ ਅਤੇ ਬੀਬੀ ਰਾਮੂਵਾਲੀਆ ਦੀ ਯਤਨਾਂ ਸਦਕਾ ਉਹ ਵਾਪਸ ਆਪਣੇ ਘਰ ਪਹੁੰਚ ਸਕਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…