ਟਰੈਵਲ ਏਜੰਟ ਨੇ ਡੌਂਕੀ ਰਾਹੀਂ ਅਮਰੀਕਾ ਭੇਜਿਆ ਮੁਹਾਲੀ ਦਾ ਨੌਜਵਾਨ ਮੈਕਸੀਕੋ ’ਚ ਫਸਿਆ

ਨੌਜਵਾਨ ਨੇ ਪਰਿਵਾਰ ਨੂੰ ਫੋਨ ਕਰਕੇ ਲਗਾਈ ਮਦਦ ਦੀ ਗੁਹਾਰ, ਲੜਕੀ ਸਮੇਤ ਤਿੰਨ ਜਣਿਆਂ ਵਿਰੁੱਧ ਕੇਸ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 11 ਫਰਵਰੀ:
ਟਰੈਵਲ ਏਜੰਟ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆ ਬਣ ਰਹੀਆਂ ਹਨ ਅਤੇ ਨਿੱਤ ਦਿਨ ਅਜਿਹੇ ਖ਼ੁਲਾਸੇ ਹੋ ਰਹੇ ਹਨ। ਮੁਹਾਲੀ ਵਿੱਚ ਵੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਵੱਲੋਂ ਡੌਂਕੀ ਰਾਹੀਂ ਅਮਰੀਕਾ ਭੇਜਿਆ ਮੁਹਾਲੀ ਦਾ ਨੌਜਵਾਨ ਮਾਨਵ ਮੈਕਸੀਕੋ ਵਿੱਚ ਜਾ ਕੇ ਫਸ ਗਿਆ ਹੈ ਅਤੇ ਉਸ ਦੇ ਮਾਪੇ ਕਾਫ਼ੀ ਚਿੰਤਤ ਹਨ।
ਇਸ ਸਬੰਧੀ ਮੁਹਾਲੀ ਪੁਲੀਸ ਨੇ ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਇੱਕ ਮਹਿਲਾ ਟਰੈਵਲ ਏਜੰਟ ਸਮੇਤ ਤਿੰਨ ਜਣਿਆਂ ਵਿਰੁੱਧ ਧਾਰਾ 318 (4), 61 (2) ਅਤੇ ਇਮੀਗਰੇਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਿੰਕੂ ਵਾਸੀ ਪਿੰਡ ਕਾਂਸਲ (ਮੁਹਾਲੀ), ਗੁਰਜਿੰਦਰ ਸਿੰਘ ਵਾਸੀ ਪਿੰਡ ਨਨਿਊਲਾ (ਅੰਬਾਲਾ) ਅਤੇ ਮੁਕੁਲ ਵਾਸੀ ਪਿੰਡ ਇਸਲਾਮਾਬਾਦ (ਹਰਿਆਣਾ) ਵਜੋਂ ਹੋਈ ਹੈ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਾਨਵ ਵਾਸੀ ਫੇਜ਼-11 ਨੂੰ ਅਮਰੀਕਾ ਭੇਜਿਆ ਗਿਆ ਸੀ, ਜੋ ਇਸ ਸਮੇਂ ਮੈਕਸੀਕੋ ਸ਼ਹਿਰ ਵਿੱਚ ਹੋਰਨਾਂ ਨੌਜਵਾਨਾਂ ਸਮੇਤ ਫਸਿਆ ਹੋਇਆ ਹੈ। ਉਸ ਨੇ ਆਪਣੇ ਪਰਿਵਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਮਮਤਾ ਰਾਣੀ ਵਾਸੀ ਫੇਜ਼-11 ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ ਰਿੰਕੂ ਨਾਂ ਦੀ ਲੜਕੀ ਕਰੀਬ ਦੋ ਸਾਲ ਪਹਿਲਾਂ ਉਸ ਨੂੰ ਉਸ ਦੀ ਸਹੇਲੀ ਦੇ ਘਰ ਮਿਲੀ ਸੀ, ਬਾਅਦ ਵਿੱਚ ਦੋਵਾਂ ਵਿੱਚ ਕਾਫ਼ੀ ਨੇੜਤਾ ਹੋ ਗਈ। ਫਰਵਰੀ 2024 ਵਿੱਚ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਬੇਟੇ ਮਾਨਵ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ। ਰਿੰਕੂ ਦਾ ਕਹਿਣਾ ਸੀ ਕਿ ਉਸ ਦਾ ਬੇਟਾ ਵੀ ਅਮਰੀਕਾ ਵਿੱਚ ਹੈ, ਜਿਸ ਨੂੰ ਉਸ ਦੀ ਭੂਆ ਦੇ ਲੜਕੇ ਗੁਰਜਿੰਦਰ ਸਿੰਘ ਨੇ ਅਮਰੀਕਾ ਭੇਜਿਆ ਸੀ।
ਸ਼ਿਕਾਇਤਕਰਤਾ ਅਨੁਸਾਰ ਮਹਿਲਾ ਏਜੰਟ ਰਿੰਕੂ ਨੇ ਬਾਅਦ ਵਿੱਚ ਘਰ ਸੱਦ ਕੇ ਉਨ੍ਹਾਂ ਦੀ ਗੁਰਜਿੰਦਰ ਸਿੰਘ ਨਾਲ ਗੱਲ ਕਰਵਾਈ ਗਈ। ਗੁਰਜਿੰਦਰ ਨੇ ਉਨ੍ਹਾਂ ਨੂੰ ਕਿਹਾ ਕਿ ਮਾਨਵ ਨੂੰ ਅਮਰੀਕਾ ਇੱਕ ਨੰਬਰ ਵਿੱਚ ਭੇਜਣ ਲਈ 30 ਲੱਖ ਰੁਪਏ ਲੱਗਣਗੇ। ਉਸ ਨੇ ਰਿੰਕੂ ਦੇ ਕਹਿਣ ’ਤੇ ਗੁਰਜਿੰਦਰ ਸਿੰਘ ਨੂੰ ਆਪਣੇ ਪੁੱਤ ਮਾਨਵ ਦਾ ਪਾਸਪੋਰਟ, ਆਪਣਾ ਪਾਸਪੋਰਟ ਅਤੇ ਤਿੰਨ ਲੱਖ ਰੁਪਏ ਨਗਦ ਦੇ ਦਿੱਤੇ। ਇਸ ਦੌਰਾਨ 18 ਜੁਲਾਈ 2024 ਨੂੰ ਏਜੰਟ ਗੁਰਜਿੰਦਰ ਸਿੰਘ ਉਸ ਦੇ ਬੇਟੇ ਮਾਨਵ ਨੂੰ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਲੈ ਕੇ ਗਿਆ। ਇਸ ਮਗਰੋਂ ਗੁਰਜਿੰਦਰ ਸਿੰਘ ਨੇ ਉਨ੍ਹਾਂ ਕੋਲੋਂ 15 ਲੱਖ ਰੁਪਏ ਹੋਰ ਮੰਗੇ ਅਤੇ ਉਸ ਨੇ ਗੁਰਜਿੰਦਰ ਨੂੰ ਆਪਣੇ ਘਰ 15 ਲੱਖ ਰੁਪਏ ਨਗਦ ਦਿੱਤੇ, ਕਿਉਂਕਿ ਗੁਰਜਿੰਦਰ ਨੇ ਆਪਣੇ ਖਾਤੇ ਵਿੱਚ ਪੈਸੇ ਪੁਆਉਣ ਤੋਂ ਮਨਾਂ ਕਰ ਦਿੱਤਾ ਸੀ। ਗੁਰਜਿੰਦਰ ਸਿੰਘ ਨੇ ਮਾਨਵ ਨੂੰ ਡਾਲਰ ਦੇਣ ਦਾ ਕਹਿ ਕੇ ਮੁੜ ਢਾਈ ਲੱਖ ਰੁਪਏ ਹੋਰ ਵਸੂਲ ਲਏ। ਇਸ ਕੰਮ ਲਈ ਉਸ ਨੇ ਬਲਟਾਣਾ ਵਿਚਲਾ ਮਕਾਨ ਵੇਚ ਕੇ ਸਾਰੇ ਪੈਸੇ ਏਜੰਟ ਨੂੰ ਦੇ ਦਿੱਤੇ ਅਤੇ ਉਹ ਮਾਨਵ ਨੂੰ ਆਪਣੇ ਨਾਲ ਲੈ ਗਿਆ।
ਇਸ ਮਗਰੋਂ ਮਾਨਵ ਨੇ ਫੋਨ ’ਤੇ ਦੱਸਿਆ ਕਿ ਉਸ ਨੂੰ ਗੁਰਜਿੰਦਰ ਸਿੰਘ ਨੇ ਡੌਂਕੀ ਰਾਹੀਂ ਪਨਾਮਾ ਦੇ ਜੰਗਲਾਂ ਰਾਹੀਂ ਮੈਕਸੀਕੋ ’ਚੋਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਈ ਹੋਰਨਾਂ ਨੌਜਵਾਨਾਂ ਨਾਲ ਮੈਕਸੀਕੋ ਵਿੱਚ ਫਸੇ ਹੋਏ ਹਨ। ਹੁਣ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਬਦਲੇ ਵਿੱਚ 25 ਲੱਖ ਰੁਪਏ ਮੰਗੇ ਜਾ ਰਹੇ ਹਨ। ਮਾਨਵ ਦਾ ਪਾਸਪੋਰਟ ਵੀ ਗੁਰਜਿੰਦਰ ਸਿੰਘ ਕੋਲ ਹੈ।
ਇਹ ਜਾਣਕਾਰੀ ਮਿਲਣ ’ਤੇ ਪੀੜਤ ਮਾਂ ਨੇ ਗੁਰਜਿੰਦਰ ਸਿੰਘ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਮਾਨਵ ਨੇ ਇੱਕ ਹੋਰ ਏਜੰਟ ਮੁਕੁਲ ਦਾ ਫੋਨ ਨੰਬਰ ਦਿੱਤਾ ਅਤੇ ਕਿਹਾ ਕਿ ਇਹ ਵੀ ਗੁਰਜਿੰਦਰ ਸਿੰਘ ਦਾ ਹਿੱਸੇਦਾਰ ਹੈ। ਉਸ ਨੇ ਮੁਕੁਲ ਨੂੰ ਫੋਨ ਕੀਤਾ ਤਾਂ ਉਸ ਨੇ ਧਮਕੀ ਦਿੱਤੀ ਕਿ ਜੇ ਪੁੱਤ ਚਾਹੀਦਾ ਹੈ ਤਾਂ 25 ਲੱਖ ਰੁਪਏ ਤਾਂ ਉਹ ਉਸ ਦੇ ਘਰ ਦੇਣ ਚਲ ਕੇ ਆਵੇਗੀ। ਫੇਜ਼-11 ਥਾਣੇ ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਟਰੈਵਲ ਏਜੰਟਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗਿਆਨੀ ਹਰਪ੍ਰੀਤ ਸਿੰਘ ਨੂੰ ਬੇਬੁਨਿਆਦ ਦੋਸ਼ ਲਗਾ ਕੇ ਸੇਵਾਵਾਂ ਤੋਂ ਫ਼ਾਰਗ ਕਰਨਾ ਮੰਦਭਾਗਾ: ਬੀਬੀ ਰਾਮੂਵਾਲੀਆ

ਗਿਆਨੀ ਹਰਪ੍ਰੀਤ ਸਿੰਘ ਨੂੰ ਬੇਬੁਨਿਆਦ ਦੋਸ਼ ਲਗਾ ਕੇ ਸੇਵਾਵਾਂ ਤੋਂ ਫ਼ਾਰਗ ਕਰਨਾ ਮੰਦਭਾਗਾ: ਬੀਬੀ ਰਾਮੂਵਾਲੀਆ ਨ…