ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਫੇਜ਼-3ਬੀ2 ਵਿੱਚ ਮੁੱਖ ਸੜਕ ਕਿਨਾਰੇ ਦਿੱਤਾ ਧਰਨਾ

ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਤੱਕ ਪੱਕਾ ਧਰਨਾ ਲਗਾਉਣ ਦਾ ਐਲਾਨ, ਪੁਲੀਸ ਨੂੰ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪਿਛਲੇ ਦਿਨੀ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਨਾਲ ਠੱਗੀ ਮਾਰਨ ਦੇ ਦੋਸ਼ਾਂ ਦਾ ਸਾਮ੍ਹਣਾ ਕਰ ਰਹੀ ਟਰੈਵਲ ਏਜੰਟ ਕੋਲ ਵਿਦੇਸ਼ ਜਾਣ ਲਈ ਪੈਸੇ ਜਮ੍ਹਾਂ ਕਰਵਾਉਣ ਵਾਲੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਵੱਲੋਂ ਅੱਜ ਬਾਅਦ ਦੁਪਹਿਰ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਤੇ ਤਰਕਸ਼ੀਲ ਆਗੂ ਸਤਨਾਮ ਦਾਉਂ ਦੀ ਅਗਵਾਈ ਵਿੱਚ ਫੇਜ਼-3ਬੀ2 ਦੀ ਮਾਰਕੀਟ ਅਤੇ ਰੋਜ ਗਾਰਡਨ ਦੇ ਸਾਹਮਣੇ ਤੋਂ ਲੰਘਦੀ ਮੁੱਖ ਸੜਕ ਦੇ ਕਿਨਾਰੇ ਪੱਕਾ ਧਰਨਾ ਲਗਾ ਦਿੱਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਜਦੋਂ ਤਕ ਪੁਲੀਸ ਵਲੋੱ ਉਕਤ ਕੰਪਨੀ ਦੇ ਮਾਲਕ ਏਜੰਟ ਨੂੰ ਕਾਬੂ ਨਹੀਂ ਕੀਤਾ ਜਾਵੇਗਾ ਇਹ ਧਰਨਾ ਜਾਰੀ ਰਹੇਗਾ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੁਲੀਸ ਵੱਲੋਂ ਇਸ ਟਰੈਵਲ ਏਜੰਟ ਦੇ ਖ਼ਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਦੋ ਦਰਜਨ ਦੇ ਕਰੀਬ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪ੍ਰੰਤੂ ਇਸਦੇ ਬਾਵਜੂਦ ਪੁਲੀਸ ਵਲੋੱ ਇਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਅਤੇ ਇਹ ਧਰਨਾ ਹੁਣ ਉਦੋੱ ਹੀ ਉਠੇਗਾ ਜਦੋਂ ਏਜੰਟ ਦੀ ਗ੍ਰਿਫਤਾਰੀ ਹੋ ਜਾਵੇਗੀ।
ਇਸ ਮੌਕੇ ਗੱਲ ਕਰਦਿਆਂ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇਸ ਟਰੈਵਲ ਏਜੰਸੀ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਵੱਡੀ ਗਿਣਤੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਇਸਦੀ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਇਸ ਸਮੇਂ ਧਰਨੇ ਵਿੱਚ ਬੈਠੇ ਹਨ ਇਹ ਉਹ ਨੌਜਵਾਨ ਹਨ, ਜਿਹਨਾਂ ਨੇ ਵਿਦੇਸ਼ ਜਾਣ ਲਈ ਇਸ ਟਰੈਵਲ ਏਜੰਟ ਕੋਲ ਲੱਖਾਂ ਰੁਪਏ ਜਮਾ ਕਰਵਾਏ ਪਰ ਇਸਨੇ ਨਾ ਤਾਂ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਇਹਨਾਂ ਦੇ ਪੈਸੇ ਵਾਪਸ ਕੀਤੇ ਗਏ। ਉਹਨਾਂ ਕਿਹਾ ਕਿ ਜਦੋਂ ਇਹ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਇਸ ਟ੍ਰੈਵਲ ਏਜੰਸੀ ਤੋਂ ਪੈਸੇ ਵਾਪਸ ਮੰਗਣ ਜਾਂਦੇ ਸਨ ਤਾਂ ਇਸ ਏਜੰਸੀ ਦੇ ਮਾਲਕ ਵਲੋੱ ਰੱਖੇ ਗਏ ਬਾਊੱਸਰ ਉਹਨਾਂ ਨਾਲ ਦੁਰਵਿਵਹਾਰ ਕਰਦੇ ਸਨ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਟ੍ਰੈਵਲ ਏਜੰਸੀ ਦੇ ਮਾਲਕ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਕਿ ਉਸਦੇ ਪੁਲੀਸ ਅਧਿਕਾਰੀਆਂ ਨਾਲ ਸਬੰਧ ਹਨ ਅਤੇ ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਉਹਨਾਂ ਕਿਹਾ ਕਿ ਇਸ ਏਜੰਟ ਦੀ ਲਗਜਰੀ ਕਾਰ ਵੀ ਬੀਤੇ ਦਿਨੀਂ ਉਸਦੀ ਠੱਗੀ ਦੇ ਸ਼ਿਕਾਰ ਲੋਕਾਂ ਵੱਲੋਂ ਪੁਲੀਸ ਨੂੰ ਫੜਾਈ ਗਈ ਹੈ ਪਰੰਤੂ ਪੁਲੀਸ ਏਜੰਟ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਉਹ ਇਨਸਾਫ ਦੀ ਪ੍ਰਾਪਤੀ ਤਕ ਇੱਥੇ ਧਰਨੇ ਉੱਪਰ ਬੈਠੇ ਰਹਿਣਗੇ ਅਤੇ ਜੇਕਰ ਉਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਉਹਨਾਂ ਵਲੋੱ ਲੜੀਵਾਰ ਭੁੱਖ ਹੜਤਾਲ ਵੀ ਕੀਤੀ ਜਾਵੇਗੀ। ਇਸ ਮੌਕੇ ਧਰਨਾ ਕਾਰੀਆਂ ਨੇ ਇਸ ਟ੍ਰੈਵਲ ਏਜੰਟ ਅਤੇ ਪੁਲੀਸ ਵਿਰੁੱਧ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਹੁਸ਼ਿਆਰਪੁਰ ਤੋਂ ਆਏ ਵਿਕਟਰ ਮਸੀਹ, ਯੂਪੀ ਦੇ ਬੁਲੰਦ ਸ਼ਹਿਰ ਤੋਂ ਆਏ ਮੋਹਸਿਨ, ਤਾਹਿਰ, ਮੂਵਿਮ ਅੰਸਾਰੀ, ਤਾਲਿਮ, ਯੂਪੀ ਦੇ ਬਿਜਨੌਰ ਤੋਂ ਆਏ ਆਰਿਫ, ਯੂਪੀ ਦੇ ਹੀ ਜੌਨਪੁਰ ਸ਼ਹਿਰ ਤੋਂ ਆਏ ਰਾਮ ਧਨੀ ਸਮੇਤ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਅਨੇਕਾਂ ਹੀ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਇਸ ਟ੍ਰੈਵਲ ਏਜੰਸੀ ਨੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਲੱਖਾਂ ਰੁਪਏ ਲੈ ਲਏ ਪਰ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਇਹ ਟ੍ਰੈਵਲ ਏਜੰਸੀ ਵਾਲਾ ਆਪਣੇ ਦਫਤਰ ਨੂੰ ਤਾਲਾ ਲਗਾ ਕੇ ਭੱਜ ਗਿਆ ਹੈ ਅਤੇ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਧਰਨਾ ਦੇਣ ਲਈ ਮਜਬੂਰ ਹਨ। ਉਹਨਾਂ ਮੰਗ ਕੀਤੀ ਕਿ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਨਾਲ ਠੱਗੀ ਮਾਰਨ ਵਾਲੇ ਇਸ ਟ੍ਰੈਵਲ ਏੰਜੰਸੀ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਥਾਣਾ ਮਟੌਰ ਦੇ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਟ੍ਰੈਵਲ ਏਜੰਸੀ ਦੇ ਮਾਲਕ ਦੇ ਖ਼ਿਲਾਫ਼ ਵੱਖ ਵੱਖ ਲੋਕਾਂ ਦੀਆਂ ਸ਼ਿਕਾਇਤਾਂ ਤੇ ਕਈ ਮਾਮਲੇ ਦਰਜ ਕੀਤੇ ਗਏ ਹਨ ਅਤੇ ਪੁਲੀਸ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਟ੍ਰੈਵਲ ਏਜੰਟ ਦੀ ਗੱਡੀ ਬਾਰੇ ਉਹਨਾਂ ਕਿਹਾ ਕਿ ਪੁਲੀਸ ਵਲੋੱ ਇਹ ਕਾਰ ਫੜੀ ਗਈ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਟ੍ਰੈਵਲ ਏਜੰਟ ਦੇ ਪੀੜਿਤਾਂ ਨੂੰ ਚਾਹੀਦਾ ਹੈ ਕਿ ਧਰਨਾ ਲਗਾਉਣ ਦੀ ਥਾਂ ਪੁਲੀਸ ਨਾਲ ਸਹਿਯੋਗ ਕਰਨ ਅਤੇ ਪੁਲੀਸ ਵੱਲੋਂ ਇਸ ਏਜੰਟ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…